ਚੰਡੀਗੜ੍ਹ (ਭੁੱਲਰ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਸੰਸਦ ਮੈਂਬਰਾਂ ਦੀ ਬੁਲਾਈ ਗਈ ਸਰਵਪਾਰਟੀ ਬੈਠਕ ਜ਼ਿਆਦਾਤਰ ਮੈਂਬਰਾਂ ਦੇ ਸ਼ਾਮਲ ਨਾ ਹੋਣ ਕਾਰਨ ਸਫਲ ਨਹੀਂ ਹੋਈ। ਰਾਜ ਨਾਲ ਸਬੰਧਤ ਕੁਲ 20 ਸੰਸਦ ਮੈਂਬਰਾਂ 'ਚੋਂ ਸਿਰਫ 4 ਹੀ ਬੈਠਕ 'ਚ ਸ਼ਾਮਲ ਹੋਏ। ਜ਼ਿਕਰਯੋਗ ਹੈ ਕਿ ਕਾਂਗਰਸ ਦੇ ਤਿੰਨੇ ਹੀ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ, ਸ਼ਮਸ਼ੇਰ ਸਿੰਘ ਦੂਲੋ, ਅੰਬਿਕਾ ਸੋਨੀ ਅਤੇ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਵੀ ਇਸ ਬੈਠਕ ਤੋਂ ਦੂਰ ਰਹੇ। ਅਕਾਲੀ ਦਲ, ਭਾਜਪਾ ਤੇ 'ਆਪ' ਵੱਲੋਂ ਤਾਂ ਪਹਿਲਾਂ ਹੀ ਇਸ ਬੈਠਕ ਦਾ ਬੀਤੇ ਦਿਨੀਂ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ ਗਿਆ ਸੀ। ਬੈਠਕ ਤੋਂ ਗੈਰ-ਹਾਜ਼ਰ ਰਹਿਣ ਵਾਲੇ ਮੈਂਬਰਾਂ ਨੂੰ ਇਸ ਗੱਲ 'ਤੇ ਹੀ ਮੁੱਖ ਇਤਰਾਜ਼ ਸੀ ਕਿ ਬੈਠਕ ਦੀ ਪ੍ਰਧਾਨਗੀ ਨਿਰਧਾਰਿਤ ਪ੍ਰੋਗਰਾਮ ਮੁਤਾਬਕ ਮੁੱਖ ਮੰਤਰੀ ਕੈਪ. ਅਮਰਿੰਦਰ ਸਿੰਘ ਨਹੀਂ ਕਰ ਰਹੇ। ਇਸ ਬੈਠਕ ਦੀ ਪ੍ਰਧਾਨਗੀ ਕੈਪਟਨ ਨੇ ਹੀ ਕਰਨੀ ਸੀ ਪਰ ਪਾਰਟੀ ਦੇ ਰਾਜ ਸਭਾ ਮੈਂਬਰ ਬਾਜਵਾ ਤੇ ਦੂਲੋ ਦੇ ਰੁਖ ਨੂੰ ਵੇਖਦੇ ਹੋਏ ਉਨ੍ਹਾਂ ਬੈਠਕ ਦੀ ਪ੍ਰਧਾਨਗੀ ਦੀ ਜ਼ਿੰਮੇਵਾਰੀ ਸੀਨੀਅਰ ਮੰਤਰੀ ਬ੍ਰਹਮ ਮਹਿੰਦਰਾ ਨੂੰ ਸੌਂਪ ਦਿੱਤੀ। ਬਾਜਵਾ ਨੇ ਤਾਂ ਜਨਤਕ ਤੌਰ 'ਤੇ ਇਹ ਐਲਾਨ ਕਰ ਦਿੱਤਾ ਸੀ ਕਿ ਉਹ ਇਸ ਬੈਠਕ 'ਚ ਰਾਜ ਸਰਕਾਰ ਵੱਲੋਂ ਗੰਨੇ ਦਾ ਮੁੱਲ ਨਾ ਵਧਾਏ ਜਾਣ ਦਾ ਮੁੱਦਾ ਉਠਾਉਣਗੇ। ਸੂਤਰਾਂ ਮੁਤਾਬਕ ਇਸ ਦੇ ਮੱਦੇਨਜ਼ਰ ਹੀ ਕੈਪਟਨ ਨੇ ਬੈਠਕ ਤੋਂ ਬਾਹਰ ਰਹਿਣ ਦਾ ਫੈਸਲਾ ਕੀਤਾ ਸੀ। ਰਾਜ ਦੇ ਸੰਸਦ ਮੈਂਬਰਾਂ ਦੀ ਸਰਵਪਾਰਟੀ ਬੈਠਕ ਕੇਂਦਰ ਨਾਲ ਸਬੰਧਤ ਮੁੱਦਿਆਂ ਨੂੰ ਲੈ ਕੇ ਬੁਲਾਈ ਗਈ ਸੀ। ਬੈਠਕ ਦਾ ਮੁੱਖ ਮਕਸਦ ਰਾਜ ਦੇ ਹਿੱਤ ਦੇ ਮੁੱਦੇ ਲੋਕ ਸਭਾ 'ਚ ਸਾਰੇ ਮੈਂਬਰ ਪਾਰਟੀ ਸਿਆਸਤ ਤੋਂ ਉਠ ਕੇ ਤਾਲਮੇਲ ਨਾਲ ਉਠਾ ਸਕਣ। ਬੈਠਕ ਦੇ ਏਜੰਡੇ 'ਚ 26 ਨੁਕਤੇ ਸ਼ਾਮਲ ਸਨ। ਜ਼ਿਆਦਾਤਰ ਸੰਸਦ ਮੈਂਬਰਾਂ ਦੇ ਇਸ ਬੈਠਕ 'ਚ ਸ਼ਾਮਲ ਨਾ ਹੋਣ ਕਾਰਨ ਇਸ ਬੈਠਕ ਦਾ ਉਦੇਸ਼ ਪੂਰਾ ਨਹੀਂ ਹੋ ਸਕਿਆ। ਬੇਸ਼ੱਕ ਇਸ 'ਚ ਸ਼ਾਮਲ ਕੁਝ ਸੰਸਦ ਮੈਂਬਰਾਂ ਤੇ ਰਾਜ ਸਰਕਾਰ ਦੇ ਉਚ ਅਧਿਕਾਰੀਆਂ ਨੇ ਏਜੰਡੇ 'ਤੇ ਵਿਚਾਰ ਚਰਚਾ ਜ਼ਰੂਰ ਕੀਤੀ ਹੈ। ਭਵਿੱਖ 'ਚ ਮੁੜ ਅਜਿਹੀ ਬੈਠਕ ਬੁਲਾਉਣ ਦਾ ਯਤਨ ਕੀਤਾ ਜਾਵੇਗਾ।
ਬ੍ਰਹਮ ਮਹਿੰਦਰਾ ਦੀ ਪ੍ਰਧਾਨਗੀ 'ਚ ਹੋਈ ਅੱਜ ਬੈਠਕ 'ਚ ਸ਼ਾਮਲ ਕਾਂਗਰਸੀ ਮੈਂਬਰਾਂ ਸੁਨੀਲ ਜਾਖੜ, ਗੁਰਜੀਤ ਸਿੰਘ ਔਜਲਾ, ਚੌਧਰੀ ਸੰਤੋਖ ਸਿੰਘ ਤੇ 'ਆਪ' ਦੇ ਮੁਅੱਤਲ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਕੇਂਦਰ ਨਾਲ ਜੁੜੇ ਮੁੱਦਿਆਂ 'ਤੇ ਆਪਣੇ ਸੁਝਾਅ ਰੱਖਦੇ ਹੋਏ ਭਵਿੱਖ 'ਚ ਸਾਰੇ ਮੈਂਬਰਾਂ ਨੂੰ ਨਾਲ ਲੈ ਕੇ ਇਹ ਸਿਲਸਿਲਾ ਜਾਰੀ ਰੱਖਣ 'ਤੇ ਸਹਿਮਤੀ ਜਤਾਈ।
ਪਹਿਲੀ ਵਾਰ ਹੋਇਆ ਯਤਨ : ਬ੍ਰਹਮ ਮਹਿੰਦਰਾ—ਸੰਸਦ ਮੈਂਬਰ ਕਿਸੇ ਇਕ ਪਾਰਟੀ ਦਾ ਨਹੀਂ ਹੁੰਦਾ ਅਤੇ ਰਾਜ ਦੇ ਸੰਸਦ ਮੈਂਬਰਾਂ ਦੀ ਅਜਿਹੀ ਸਰਵਪਾਰਟੀ ਬੈਠਕ ਬੁਲਾਉਣ ਦਾ ਯਤਨ ਪਹਿਲੀ ਵਾਰ ਹੋਇਆ ਹੈ। ਅਕਾਲੀ-ਭਾਜਪਾ ਦੇ 10 ਸਾਲ ਦੇ ਕਾਰਜਕਾਲ 'ਚ ਅਜਿਹੀ ਬੈਠਕ ਬੁਲਾਉਣ ਬਾਰੇ 'ਚ ਸੱਤਾ ਧਿਰ ਦੇ ਲੋਕਾਂ ਨੇ ਸੋਚਿਆ ਤੱਕ ਨਹੀਂ। ਰਾਜ ਦੇ ਵਿਕਾਸ ਲਈ ਪਾਰਟੀ ਲਾਈਨ ਤੋਂ ਉਪਰ ਉਠ ਕੇ ਕੰਮ ਕਰਨ ਦੀ ਲੋੜ ਹੈ।
ਇਹ ਤਾਂ ਇਕ ਸ਼ੁਰੂਆਤ ਸੀ : ਸੁਨੀਲ ਜਾਖੜ—ਗੁਰਦਾਸਪੁਰ ਦੇ ਸੰਸਦ ਮੈਂਬਰ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਇਸ ਬੈਠਕ ਨੂੰ ਬੁਲਾਉਣ ਦੇ ਪਿੱਛੇ ਕੋਈ ਰਾਜਨੀਤੀ ਨਹੀਂ ਸੀ ਸਗੋਂ ਕੇਂਦਰ ਨਾਲ ਜੁੜੇ ਪੰਜਾਬ ਦੇ ਮੁੱਦਿਆਂ 'ਤੇ ਸਾਰੀਆਂ ਪਾਰਟੀਆਂ ਦੇ ਮੈਂਬਰਾਂ ਵੱਲੋਂ ਰਚਨਾਤਮਕ ਚਰਚਾ ਲਈ ਪਹਿਲੀ ਕੋਸ਼ਿਸ਼ ਸੀ। ਏਜੰਡੇ 'ਚ ਅਜਿਹੇ ਮਹੱਤਵਪੂਰਨ ਮੁੱਦੇ ਸ਼ਾਮਲ ਸਨ, ਜਿਨ੍ਹਾਂ ਨੂੰ ਸਿਆਸਤ ਤੋਂ ਉਪਰ ਉਠ ਕੇ ਮਿਲ ਕੇ ਕੇਂਦਰ ਤੋਂ ਹੱਲ ਕਰਵਾਇਆ ਜਾ ਸਕਦਾ ਹੈ। ਬੈਠਕ ਦੀ ਪ੍ਰਧਾਨਗੀ ਮਹਿੰਦਰਾ ਵੱਲੋਂ ਕਰਨ ਦਾ ਵਿਰੋਧ ਵੀ ਵਾਜਿਬ ਨਹੀਂ ਕਿਉਂਕਿ ਉਹ 8 ਵਾਰ ਵਿਧਾਇਕ ਬਣੇ ਹਨ ਅਤੇ ਉਹ ਇਸ ਸਮੇਂ ਕੈਪਟਨ ਦੇ ਸੀਨੀਅਰ ਮੰਤਰੀ ਹਨ।
ਆਂਗਣਵਾੜੀ ਵਰਕਰਾਂ ਦੇ ਇਕੱਠ ਅੱਗੇ ਪੁਲਸ ਹੋਈ ਬੇਵੱਸ
NEXT STORY