ਕੋਟ ਫਤੂਹੀ, (ਜ.ਬ.)- ਕੋਟ ਫਤੂਹੀ ਇਲਾਕੇ ਵਿਚ ਦਿਨੋ-ਦਿਨ ਵੱਧ ਰਹੀਆਂ ਲੁੱਟ-ਖੋਹ ਦੀਆਂ ਘਟਨਾਵਾਂ ਨਾਲ ਲੋਕਾਂ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਬੀਤੇ ਦਿਨ ਇਕ ਮੋਟਰਸਾਈਕਲ ਸਵਾਰ ਤੋਂ ਨਕਦੀ ਤੇ ਮੋਬਾਇਲ ਖੋਹਣ ਦਾ ਸਮਾਚਾਰ ਮਿਲਿਆ ਹੈ ਮਿਲੀ ਜਾਣਕਾਰੀ ਅਨੁਸਾਰ ਹਰਪ੍ਰੀਤ ਸਿੰਘ (ਲੱਬੀ) ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਭੂੰਨੋਂ ਆਪਣੇ ਮੋਟਰਸਾਈਕਲ 'ਤੇ ਬਹਿਰਾਮ ਵਲੋਂ ਆਪਣੇ ਪਿੰਡ ਭੂੰਨੋਂ ਜ਼ਿਲਾ ਹੁਸ਼ਿਆਰਪੁਰ ਨੂੰ ਵਾਇਆ ਕੋਟ ਫਤੂਹੀ ਜਾ ਰਿਹਾ ਸੀ।
ਰਾਤ ਕਰੀਬ 9:15 ਵਜੇ ਦੇ ਕਰੀਬ ਜਦੋਂ ਉਹ ਪਿੰਡ ਕੋਟਲਾ ਦੇ ਗੇਟ ਕੋਲ ਪਹੁੰਚਿਆ ਤਾਂ ਪਿੱਛਿਓਂ ਆ ਰਹੇ ਦੋ ਮੋਟਰਸਾਈਕਲਾਂ 'ਤੇ ਸਵਾਰ 6 ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ ਤੇ ਉਸਦਾ ਮਹਿੰਗਾ ਮੋਬਾਇਲ ਫੋਨ ਤੇ ਬਟੂਆ ਖੋਹ ਕੇ ਲੈ ਗਏ, ਜਿਸ ਵਿਚ ਕਰੀਬ 8600 ਰੁਪਏ ਦੀ ਨਕਦੀ ਆਧਾਰ ਕਾਰਡ, ਵੋਟਰ ਕਾਰਡ ਤੇ ਤਿੰਨ ਏ. ਟੀ. ਐੱਮ. ਕਾਰਡ ਸਨ। ਜ਼ਖਮੀ ਹਾਲਤ ਵਿਚ ਉਸ ਨੂੰ ਕੋਟ ਫਤੂਹੀ ਦੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿਥੇ ਉਸਦੇ ਸਿਰ ਵਿਚ ਚਾਰ ਟਾਂਕੇ ਲਾਏ ਗਏ।
ਉਸਨੇ ਦੱਸਿਆ ਕਿ ਉਸ ਦੀ ਬਾਂਹ ਤੇ ਗਰਦਨ 'ਤੇ ਪੁੱਠੇ ਦਾਤ ਮਾਰ ਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਗਿਆ। ਇਸ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਧੋਖੇ ਨਾਲ ਪਲਾਟ ਵੇਚ ਕੇ ਔਰਤ ਨੂੰ ਲਾਇਆ ਲੱਖਾਂ ਦਾ ਚੂਨਾ
NEXT STORY