ਚੰਡੀਗੜ੍ਹ (ਬਿਊਰੋ) : ਚੰਡੀਗੜ੍ਹ ਨੂੰ ਵਸਾਉਣ ਲਈ ਇਥੋਂ 28 ਪਿੰਡ ਉਜਾੜ ਦਿੱਤੇ ਗਏ ਤੇ 23 ਪਿੰਡ ਆਪਣੀ ਹੋਂਦ ਤੇ ਭਾਸ਼ਾ ਨੂੰ ਇਸ ਪੱਥਰਾਂ ਦੇ ਸ਼ਹਿਰ ਵਿਚ ਜਿਊਂਦਾ ਰੱਖਣ ਲਈ ਜੱਦੋ-ਜ਼ਹਿਦ ਕਰ ਰਹੇ ਹਨ ਪਰ ਯੂ. ਟੀ. ਚੰਡੀਗੜ੍ਹ ਨੇ ਇਸ ਪੂਰੇ ਦਸੰਬਰ ਮਹੀਨੇ ਨੂੰ 50 ਸਾਲਾ ਚੰਡੀਗੜ੍ਹ ਸਥਾਪਨਾ ਦਿਵਸ ਦਾ ਨਾਂ ਦਿੱਤਾ ਹੈ ਤੇ ਇਕ ਪਾਸੇ ਯੂ. ਟੀ. ਚੰਡੀਗੜ੍ਹ ਸਥਾਪਨਾ ਦਿਵਸ ਦੇ ਨਾਂ 'ਤੇ ਜਸ਼ਨ ਮਨਾ ਰਿਹਾ ਸੀ ਤੇ ਦੂਜੇ ਪਾਸੇ ਚੰਡੀਗੜ੍ਹ ਤੋਂ ਉੱਜੜੇ ਪੰਜਾਬੀ 50 ਸਾਲਾ ਉਜਾੜਾ ਦਿਵਸ ਮਨਾ ਰਹੇ ਸਨ। ਪੇਂਡੂ ਸੰਘਰਸ਼ ਕਮੇਟੀ ਚੰਡੀਗੜ੍ਹ, ਚੰਡੀਗੜ੍ਹ ਪੰਜਾਬੀ ਮੰਚ ਤੇ ਪੰਜਾਬੀ ਲੇਖਕ ਸਭਾ ਦੇ ਸਾਂਝੇ ਬੈਨਰ ਹੇਠ ਪ੍ਰੈੱਸ ਕਲੱਬ ਵਿਚ '50 ਸਾਲਾਂ ਵਿਚ ਪੰਜਾਬੀਆਂ ਨੇ ਚੰਡੀਗੜ੍ਹ ਵਿਚੋਂ ਕੀ ਖੱਟਿਆ ਤੇ ਕੀ ਗੁਆਇਆ' ਵਿਸ਼ੇ 'ਤੇ ਗੰਭੀਰ ਚਰਚਾਵਾਂ ਹੋਈਆਂ। ਇਸ ਮੌਕੇ ਪਰਚਾ ਪੜ੍ਹਦਿਆਂ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਜਨਰਲ ਸਕੱਤਰ ਦੀਪਕ ਸ਼ਰਮਾ ਚਨਾਰਥਲ ਨੇ ਕਿਹਾ ਕਿ ਹਰੇ-ਭਰੇ ਲਹਿ-ਲਹਾਉਂਦੇ ਤੇ ਸੱਭਿਆਚਾਰ ਨਾਲ ਲਬਰੇਜ 28 ਪਿੰਡ ਪ੍ਰਸ਼ਾਸਨ ਨੇ ਚੰਡੀਗੜ੍ਹ ਉਸਾਰਨ ਦੇ ਨਾਂ 'ਤੇ ਮਿੱਟੀ ਦੇ ਢੇਰ ਵਿਚ ਤਬਦੀਲ ਕੀਤੇ ਤੇ ਅੱਜ ਪਿੱਛੇ ਬਚੇ 23 ਪਿੰਡਾਂ ਵਿਚੋਂ ਜਿਥੇ ਉਨ੍ਹਾਂ ਦੀ ਭਾਸ਼ਾ ਨੂੰ ਖੋਹਣ ਦੀ ਕੋਸ਼ਿਸ਼ ਹੋ ਰਹੀ ਹੈ, ਉਥੇ ਹੀ ਚੰਡੀਗੜ੍ਹ ਵਿਚੋਂ ਵੀ ਇਕ ਗਿਣੀ-ਮਿੱਥੀ ਸਾਜ਼ਿਸ਼ ਤਹਿਤ ਪੰਜਾਬੀ ਤੇ ਪੰਜਾਬੀਅਤ ਨੂੰ ਖੂੰਜੇ ਲਾਇਆ ਜਾ ਰਿਹਾ ਹੈ। ਸੈਮੀਨਾਰ ਵਿਚ ਮੁੱਖ ਬੁਲਾਰੇ ਵਜੋਂ ਪਹੁੰਚੇ ਪੰਜਾਬੀ ਭਾਸ਼ਾ ਦੇ ਮਾਹਿਰ ਡਾ. ਜੋਗਾ ਸਿੰਘ ਨੇ ਅੰਕੜੇ ਭਰਪੂਰ ਦਸਤਾਵੇਜ਼ ਪੇਸ਼ ਕਰਦਿਆਂ ਆਖਿਆ ਕਿ ਇਹ ਤਾਂ ਪੂਰੀ ਦੁਨੀਆ ਮੰਨਦੀ ਹੈ ਕਿ ਜੇਕਰ ਬੱਚੇ ਮੁਢਲੀ ਸਿੱਖਿਆ ਆਪਣੀ ਭਾਸ਼ਾ ਵਿਚ ਸਿੱਖਣ ਤਾਂ ਬਹੁਤ ਤਰੱਕੀ ਕਰਦੇ ਹਨ।
ਇਸ ਦੀ ਉਦਾਹਰਣ ਦਿੰਦਿਆਂ ਉਨ੍ਹਾਂ ਕਿਹਾ ਕਿ ਭਾਰਤ ਦੇ ਜਿੰਨੇ ਵੀ ਵੱਡੇ ਸਾਇੰਸਦਾਨ ਹੋਏ ਹਨ, ਉਨ੍ਹਾਂ ਨੇ ਆਪਣੀ ਸਿੱਖਿਆ ਮਾਂ ਬੋਲੀ ਤੇ ਖੇਤਰੀ ਭਾਸ਼ਾ ਵਿਚ ਲਈ ਹੈ, ਕਿਸੇ ਨੇ ਵੀ ਅੰਗਰੇਜ਼ੀ ਨਹੀਂ ਪੜ੍ਹੀ। ਮੌਜੂਦਾ ਮਾਡਲ ਸਕੂਲ ਤੇ ਯੂਨੀਵਰਸਿਟੀਆਂ ਦੱਸ ਦੇਣ ਕਿ ਜੇ ਉਨ੍ਹਾਂ ਨੇ ਕੋਈ ਸਾਇੰਸਦਾਨ ਪੈਦਾ ਕੀਤਾ ਹੋਵੇ। ਇਸ ਮੌਕੇ ਚੰਡੀਗੜ੍ਹ ਦੇ ਮੌਜੂਦਾ 23 ਪਿੰਡਾਂ ਦੀ ਸਥਿਤੀ ਤੇ ਸਮੱਸਿਆਵਾਂ ਬਾਰੇ ਗੱਲ ਕਰਦਿਆਂ ਜੋਗਿੰਦਰ ਸਿੰਘ ਬੁੜੈਲ ਨੇ ਦੱਸਿਆ ਕਿ ਕਿਵੇਂ ਇਹ ਪਿੰਡ ਚੰਡੀਗੜ੍ਹ ਦੇ ਸ਼ਹਿਰ ਦੇ ਅੰਦਰ ਹੀ ਵਸੇ ਹਨ ਪਰ ਵਿਕਾਸ ਵਿਹੂਣੇ ਹਨ, ਸਕੂਲ ਅਧਿਆਪਕ ਵਿਹੂਣੇ ਹਨ ਤੇ ਪਿੰਡਾਂ ਦੇ ਬੱਚਿਆਂ ਦੇ ਝੋਲਿਆਂ ਵਿਚ ਕਿਤਾਬਾਂ ਤਕ ਨਹੀਂ ਹੁੰਦੀਆਂ ਤੇ ਪ੍ਰਸ਼ਾਸਨ ਫਿਰ ਕਿਸ ਖੂਬਸੂਰਤ ਸ਼ਹਿਰ ਦੀ ਗੱਲ ਕਰਦਾ ਹੈ। 50 ਸਾਲਾਂ ਵਿਚ ਪੰਜਾਬੀਆਂ ਨੇ ਚੰਡੀਗੜ੍ਹ ਵਿਚੋਂ ਖੱਟਿਆ ਨਹੀਂ, ਗੁਆਇਆ ਹੀ ਗੁਆਇਆ ਹੈ। ਇਸ ਆਧਾਰ 'ਤੇ ਗੱਲ ਕਰਦਿਆਂ ਚੰਡੀਗੜ੍ਹ ਪੰਜਾਬੀ ਮੰਚ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਨੇ ਚੰਡੀਗੜ੍ਹ ਦੇ ਉਜਾੜੇ ਤੇ ਇਥੋਂ ਉਜਾੜੀ ਜਾ ਰਹੀ ਪੰਜਾਬੀ ਭਾਸ਼ਾ ਲਈ ਤੇ ਪੰਜਾਬ ਵਿਚ ਵੀ ਪੰਜਾਬੀ ਨਾਲ ਹੋ ਰਹੇ ਧੱਕੇਸ਼ਾਹੀ ਲਈ ਸਿਆਸਤਾਦਾਨਾਂ ਨੂੰ ਜ਼ਿੰਮੇਵਾਰ ਠਹਿਰਾਇਆ।
ਨਸ਼ਾ ਛੱਡਣ ਲਈ ਅੱਧਾ ਦਰਜਨ ਵਿਅਕਤੀ ਹੋਏ ਤਿਆਰ
NEXT STORY