ਵਾਸ਼ਿੰਗਟਨ - ਗ੍ਰੀਨਲੈਂਡ ਨੂੰ ਲੈ ਕੇ ਅਮਰੀਕਾ ਅਤੇ ਡੈਨਮਾਰਕ ਵਿਚਾਲੇ ਮੁੜ ਤਣਾਅ ਪੈਦਾ ਹੋ ਗਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਗ੍ਰੀਨਲੈਂਡ ’ਤੇ ਕਬਜ਼ਾ ਕਰਨ ਦੀ ਆਪਣੀ ਇੱਛਾ ਜ਼ਾਹਿਰ ਕੀਤੀ ਹੈ। ਗ੍ਰੀਨਲੈਂਡ ਇਕ ਖੁਦਮੁਖਤਿਆਰ ਰਾਜ ਹੈ ਪਰ ਡੈਨਮਾਰਕ ਸਾਮਰਾਜ ਦਾ ਹਿੱਸਾ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਗ੍ਰੀਨਲੈਂਡ ’ਤੇ ਕਬਜ਼ਾ ਕਰਨ ਦਾ ਆਪਣਾ ਇਰਾਦਾ ਦੁਹਰਾਉਂਦੇ ਹੋਏ ਕਿਹਾ ਕਿ ਇਹ ਇਲਾਕਾ ਉਨ੍ਹਾਂ ਨੂੰ ‘ਰਾਸ਼ਟਰੀ ਸੁਰੱਖਿਆ ਲਈ’ ਚਾਹੀਦਾ ਹੈ, ਨਾ ਕਿ ਕੁਦਰਤੀ ਸਰੋਤਾਂ ਲਈ। ਟਰੰਪ ਨੇ ਇਹ ਗੱਲ ਫਲੋਰੀਡਾ ਦੇ ਪਾਮ ਬੀਚ ’ਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਹੀ।
ਡੈਨਮਾਰਕ ਦੀ ਪ੍ਰਧਾਨ ਮੰਤਰੀ ਮੇਟੇ ਫ੍ਰੈਡਰਿਕਸਨ ਅਤੇ ਗ੍ਰੀਨਲੈਂਡ ਦੇ ਪ੍ਰਧਾਨ ਮੰਤਰੀ ਜੇਨਸ-ਫ੍ਰੈਡਰਿਕ ਨੀਲਸਨ ਨੇ ਸੋਮਵਾਰ ਨੂੰ ਇਕ ਸਾਂਝੇ ਬਿਆਨ ਵਿਚ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਅਮਰੀਕਾ ਉਨ੍ਹਾਂ ਦੀ ਸੰਯੁਕਤ ਖੇਤਰੀ ਅਖੰਡਤਾ ਦਾ ਸਨਮਾਨ ਕਰੇਗਾ। ਉਨ੍ਹਾਂ ਕਿਹਾ ਕਿ ਅਸੀਂ ਇਹ ਪਹਿਲਾਂ ਹੀ ਬਹੁਤ ਸਪੱਸ਼ਟ ਤੌਰ ’ਤੇ ਕਿਹਾ ਹੈ, ਹੁਣ ਇਸ ਨੂੰ ਦੁਬਾਰਾ ਕਹਿ ਰਹੇ ਹਾਂ। ਤੁਸੀਂ ਦੂਜੇ ਦੇਸ਼ਾਂ ’ਤੇ ਕਬਜ਼ਾ ਨਹੀਂ ਕਰ ਸਕਦੇ। ਅੰਤਰਰਾਸ਼ਟਰੀ ਸੁਰੱਖਿਆ ਦੇ ਆਧਾਰ ’ਤੇ ਵੀ ਨਹੀਂ। ਗ੍ਰੀਨਲੈਂਡ ਇੱਥੋਂ ਦੇ ਲੋਕਾਂ ਦਾ ਹੈ ਅਤੇ ਅਮਰੀਕਾ ਨੂੰ ਗ੍ਰੀਨਲੈਂਡ ’ਤੇ ਕਬਜ਼ਾ ਨਹੀਂ ਕਰਨਾ ਚਾਹੀਦਾ।
ਗ੍ਰੀਨਲੈਂਡ ਇਕ ਸਾਬਕਾ ਡੈਨਿਸ਼ ਬਸਤੀਵਾਦੀ ਖੇਤਰ ਹੈ, ਜਿਸ ਨੂੰ 1979 ਵਿਚ ਸਵੈ-ਸ਼ਾਸਨ ਦਾ ਅਧਿਕਾਰ ਦਿੱਤਾ ਗਿਆ ਸੀ। 2009 ਵਿਚ ਡੈਨਮਾਰਕ ਨੇ ਆਪਣੀ ਸੰਸਦ ਵਿਚ ਗ੍ਰੀਨਲੈਂਡ ਸੁਤੰਤਰਤਾ ਐਕਟ ਪਾਸ ਕੀਤਾ, ਜਿਸ ਨਾਲ ਟਾਪੂ ਨੂੰ ਆਪਣੇ ਅੰਦਰੂਨੀ ਮਾਮਲਿਆਂ ਬਾਰੇ ਫੈਸਲਾ ਲੈਣ ਦੀ ਆਜ਼ਾਦੀ ਮਿਲੀ। ਡੈਨਿਸ਼ ਪ੍ਰਧਾਨ ਮੰਤਰੀ ਦਫ਼ਤਰ ਦੀ ਵੈੱਬਸਾਈਟ ਦੇ ਅਨੁਸਾਰ ਗ੍ਰੀਨਲੈਂਡ ਦੇ ਵਿਦੇਸ਼ੀ ਮਾਮਲਿਆਂ, ਰੱਖਿਆ ਅਤੇ ਸੁਰੱਖਿਆ ਨੀਤੀ ’ਤੇ ਅਜੇ ਵੀ ਡੈਨਮਾਰਕ ਦਾ ਹੀ ਅਧਿਕਾਰ ਹੈ।
ਜੈਫ ਲੈਂਡਰੀ ਨੂੰ ਗ੍ਰੀਨਲੈਂਡ ’ਚ ਵਿਸ਼ੇਸ਼ ਦੂਤ ਕੀਤਾ ਨਿਯੁਕਤ
ਟਰੰਪ ਨੇ ਲੁਈਸਿਆਨਾ ਦੇ ਗਵਰਨਰ ਜੈਫ ਲੈਂਡਰੀ ਨੂੰ ਗ੍ਰੀਨਲੈਂਡ ਲਈ ਆਪਣਾ ਵਿਸ਼ੇਸ਼ ਦੂਤ ਨਿਯੁਕਤ ਕੀਤਾ ਹੈ। ਟਰੰਪ ਨੇ ਕਿਹਾ, ‘ਸਾਨੂੰ ਗ੍ਰੀਨਲੈਂਡ ਚਾਹੀਦਾ ਹੀ ਚਾਹੀਦਾ ਹੈ ਅਤੇ ਲੈਂਡਰੀ ਸਾਡੇ ਯਤਨਾਂ ਦੀ ਅਗਵਾਈ ਕਰਨਾ ਚਾਹੁੰਦੇ ਸਨ। ’
ਉਧਰ ਡੈਨਮਾਰਕ ਦੇ ਵਿਦੇਸ਼ ਮੰਤਰੀ ਲਾਰਸ ਲੋਕੇ ਰਾਸਮੁਸੇਨ ਨੇ ਸੋਮਵਾਰ ਨੂੰ ਕਿਹਾ ਕਿ ਉਹ ਇਸ ਨਿਯੁਕਤੀ ਨੂੰ ਲੈ ਕੇ ਡੈਨਮਾਰਕ ਵਿਚ ਅਮਰੀਕੀ ਰਾਜਦੂਤ ਕੇਨੇਥ ਹਾਵਰੀ ਨੂੰ ਤਲਬ ਕਰਨਗੇ।
ਟਰੰਪ ਪ੍ਰਸ਼ਾਸਨ ਨੇ ਵੀਜ਼ਾ ਪ੍ਰੋਗਰਾਮ ’ਚ ਲਾਟਰੀ ਸਿਸਟਮ ਕੀਤਾ ਖਤਮ
NEXT STORY