ਜਲੰਧਰ (ਜ. ਬ.)—ਕਾਂਗਰਸੀ ਕੌਂਸਲਰ ਹਰਸਿਮਰਨਜੀਤ ਸਿੰਘ ਬੰਟੀ ਤੇ ਥਾਣਾ 5 ਵਿਚ ਤਾਇਨਾਤ ਰਹਿ ਚੁੱਕੇ ਏ. ਐੱਸ. ਆਈ. ਰਵਿੰਦਰ ਸਿੰਘ ਭੱਟੀ ਦਰਮਿਆਨ ਹੋਏ ਵਿਵਾਦ ਨੇ ਨਵਾਂ ਮੋੜ ਲੈ ਲਿਆ ਹੈ। ਹੁਣ ਬੰਟੀ ਤੇ ਭੱਟੀ ਵਿਚ ਹੋਈ 2 ਮਿੰਟ 10 ਸੈਕਿੰਡ ਦੀ ਗੱਲਬਾਤ ਮਹਾਨਗਰ ਵਿਚ ਕਈਆਂ ਦੇ ਮੋਬਾਇਲ ਫੋਨ 'ਤੇ ਵਟਸਐਪ ਰਾਹੀਂ ਪਹੁੰਚ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਏ. ਐੱਸ. ਆਈ. ਭੱਟੀ ਦੇ ਮੋਬਾਇਲ 'ਤੇ ਰਿਕਾਰਡਿੰਗ ਦਾ ਸਾਫਟਵੇਅਰ ਸੀ ਤੇ ਬੰਟੀ ਨਾਲ ਹੋਈ ਪੂਰੀ ਗੱਲਬਾਤ ਦੀ ਉਸਨੇ ਰਿਕਾਰਡਿੰਗ ਕਰ ਕੇ ਪੁਲਸ ਅਧਿਕਾਰੀਆਂ ਨੂੰ ਭੇਜ ਦਿੱਤੀ ਪਰ ਇਹ ਰਿਕਾਰਡਿੰਗ ਪਬਲਿਕ ਵਿਚ ਵੀ ਵਾਇਰਲ ਹੋ ਚੁੱਕੀ ਹੈ ਤੇ ਚਰਚਾ ਦਾ ਵਿਸ਼ਾ ਬਣ ਗਈ ਹੈ।
ਰਿਕਾਰਡਿੰਗ ਵਿਚ ਕੌਂਸਲਰ ਬੰਟੀ ਤੇ ਏ. ਐੱਸ. ਆਈ. ਭੱਟੀ ਵਿਚ ਹੋਈ ਤੂੰ-ਤੂੰ, ਮੈਂ-ਮੈਂ ਸੁਣਨ ਨੂੰ ਮਿਲ ਰਹੀ ਹੈ।
ਮਾਮਲਾ ਪੁਲਸ ਕਮਿਸ਼ਨਰ ਪ੍ਰਵੀਨ ਕੁਮਾਰ ਸਿਨਹਾ ਦੇ ਕੋਲ ਵੀ ਪਹੁੰਚ ਚੁੱਕਾ ਹੈ ਤੇ ਉਨ੍ਹਾਂ ਇਸ ਮਾਮਲੇ ਵਿਚ ਏ. ਡੀ. ਸੀ.ਪੀ. ਸਿਟੀ 2 ਸੂਡਰ ਵਿਜੀ ਦੀ ਡਿਊਟੀ ਲਾਈ ਹੈ। ਪੁਲਸ ਕਮਿਸ਼ਨਰ ਸਿਨਹਾ ਦਾ ਕਹਿਣਾ ਹੈ ਕਿ ਰਿਕਾਰਡਿੰਗ ਦੀ ਜਾਂਚ ਜਲਦੀ ਹੀ ਏ. ਡੀ. ਸੀ. ਪੀ. ਸਿਟੀ 2 ਕਰੇਗੀ ਤੇ ਉਨ੍ਹਾਂ ਨੂੰ ਰਿਪੋਰਟ ਦੇਵੇਗੀ। ਮਾਮਲੇ ਵਿਚ ਜੋ ਵੀ ਦੋਸ਼ੀ ਪਾਇਆ ਗਿਆ, ਉਸਦੇ ਖਿਲਾਫ ਕਾਨੂੰਨੀ ਕਾਰਵਾਈ ਹੋਵੇਗੀ।
ਭੱਟੀ ਨੇ ਏ. ਸੀ. ਪੀ. ਦੇ ਸਾਹਮਣੇ ਕਿਹਾ ਮੈਨੂੰ ਸਸਪੈਂਡ ਕਰ ਦੇਵੋ
ਕੌਂਸਲਰ ਬੰਟੀ ਕੋਲੋਂ ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਏ. ਐੱਸ. ਆਈ. ਭੱਟੀ ਨੇ ਕੇਸ ਵਿਚ ਨਾਮਜ਼ਦ ਬੇਕਸੂਰ ਨੌਜਵਾਨ ਦੇ ਨਾਲ ਥਾਣੇ ਵਿਚ ਬਦਤਮੀਜ਼ੀ ਕਰਨ ਤੋਂ ਬਾਅਦ ਫੋਨ 'ਤੇ ਉਨ੍ਹਾਂ ਨੂੰ ਵੀ ਬੁਰਾ ਭਲਾ ਕਿਹਾ। ਉਹ ਥਾਣਾ 5 ਪਹੁੰਚੇ ਤਾਂ ਏ. ਸੀ.ਪੀ. ਵੈਸਟ ਕੈਲਾਸ਼ ਚੰਦਰ ਦੇ ਸਾਹਮਣੇ ਵੀ ਏ. ਐੱਸ. ਆਈ. ਭੱਟੀ ਨੇ ਕਿਹਾ ਕਿ ਉਸਨੂੰ ਸਸਪੈਂਡ ਕਰ ਦਿਓ। ਇਸ ਗੱਲ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਭੱਟੀ ਨੂੰ ਨੌਕਰੀ ਦੀ ਪ੍ਰਵਾਹ ਹੀ ਨਹੀਂ। ਬੰਟੀ ਮੁਤਾਬਕ ਫੋਨ 'ਤੇ ਹੋਈ ਭੱਟੀ ਨਾਲ ਗੱਲਬਾਤ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਤੇ ਆਡੀਓ ਰਿਕਾਰਡਿੰਗ ਨਾਲ ਛੇੜਛਾੜ ਕਰ ਉਸਨੂੰ ਭੱਟੀ ਨੇ ਵਾਇਰਲ ਕੀਤਾ ਹੈ। ਭੱਟੀ ਦੇ ਖਿਲਾਫ ਉਹ ਮਾਣਹਾਨੀ ਦਾ ਦਾਅਵਾ ਠੋਕਣ ਦੀ ਵੀ ਤਿਆਰੀ ਕਰ ਰਹੇ ਹਨ। ਫਿਲਹਾਲ ਉਹ ਚੰਡੀਗੜ੍ਹ ਵਿਚ ਹਨ ਤੇ ਸਵੇਰੇ ਡੀ. ਜੀ. ਪੀ. ਨੂੰ ਮਿਲਣਗੇ।
ਮੇਰੇ ਨਾਲ ਬਦਤਮੀਜ਼ੀ ਕੀਤੀ ਬੰਟੀ ਨੇ
ਦੂਜੇ ਪਾਸੇ ਏ. ਐੱਸ. ਆਈ. ਰਵਿੰਦਰ ਸਿੰਘ ਭੱਟੀ ਦਾ ਕਹਿਣਾ ਹੈ ਕਿ ਕੁੱਟਮਾਰ ਦੇ ਕੇਸ ਵਿਚ ਨਾਮਜ਼ਦ ਨੌਜਵਾਨ ਦੇ ਮਾਪਿਆਂ ਨੂੰ ਉਸਨੇ ਕਿਹਾ ਸੀ ਕਿ ਜੇਕਰ ਉਨ੍ਹਾਂ ਦੇ ਬੇਟੇ ਨੂੰ ਕੇਸ ਵਿਚ ਦੂਜੀ ਧਿਰ ਨੇ ਫਸਾਇਆ ਹੈ ਤਾਂ ਬੇਟੇ ਦੇ ਬਿਆਨ ਥਾਣੇ ਵਿਚ ਦਰਜ ਕਰਵਾਉਣ ਤਾਂ ਜੋ ਪੁਲਸ ਜਾਂਚ ਅੱਗੇ ਵਧ ਸਕੇ। ਲੜਕੇ ਦੇ ਮਾਤਾ-ਪਿਤਾ ਐੱਸ. ਐੱਚ. ਓ. ਸੁਖਬੀਰ ਸਿੰਘ ਨਾਲ ਗੱਲਬਾਤ ਕਰ ਕੇ ਉਥੋਂ ਚਲੇ ਗਏ ਪਰ ਬਾਅਦ ਵਿਚ ਉਨ੍ਹਾਂ ਕੌਂਸਲਰ ਬੰਟੀ ਨੂੰ ਝੂਠ ਕਿਹਾ ਕਿ ਪੁਲਸ ਨੇ ਬਦਤਮੀਜ਼ੀ ਕੀਤੀ ਹੈ, ਜਿਸ ਤੋਂ ਬਾਅਦ ਬੰਟੀ ਨੇ ਫੋਨ 'ਤੇ ਉਲਟਾ ਉਨ੍ਹਾਂ ਨੂੰ ਮਾੜਾ-ਚੰਗਾ ਆਖਿਆ। ਭੱਟੀ ਦਾ ਕਹਿਣਾ ਹੈ ਕਿ ਉਸਨੂੰ ਪੁਲਸ ਅਧਿਕਾਰੀਆਂ 'ਤੇ ਪੂਰਾ ਭਰੋਸਾ ਹੈ ਕਿ ਉਹ ਉਸਦੇ ਖਿਲਾਫ ਖੁੱਲ੍ਹੀ ਵਿਭਾਗੀ ਜਾਂਚ 'ਚ ਸਹੀ ਢੰਗ ਨਾਲ ਉਸਨੂੰ ਇਨਸਾਫ ਦਿਵਾਉਣਗੇ।
ਗੁਰਦਾਸਪੁਰ ਉਪ ਚੋਣ : ਕਾਂਗਰਸ, ਭਾਜਪਾ ਦੀ ਗੇਂਦ ਦਿੱਲੀ ਦੇ ਪਾਲੇ 'ਚ
NEXT STORY