ਮੋਗਾ, (ਅਾਜ਼ਾਦ)- ਥਾਣਾ ਧਰਮਕੋਟ ਅਧੀਨ ਪੈਂਦੇ ਪਿੰਡ ਫਤਿਹਪੁਰ ਕੰਨੀਆਂ ’ਚ ਹਥਿਆਰਬੰਦ ਵਿਅਕਤੀਆਂ ਵੱਲੋਂ ਹਰਜੀਤ ਕੌਰ ਨਿਵਾਸੀ ਪਿੰਡ ਕਿਸ਼ਨਪੁਰਾ ਕਲਾਂ ਦੀ ਜ਼ਮੀਨ ’ਤੇ ਕਬਜ਼ਾ ਕਰਨ ਦਾ ਯਤਨ ਕੀਤੇ ਜਾਣ ਦੇ ਇਲਾਵਾ ਉਸਦੀ ਬਾਜਰੇ ਦੀ ਫਸਲ ’ਤੇ ਦਵਾਈ ਛਿਡ਼ਕ ਕੇ ਤਬਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ। ਇਸ ਸਬੰਧ ’ਚ ਧਰਮਕੋਟ ਪੁਲਸ ਵੱਲੋਂ ਸੋਹਣ ਸਿੰਘ ਪੁੱਤਰ ਹਰਬੰਸ ਸਿੰਘ ਨਿਵਾਸੀ ਪਿੰਡ ਰਾਮੂਵਾਲਾ ਕਲਾਂ ਦੀ ਸ਼ਿਕਾਇਤ ’ਤੇ ਫੋਜਾ ਸਿੰਘ, ਸਲਵੰਤ ਸਿੰਘ ਦੋਨੋਂ ਨਿਵਾਸੀ ਪਿੰਡ ਫਤਿਹਪੁਰ ਕੰਨੀਆਂ, ਬਲਦੇਵ ਸਿੰਘ ਉਰਫ ਦੇਬੀ ਨਿਵਾਸੀ ਕਿਸ਼ਨਪੁਰਾਂ ਕਲਾਂ ਅਤੇ ਨਸੀਬ ਸਿੰਘ ਅਰਜੀ ਨਵੀਸ ਨਿਵਾਸੀ ਧਰਮਕੋਟ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ’ਚ ਸੋਹਣ ਸਿੰਘ ਨੇ ਕਿਹਾ ਕਿ ਉਸਦੀ ਭੈਣ ਹਰਜੀਤ ਕੌਰ ਦੀ ਪਿੰਡ ਕਿਸ਼ਨਪੁਰਾ ਕੰਨੀਆਂ ’ਚ ਜ਼ਮੀਨ ਸਥਿਤ ਹੈ। ਕੁੱਝ ਦਿਨ ਪਹਿਲਾਂ ਦੋਸ਼ੀਆਂ ਨੇ ਹਥਿਆਰਾਂ ਨਾਲ ਲੈਸ ਹੋ ਕੇ ਉਨ੍ਹਾਂ ਦੀ ਜਮੀਨ ’ਤੇ ਜਬਰਦਸਤੀ ਕਬਜ਼ਾ ਕਰਨ ਦਾ ਯਤਨ ਕੀਤਾ ਅਤੇ ਆਪਣੇ ਮਹਿੰਦਰਾ ਟਰੈਕਟਰ ਦੇ ਪਿੱਛੇ ਸਪਰੇਅ ਪੰਪ ਲਾ ਕੇ ਮੇਰੀ ਭੈਣ ਵੱਲੋਂ ਜਮੀਨ ’ਚ ਬਿਜਾਈ ਕੀਤੇ ਗਏ ਬਾਜਰੇ ਦੀ ਫਸਲ ’ਤੇ ਸਪਰੇਅ ਕਰਕੇ ਉਸ ਨੂੰ ਤਬਾਹ ਕਰ ਦਿੱਤਾ, ਜਿਸ ਕਾਰਨ ਉਸਦਾ 15-20 ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ। ਬਾਅਦ ’ਚ ਦੋਸ਼ੀ ਫੋਜਾ ਸਿੰਘ ਅਤੇ ਬਲਦੇਵ ਸਿੰਘ ਇਕ ਅਣਪਛਾਤੇ ਵਿਅਕਤੀ ਨੂੰ ਨਾਲ ਲੈ ਕੇ ਮੇਰੀ ਭੈਣ ਦੇ ਘਰ ਗਏ ਅਤੇ ਉਥੇ ਉਨ੍ਹਾਂ ਮੇਰੀ ਭੈਣ ਅਤੇ ਉਸਦੀ ਬਜ਼ੁਰਗ ਸੱਸ ਨੂੰ ਗਾਲੀ-ਗਲੋਚ ਕਰਨ ਦੇ ਇਲਾਵਾ ਜਾਨ ਤੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਅਤੇ ਕਿਹਾ ਕਿ ਉਹ ਉਕਤ ਜ਼ਮੀਨ ’ਤੇ ਕਬਜ਼ਾ ਕਰਕੇ ਰਹਿਣਗੇ, ਜਿਸ ਦੇ ਬਾਅਦ ਉਹ ਉਥੋਂ ਚਲੇ ਗਏ।
ਅਸੀਂ ਦੋਸ਼ੀਆਂ ਨੂੰ ਵੀ ਸਮਝਾਉਣ ਦਾ ਯਤਨ ਕੀਤਾ ਕਿ ਉਹ ਇਸ ਤਰ੍ਹਾਂ ਜਮੀਨ ’ਤੇ ਕਬਜ਼ਾ ਨਹੀਂ ਕਰ ਸਕਦੇ, ਪਰ ਉਨ੍ਹਾਂ ਕੋਈ ਗੱਲ ਨਾ ਸੁਣੀ। ਜਿਸ ’ਤੇ ਅਸੀਂ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਜਾਂਚ ਦੇ ਬਾਅਦ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ। ਜਾਂਚ ਅਧਿਕਾਰੀ ਨੇ ਕਿਹਾ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਜ਼ਿਲਾ ਪੁਲਸ ਮੁਖੀ ਨੇ ਕੀਤੇ 9 ਥਾਣਾ ਮੁਖੀਆਂ ਦੇ ਤਬਾਦਲੇ
NEXT STORY