ਜਲੰਧਰ, (ਮਹੇਸ਼)- ਐਕਟਿਵਾ ਸਵਾਰ ਚੋਰ ਨੇ ਮੰਗਲਵਾਰ ਨੂੰ ਦਿਨ ਦਿਹਾੜੇ ਗੁਰੂ ਨਾਨਕਪੁਰਾ ਵੈਸਟ ਦੀ ਗਲੀ ਨੰਬਰ 10 ਵਿਚ ਸਿਰਫ ਪੰਜ ਮਿੰਟ ਵਿਚ ਹੀ ਘਰ ਵਿਚੋਂ 10 ਤੋਲੇ ਸੋਨੇ ਦੇ ਗਹਿਣਿਆਂ ਤੋਂ ਇਲਾਵਾ ਇਕ ਲੱਖ ਦੀ ਨਕਦੀ 'ਤੇ ਹੱਥ ਸਾਫ ਕਰ ਦਿੱਤਾ। ਵਾਰਦਾਤ ਰੇਲਵੇ ਦੇ ਰਿਟਾਇਰਡ ਹੈੱਡ ਕਲਰਕ ਰਘਵੀਰ ਸਿੰਘ ਪੁੱਤਰ ਮੋਹਨ ਸਿੰਘ ਦੇ ਘਰ ਦੀ ਹੈ। ਪ੍ਰਾਈਵੇਟ ਜਾਬ ਕਰਦੇ ਰਘਵੀਰ ਸਿੰਘ ਦੇ ਬੇਟੇ ਰਾਜਿੰਦਰ ਸਿੰਘ ਨੇ ਦੱਸਿਆ ਕਿ ਵਾਰਦਾਤ ਸਮੇਂ ਦੇ ਉਸਦੇ ਪਿਤਾ ਘਰ ਦੀ ਛੱਤ 'ਤੇ ਸਨ ਤੇ ਮਾਂ ਕੁਝ ਦੇਰ ਲਈ ਗੁਆਂਢੀਆਂ ਦੇ ਘਰ ਗਈ ਸੀ।ਰਾਜਿੰਦਰ ਨੇ ਦੱਸਿਆ ਕਿ ਉਨ੍ਹਾਂ ਦਾ 10 ਸਾਲ ਦਾ ਬੇਟਾ ਆਯੂਸ਼ ਘਰ ਤੋਂ ਬਾਹਰ ਹੋਰ ਬੱਚਿਆਂ ਨਾਲ ਲੁਡੋ ਖੇਡ ਰਿਹਾ ਸੀ। ਆਯੂਸ਼ ਦੇ ਦੱਸਣ ਮੁਤਾਬਕ ਇਕ ਵਿਅਕਤੀ ਐਕਟਿਵਾ 'ਤੇ ਆਇਆ ਤੇ ਉਸਨੂੰ ਕਹਿਣ ਲੱਗਾ ਕਿ ਉਹ ਕੋਈ ਦਵਾਈ ਦੇਣ ਲਈ ਆਇਆ ਹੈ। ਉਸਨੇ ਕਿਹਾ ਕਿ ਉਸਦੇ ਪਾਪਾ ਦਾ ਮੋਬਾਇਲ ਨੰਬਰ ਚਾਹੀਦਾ ਹੈ, ਜੋ ਆਯੂਸ਼ ਨੇ ਉਸਨੂੰ ਦੇ ਦਿੱਤਾ। ਚੋਰ ਨੇ ਨੰਬਰ ਮਿਲਾਇਆ ਤਾਂ ਪਰ ਗੱਲ ਕਿਸੇ ਨਾਲ ਨਹੀਂ ਕੀਤੀ। ਬੱਚੇ ਦੇ ਸਾਹਮਣੇ ਫੋਨ 'ਤੇ ਕਹਿਣ ਲੱਗਾ ਕਿ ਰਾਜਿੰਦਰ ਮੈਂ ਦਵਾਈ ਦੇਣ ਲਈ ਆਇਆ ਹਾਂ। ਬੱਚੇ ਨੂੰ ਲੱਗਾ ਕਿ ਉਹ ਉਸਦੇ ਪਾਪਾ ਦੀ ਜਾਣ-ਪਛਾਣ ਵਾਲਾ ਹੈ ਪਰ ਉਸਨੂੰ ਇਸ ਗੱਲ ਦਾ ਅੰਦਾਜ਼ਾ ਵੀ ਨਹੀਂ ਸੀ ਕਿ ਉਸਨੇ ਉਸਦੇ ਪਾਪਾ ਨਾਲ ਤਾਂ ਫੋਨ 'ਤੇ ਗੱਲ ਨਹੀਂ ਕੀਤੀ।
ਬੱਚੇ ਨਾਲ ਗੱਲ ਕਰਦਾ ਕਰਦਾ ਚੋਰ ਅੰਦਰ ਦਾਖਲ ਹੋ ਗਿਆ। ਉਸਨੇ ਅਲਮਾਰੀਆਂ ਦੇ ਉੱਪਰ ਪਈਆਂ ਚਾਬੀਆਂ ਚੁੱਕੀਆਂ ਤੇ ਅਲਮਾਰੀਆਂ ਖੋਲ੍ਹ ਕੇ ਗਹਿਣੇ ਤੇ ਨਕਦੀ ਕੱਢ ਲਈ ਤੇ ਉਥੋਂ ਆਪਣੀ ਐਕਟਿਵਾ 'ਤੇ ਫਰਾਰ ਹੋ ਗਿਆ। ਰਾਜਿੰਦਰ ਨੇ ਦੱਸਿਆ ਕਿ ਉਸਦੀ ਮਾਂ ਜਦੋਂ ਪੰਜ ਮਿੰਟ ਬਾਅਦ ਵਾਪਸ ਆਈ ਤਾਂ ਖੁੱਲ੍ਹੀਆਂ ਅਲਮਾਰੀਆਂ ਤੇ ਖਿਲਰਿਆ ਸਾਮਾਨ ਵੇਖ ਹੈਰਾਨ ਰਹਿ ਗਈ। ਉਸਨੇ ਪਹਿਲਾਂ ਛੱਤ ਤੋਂ ਆਪਣੇ ਪਤੀ ਹਰਬੀਰ ਸਿੰਘ ਨੂੰ ਹੇਠਾਂ ਬੁਲਾਇਆ ਤੇ ਬਾਅਦ ਵਿਚ ਉਸਨੂੰ ਵੀ ਚੋਰੀ ਦੀ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਉਹ ਤੁਰੰਤ ਘਰ ਪਹੁੰਚਿਆ।
ਦਿਨ ਦਿਹਾੜੇ ਹੋਈ ਚੋਰੀ ਦੀ ਸੂਚਨਾ ਮਿਲਦਿਆਂ ਹੀ ਏ. ਐੱਸ. ਆਈ. ਮਨਜਿੰਦਰ ਸਿੰਘ ਮੌਕੇ 'ਤੇ ਪਹੁੰਚ ਗਏ ਤੇ ਜਾਂਚ ਸ਼ੁਰੂ ਕੀਤੀ। ਪੁਲਸ ਨੂੰ 10 ਸਾਲ ਦੇ ਬੱਚੇ ਨੇ ਚੋਰ ਦੀ ਐਕਟਿਵਾ ਦਾ ਨੰਬਰ ਵੀ ਦੱਸਿਆ ਹੈ, ਜਿਸ ਨਾਲ ਪੁਲਸ ਦਾ ਚੋਰ ਤੱਕ ਪਹੁੰਚਣਾ ਸੌਖਾ ਹੋ ਜਾਵੇਗਾ। ਪੁਲਸ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਵੀ ਖੰਗਾਲ ਰਹੀ ਹੈ।
ਡੀ. ਸੀ. ਦਫਤਰ ਮੂਹਰੇ ਅਕਾਲੀਆਂ ਦਿੱਤਾ ਧਰਨਾ
NEXT STORY