ਬਟਾਲਾ, (ਬੇਰੀ)— ਵਿਆਹੁਤਾ ਨਾਲ ਜਬਰ-ਜ਼ਨਾਹ ਕਰਨ ਵਾਲੇ ਵਿਅਕਤੀਆਂ ਨੂੰ ਪੁਲਸ ਵੱਲੋਂ ਹੁਣ ਤੱਕ ਗ੍ਰਿਫਤਾਰ ਨਾ ਕੀਤੇ ਜਾਣ ਦੇ ਰੋਸ ਵਜੋਂ ਗੁੱਸੇ 'ਚ ਆਏ ਪਰਿਵਾਰਕ ਮੈਂਬਰਾਂ ਨੇ ਵਾਲਮੀਕਿ ਭਾਈਚਾਰੇ ਦੇ ਲੋਕਾਂ ਨੂੰ ਨਾਲ ਲੈ ਕੇ ਰਾਕੇਸ਼ ਕੁਮਾਰ ਡੈਨੀ ਅਤੇ ਰਵਿੰਦਰ ਕੁਮਾਰ ਨਾਹਰ ਦੀ ਅਗਵਾਈ ਵਿਚ ਕਾਦੀਆਂ ਚੂੰਗੀ ਵਾਲਾ ਚੌਕ ਜਾਮ ਕਰਦੇ ਹੋਏ ਪੁਲਸ ਵਿਰੁੱਧ ਆਪਣੀ ਭੜਾਸ ਕੱਢੀ।
ਕੀ ਹੈ ਮਾਮਲਾ
ਪੀੜਤਾ ਦੇ ਸਹੁਰੇ ਕਸ਼ਮੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਨੂੰਹ ਦੇ ਨਾਲ ਪਿੰਡ ਝੰਜਿਆਂ ਖੁਰਦ ਦੇ ਚਾਰ ਨੌਜਵਾਨਾਂ ਵੱਲੋਂ ਜਬਰ-ਜ਼ਨਾਹ ਕੀਤਾ ਗਿਆ ਸੀ, ਜਿਸ ਦੇ ਸਬੰਧ ਵਿਚ ਥਾਣਾ ਫਤਿਹਗੜ੍ਹ ਚੂੜੀਆਂ ਦੀ ਪੁਲਸ ਨੇ ਕਾਰਵਾਈ ਕਰਦੇ ਹੋਏ 4 ਨੌਜਵਾਨਾਂ ਦੇ ਵਿਰੁੱਧ ਬਣਦੀਆਂ ਧਰਾਵਾਂ ਹੇਠ ਮੁਕੱਦਮਾ ਦਰਜ ਕਰ ਦਿੱਤਾ ਸੀ ਪਰ ਪੁਲਸ ਵੱਲੋਂ ਸਬੰਧਤ ਕਥਿਤ ਦੋਸ਼ੀਆਂ ਨੂੰ ਹੁਣ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ, ਜਿਸਦੇ ਕਾਰਨ ਉਹ ਥਾਣਾ ਫਤਿਹਗੜ੍ਹ ਚੂੜੀਆਂ ਦੀ ਪੁਲਸ ਕੋਲ ਇਨਸਾਫ ਦੀ ਮੰਗ ਲੈਣ ਲਈ ਪਹੁੰਚੇ ਪਰ ਉਨ੍ਹਾਂ ਵੱਲੋਂ ਟਾਲ-ਮਟੋਲ ਕੀਤੇ ਜਾਣ 'ਤੇ ਅੱਜ ਉਨ੍ਹਾਂ ਨੇ ਪਰਿਵਾਰਕ ਮੈਂਬਰਾਂ ਅਤੇ ਵਾਲਮੀਕਿ ਭਾਈਚਾਰੇ ਦੇ ਲੋਕਾਂ ਅਤੇ ਸੰਸਥਾਵਾਂ ਦੇ ਨਾਲ ਮਿਲ ਕੇ ਕਾਦੀਆਂ ਚੂੰਗੀ ਵਿਚ ਫਤਿਹਗੜ੍ਹ ਚੂੜੀਆਂ ਦੀ ਪੁਲਸ ਵਿਰੁੱਧ ਇਕ ਘੰਟੇ ਤੱਕ ਰੋਡ ਜਾਮ ਕਰਦੇ ਹੋਏ ਪ੍ਰਦਰਸ਼ਨ ਕੀਤਾ। ਕਸ਼ਮੀਰ ਸਿੰਘ ਨੇ ਕਿਹਾ ਕਿ ਪੁਲਸ ਜਾਣਬੁੱਝ ਕੇ ਸਬੰਧਤ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕਰ ਪਾ ਰਹੀ ਜਦਕਿ ਉਨ੍ਹਾਂ ਦੀ ਨੂੰਹ ਨਾਲ ਜਬਰ-ਜ਼ਨਾਹ ਕਰਨ ਵਾਲੇ ਕਥਿਤ ਦੋਸ਼ੀ ਸ਼ਰੇਆਮ ਘੁੰਮ ਫਿਰ ਰਹੇ ਹਨ।ਘਟਨਾ ਦੀ ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਫਤਿਹਗੜ੍ਹ ਚੂੜੀਆਂ ਰਵਿੰਦਰ ਕੁਮਾਰ ਅਤੇ ਟ੍ਰੈਫਿਕ ਇੰਚਾਰਜ ਲਖਵਿੰਦਰ ਸਿੰਘ ਨੇ ਧਰਨੇ ਵਾਲੀ ਜਗ੍ਹਾ 'ਤੇ ਪਹੁੰਚ ਕੇ ਪੀੜਤ ਪਰਿਵਾਰ ਅਤੇ ਧਰਨਾਕਾਰੀਆਂ ਨੂੰ ਦੋਸ਼ੀਆਂ ਨੂੰ ਜਲਦ ਹੀ ਗ੍ਰਿਫਤਾਰ ਕਰਨ ਦਾ ਭਰੋਸਾ ਦਿੱਤਾ, ਜਿਸਦੇ ਬਾਅਦ ਜਾਮ ਕੀਤਾ ਰੋਡ ਖੋਲ੍ਹ ਦਿੱਤਾ ਗਿਆ।
ਰੇਲ ਗੱਡੀ ਹੇਠਾਂ ਆਉਣ ਨਾਲ ਨੌਜਵਾਨ ਦੀ ਮੌਤ
NEXT STORY