ਤਮਿਲਨਾਡੂ ’ਚ ਇਕ ਜ਼ਿਲਾ ਹੈ ਤੂਤੀਕੋਰਨ। ਇੱਥੋਂ ਦੇ ਹੀ ਇਕ ਪਿੰਡ ਕਟੁੱਨਾਯਕਨਪੱਟੀ ’ਚ ਰਹਿੰਦੀ ਹੈ ਸਤਵੰਜਾ ਸਾਲ ਦੀ ਪਿਚਾਈਅੱਮਲ, ਉਸ ਦਾ ਵਿਆਹ 20 ਸਾਲ ਦੀ ਉਮਰ ’ਚ ਸ਼ਿਵ ਨਾਂ ਦੇ ਲੜਕੇ ਨਾਲ ਹੋਇਆ ਸੀ। ਪਰ ਬਦਕਿਸਮਤੀ ਨਾਲ 15 ਦਿਨਾਂ ਦੇ ਅੰਦਰ ਉਸ ਦੇ ਪਤੀ ਦੀ ਮੌਤ ਹੋ ਗਈ। ਇਸ ਤੋਂ ਬਾਅਦ ਉਸ ਨੇ ਇਕ ਬੇਟੀ ਨੂੰ ਜਨਮ ਦਿੱਤਾ। ਪਤੀ ਦੇ ਬਿਨਾਂ ਬੇਹੱਦ ਜੀਵਨ ਮੁਸ਼ਕਿਲ ਸੀ। ਕੋਈ ਸਾਥ ਦੇਣ ਵਾਲਾ ਵੀ ਨਹੀਂ। ਅਜਿਹੇ ’ਚ ਕਿਸ ਤਰ੍ਹਾਂ ਆਪਣੀ ਬੱਚੀ ਅਤੇ ਖੁਦ ਨੂੰ ਪਾਲੇ। ਜਿੱਥੇ ਵੀ ਕੰਮ ਕਰਨ ਦੀ ਕੋਸ਼ਿਸ਼ ਕਰਦੀ, ਉਥੇ ਉਸ ਨੂੰ ਤਰ੍ਹਾਂ-ਤਰ੍ਹਾਂ ਦਾ ਅਪਮਾਨ ਅਤੇ ਸ਼ੋਸ਼ਣ ਦਾ ਸ਼ਿਕਾਰ ਹੋਣਾ ਪੈਂਦਾ। ਲੋਕ ਪਿਚਾਈਅੱਮਲ ਦੀ ਸਥਿਤੀ ’ਤੇ ਹਮਦਰਦੀ ਦਿਖਾਉਣ ਦਾ ਬਹਾਨਾ ਕਰਦੇ ਹੋਏ ਤਰ੍ਹਾਂ-ਤਰ੍ਹਾਂ ਨਾਲ ਉਸ ਨੂੰ ਪ੍ਰੇਸ਼ਾਨ ਕਰਦੇ, ਛੇੜਖਾਨੀ ਅਤੇ ਯੌਨ ਸ਼ੋਸ਼ਣ ਹਰ ਰੋਜ਼ ਦੀ ਗੱਲ ਸੀ। ਉਹ ਘਬਰਾਈ ਹੋਵੇਗੀ ਪਰ ਤਾਂ ਵੀ ਹਿੰਮਤ ਦੇ ਨਾਲ ਫੈਸਲਾ ਲੈ ਕੇ ਖੜ੍ਹੀ ਹੋ ਗਈ। ਅਜਿਹਾ ਕਠੋਰ ਫੈਸਲਾ ਜਿਸ ਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ। ਉਹ ਵੀ ਅੱਜ ਨਹੀਂ 36 ਸਾਲ ਪਹਿਲਾਂ।
ਉਸ ਨੇ ਔਰਤ ਦਾ ਭੇਸ ਛੱਡ ਕੇ ਮਰਦਾਂ ਦੇ ਕੱਪੜੇ ਪਹਿਨ ਲਏ। ਲੂੰਘੀ ਅਤੇ ਕਮੀਜ਼। ਵਾਲ ਵੀ ਉਸੇ ਤਰ੍ਹਾਂ ਕਟਵਾ ਲਏ। ਭਾਸ਼ਾ, ਬੋਲੀ ਵੀ ਮਰਦਾਂ ਵਾਂਗ ਬੋਲਣ ਲੱਗੀ, ਆਪਣਾ ਨਾਂ ਮੁਥੂ ਰੱਖ ਲਿਆ । ਮਰਦਾਂ ਦੇ ਭੇਸ ’ਚ ਉਸ ਨੇ ਇਕ, ਦੋ ਨਹੀਂ ਪੂਰੇ ਸਾਢੇ ਤਿੰਨ ਦਹਾਕੇ ਤੋਂ ਵੱਧ ਸਮਾਂ ਗੁਜ਼ਾਰਿਆ। ਸਿਰਫ ਕੁਝ ਰਿਸ਼ਤੇਦਾਰਾਂ ਅਤੇ ਬੱਚੀ ਨੂੰ ਉਸ ਦੀ ਪਛਾਣ ਦੇ ਬਾਰੇ ਪਤਾ ਸੀ। ਇੱਥੋਂ ਤੱਕ ਕਿ ਸਰਕਾਰੀ ਕਾਗਜਾ਼ਤ ਜਿਵੇਂ ਕਿ ਰਾਸ਼ਨ ਕਾਰਡ, ਆਧਾਰ ਕਾਰਡ, ਵੋਟਰ ਆਈ.ਡੀ. ਤੱਕ ’ਚ ਉਸ ਦੀ ਪਛਾਣ ਮੁਥੂ ਦੇ ਨਾਂ ਨਾਲ ਹੀ ਸੀ।
ਹੁਣ ਪਿਚਾਈਅੱਮਲ ਦੀ ਬੇਟੀ ਦਾ ਵਿਆਹ ਹੋ ਚੁੱਕਾ ਹੈ, ਉਹ ਆਪਣੇ ਪਰਿਵਾਰ ’ਚ ਘੁਲ-ਮਿਲ ਚੁੱਕੀ ਹੈ, ਘਰ ’ਚ ਕੋਈ ਆਰਥਿਕ ਤੰਗੀ ਵੀ ਨਹੀਂ ਹੈ ਪਰ ਪਿਚਾਈਅੱਮਲ ਹੁਣ ਬਾਕੀ ਦਾ ਜੀਵਨ ਮੁਥੂ ਦੇ ਨਾਂ ਦੇ ਨਾਲ ਹੀ ਬਿਤਾਉਣਾ ਚਾਹੁੰਦੀ ਹੈ। ਹਾਲਾਂਕਿ ਮਨਰੇਗਾ ਦੇ ਕੰਮ ਦੇ ਸਮੇਂ ਉਸ ਨੇ ਆਪਣੀ ਅਸਲੀ ਪਛਾਣ ਦੱਸੀ ਸੀ। ਪਿਚਾਈਅੱਮਲ ਦਾ ਕਹਿਣਾ ਹੈ ਕਿ ਜਿਸ ਨਾਂ ਅਤੇ ਭੇਸ ਦੇ ਕਾਰਨ ਉਸ ਨੂੰ ਤੇ ਉਸਦੀ ਬੇਟੀ ਨੂੰ ਸੁਰੱਖਿਆ ਅਤੇ ਤਾਕਤ ਮਿਲੀ, ਉਸ ਨਾਲ ਉਹ ਜੀਵਨ ਨੂੰ ਜੀਅ ਸਕੀਆਂ , ਉਸ ਨੂੰ ਉਹ ਕਿਉਂ ਛੱਡੇ। ਇਸ ਨਾਲ ਤਾਂ ਉਸ ਨੂੰ ਬਹੁਤ ਪਿਆਰ ਹੈ।
ਧਿਆਨ ਨਾਲ ਦੇਖੀਏ ਤਾਂ ਇਸ ਪੂਰੀ ਕਹਾਣੀ ’ਚ ਔਰਤਾਂ ਦੇ ਜੀਵਨ ਦੀਆਂ ਭਿਆਨਕ ਮੁਸੀਬਤਾਂ ਲੁਕੀਆ ਹਨ। ਇਕ ਔਰਤ ਜੋ ਸਿਰਫ 15 ਦਿਨਾਂ ’ਚ ਵਿਧਵਾ ਹੋ ਗਈ, ਉਸ ਨੂੰ ਅਖੀਰ ਆਪਣੇ ਪਰਿਵਾਰ ਅਤੇ ਸਹੁਰਿਆਂ ਵਾਲਿਆਂ ਦਾ ਸਹਾਰਾ ਕਿਉਂ ਨਹੀਂ ਮਿਲਿਆ। ਉਹ ਪੜ੍ਹੀ-ਲਿਖੀ ਿਕਉਂ ਨਹੀਂ ਸੀ। ਅਖੀਰ 20 ਸਾਲ ਦੀ ਉਮਰ ਤੱਕ ਤਾਂ ਉਹ ਆਪਣੇ ਮਾਤਾ-ਪਿਤਾ ਦੇ ਨਾਲ ਰਹੀ ਸੀ। ਜੇਕਰ ਪੜ੍ਹੀ-ਲਿਖੀ ਹੁੰਦੀ ਤਾਂ ਸ਼ਾਇਦ ਅਜਿਹਾ ਕੋਈ ਕੰਮ ਕਰਦੀ ਜਿੱਥੇ ਸੁਰੱਖਿਆ ਅਤੇ ਸਨਮਾਨ ਦੋਵੇਂ ਹੁੰਦੇ ਅਤੇ ਪਛਾਣ ਵੀ ਨਾ ਬਦਲਣੀ ਪੈਂਦੀ। ਫਿਰ 19ਵੀਂ ਸਦੀ ’ਚ ਚਲਾਏ ਗਏ ਵਿਧਵਾ ਵਿਆਹ ਅੰਦੋਲਨ ਦਾ ਕੀ ਬਣਿਆ। ਕੀ ਉਹ ਇੰਨਾ ਸਮਾਂ ਬੀਤ ਜਾਣ ਦੇ ਬਾਅਦ ਵੀ ਸਿਰਫ ਕਾਗਜ਼ਾਂ ਅਤੇ ਕੋਰੇ ਆਦਰਸ਼ਾਂ ਤੱਕ ਹੀ ਸੀਮਤ ਹੈ। ਇਸ ਲੇਖਿਕਾ ਨੇ ਦਿੱਲੀ ਵਰਗੇ ਮਹਾਨਗਰ ’ਚ ਅਨੇਕ ਵਿਧਵਾ ਔਰਤਾਂ ਨੂੰ ਦੇਖਿਆ ਹੈ। ਜਿਨ੍ਹਾਂ ਨੇ ਆਪਣੇ ਬਲਬੂਤੇ ਬੱਚੇ ਪਾਲੇ, ਕਦੇ ਦੂਜਾ ਵਿਆਹ ਨਹੀਂ ਕਰਾਇਆ। ਉਸ ਦਾ ਕਹਿਣਾ ਸੀ ਕਿ ਬੱਚੇ ਦੇ ਪਿਤਾ ਤਾਂ ਪਹਿਲਾਂ ਹੀ ਨਹੀਂ ਹਨ। ਹੁਣ ਜੇਕਰ ਉਹ ਦੂਜਾ ਵਿਆਹ ਕਰ ਲਏ ਤਾਂ ਪਤਾ ਨਹੀਂ ਬੱਚਿਆਂ ’ਤੇ ਕੀ ਬੀਤੇ। ਇਨ੍ਹਾਂ ਔਰਤਾਂ ਨੂੰ ਕਈ ਲੋਕ ਇਹ ਵੀ ਕਹਿੰਦੇ ਸਨ ਕਿ ਤੇਰੇ ਨਾਲ ਤਾਂ ਵਿਆਹ ਕਰ ਲਵਾਂਗਾ ਪਰ ਬੱਚਿਆਂ ਨੂੰ ਨਹੀਂ ਅਪਣਾਵਾਂਗੇ। ਪਤੀ-ਪਤਨੀ ਜਾਂ ਔਰਤ ਮਰਦ ’ਚ ਇਹੀ ਫਰਕ ਹੈ। ਜ਼ਿਆਦਾਤਰ ਔਰਤਾਂ ਬੱਚਿਆਂ ਦੀ ਚਿੰਤਾ ’ਚ ਦੂਜਾ ਿਵਆਹ ਨਹੀਂ ਕਰਵਾਉਂਦੀਆਂ ਪਰ ਆਦਮੀਆਂ ਨਾਲ ਅਜਿਹਾ ਨਹੀਂ ਹੁੰਦਾ।
ਸ਼ਰਤਚੰਦਰ ਚਟਰਜੀ ਅਤੇ ਮਹਾਦੇਵੀ ਵਰਮਾ ਦੀਆਂ ਰਚਨਾਵਾਂ ਦੇ ਪਾਤਰ ਵਰਗੇ ਅੱਜ ਵੀ ਜਿਵੇਂ ਦੇ ਤਿਵੇਂ ਹਨ। ਫਿਰ ਇਹ ਗੱਲ ਚੱਲਦੀ ਹੈ ਕਿ ਅਜੇ ਪਤਨੀ ਦੀ ਚਿਤਾ ਦੀ ਰਾਖ ਵੀ ਠੰਡੀ ਨਹੀਂ ਹੁੰਦੀ ਕਿ ਦੂਜੇ ਰਿਸ਼ਤੇ ਆਉਣ ਲੱਗਦੇ ਹਨ। ਆਲੇ-ਦੁਆਲੇ ਅਜਿਹਾ ਹੁੰਦਾ ਵੀ ਦੇਖਿਆ ਹੈ, ਫਿਰ ਪਿਚਾਈਅੱਮਲ ਦੀ ਗਰੀਬੀ ਤਾਂ ਇਸ ਦਾ ਕਾਰਨ ਹੈ ਹੀ। ਮੰਨ ਲਓ ਕਿ ਉਸ ਦੇ ਕੋਲ ਆਰਥਿਕ ਸੋਮੇ ਹੁੰਦੇ ਤਾਂ ਸ਼ਾਇਦ ਅਜਿਹਾ ਜੀਵਨ ਨਾ ਜਿਊਣਾ ਪੈਂਦਾ।
ਇਸ ਕਹਾਣੀ ’ਚ ਸਭ ਤੋਂ ਵੱਡੀ ਗੱਲ ਮਹਿਲਾ ਸੁਰੱਖਿਆ ਨਾਲ ਵੀ ਸੰਬੰਧਤ ਹੈ। ਅਕਸਰ ਲੋਕ ਬਿਆਨ ਦਿੰਦੇ ਰਹਿੰਦੇ ਹਨ ਕਿ ਪਹਿਲਾਂ ਮਹਿਲਾਵਾਂ ਦੇ ਨਾਲ ਇੰਨੀ ਅਭੱਦਰਤਾ ਨਹੀਂ ਹੁੰਦੀ ਸੀ, ਜਿਹੋ-ਜਿਹੀ ਕਿ ਇਨ੍ਹੀਂ ਦਿਨੀਂ ਪਰ ਇਸ ਔਰਤ ਦੀ ਕਹਾਣੀ ਤਾਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੀ। ਜੇਕਰ ਪਿਚਾਈਅੱਮਲ ਔਰਤ ਬਣ ਕੇ ਸੁਰੱਖਿਅਤ ਰਹਿ ਸਕਦੀ ਤਾਂ ਭਲਾ ਮਰਦ ਦਾ ਭੇਸ ਕਿਉਂ ਧਾਰਨ ਕਰਦੀ।
ਇਸ ਕਹਾਣੀ ਦਾ ਸਭ ਤੋਂ ਮਹੱਤਵਪੂਰਨ ਬਿੰਦੂ ਇਹ ਹੈ ਕਿ ਆਪਣੇ ਸਮਾਜ ’ਚ ਭਾਵੇਂ ਉਤਰ ਭਾਰਤ ਹੋਵੇ ਜਾਂ ਦੱਖਣ ਭਾਰਤ, ਕਸ਼ਮੀਰ ਜਾਂ ਪੰਜਾਬ ਜਾਂ ਦੇਸ਼ ਦਾ ਕੋਈ ਹੋਰ ਹਿੱਸਾ, ਇੱਥੇ ਮਰਦ ਜੇਕਰ ਗਰੀਬ ਹੈ, ਘੱਟ ਉਮਰ ਹੈ, ਘੱਟ ਪੜ੍ਹਿਆ ਲਿਖਿਆ ਹੈ, ਰੰਡਾ ਹੈ, ਇਕ ਬੱਚੀ ਦਾ ਪਿਤਾ ਹੈ ਤਾਂ ਵੀ ਉਹ ਜੀਵਨ ਗੁਜ਼ਾਰ ਸਕਦਾ ਹੈ। ਉਸ ਦੀ ਸੁਰੱਖਿਆ ਦਾ ਕੋਈ ਖਤਰਾ ਨਹੀਂ ਹੈ।
ਜਦਕਿ ਇਨ੍ਹਾਂ ਹੀ ਹਾਲਾਤ ਦਾ ਸਾਹਮਣਾ ਕਰਨ ਵਾਲੀ ਔਰਤ ਦੇ ਸਾਹਮਣੇ ਖਤਰੇ ਹੀ ਖਤਰੇ ਹਨ। ਅਜਿਹੇ ’ਚ ਉਨ੍ਹਾਂ ਕਾਨੂੰਨਾਂ ਦਾ ਕੀ ਫਾਇਦਾ ਜੋ ਔਰਤਾਂ ਦੀ ਸੁਰੱਖਿਆ ਲਈ ਬਣਾਏ ਗਏ ਹਨ। ਔਰਤ ਮਰਦ ਬਰਾਬਰੀ ਦਾ ਰਾਗ ਵੀ ਰਾਤ-ਦਿਨ ਸੁਣਾਈ ਦਿੰਦਾ ਹੈ।
ਕੀ ਪਿਚਾਈਅੱਮਲ ਦੀ ਕਹਾਣੀ ਸਾਨੂੰ ਕੁਝ ਸੋਚਣ ਲਈ ਮਜਬੂਰ ਕਰਦੀ ਹੈ। ਨਹੀਂ ਕਰਦੀ, ਤਾਂ ਕਿਉਂ ਨਹੀਂ ਕਰਦੀ? ਮਰਦ ਬਣ ਕੇ ਵੀ ਉਸ ਦਾ ਜੀਵਨ ਆਸਾਨ ਨਹੀਂ ਰਿਹਾ ਹੋਵੇਗਾ। ਔਰਤ ਹੋਣ ਦੀਆਂ ਸਾਰੀਆਂ ਨਿਸ਼ਾਨੀਆਂ ਨੂੰ ਉਸ ਨੇ ਆਖਿਰ ਕਿਵੇਂ ਲੁਕਾਇਆ ਹੋਵੇਗਾ। ਲੁਕਾ ਵੀ ਲਿਆ ਹੋਵੇਗਾ ਤਾਂ ਉਸ ਦਾ ਬੋਝ ਸਿਰ ’ਤੇ ਕਿੰਨਾ ਰਿਹਾ ਹੋਵੇਗਾ। ਕਿਉਂਕਿ ਦੱਸਣ ਦੇ ਮੁਕਾਬਲੇ ਲੁਕਾਉਣ ਦਾ ਬੋਝ ਜ਼ਿਆਦਾ ਹੁੰਦਾ ਹੈ। ਹਰ ਪਲ ਸਾਵਧਾਨ ਰਹਿਣਾ ਪੈਂਦਾ ਹੈ ਕਿ ਕਿਸੇ ਨੂੰ ਪਤਾ ਨਾ ਲੱਗ ਜਾਵੇ। ਹਾਲਾਂਕਿ ਇਸ ਔਰਤ ਦੀ ਹਿੰਮਤ ਦੀ ਦਾਤ ਦੇਣੀ ਪਏਗੀ।
ਸ਼ਮਾ ਸ਼ਰਮਾ
ਖੇਤੀਬਾੜੀ ਖੇਤਰ ਵਿਚ ਭਾਰਤ ਦੀ ਕਾਮਯਾਬੀ ਦਾ ਨਵਾਂ ਮੁਕਾਮ: ਸਾਲ 2025 ਦਾ ਸਫ਼ਰ
NEXT STORY