ਜਲੰਧਰ (ਸੋਨੂੰ): ਜਲੰਧਰ ਦੇ ਸ਼ਹਾਕੋਟ ਵਿਚ 2 ਦਿਨ ਪਹਿਲਾਂ 33 ਸਾਲਾ ਸੰਦੀਪ ਕੁਮਾਰ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਮਾਮਲੇ ਵਿਚ ਪੁਲਸ ਨੇ ਕਾਰਵਾਈ ਕਰਦਿਆਂ ਪੁਲਸ ਨੇ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਮੁਲਜ਼ਮ ਦੇ ਕਬਜ਼ੇ ਵਿਚੋਂ ਪਿਸਤੌਲ ਤੇ 2 ਰੌਂਦ ਬਰਾਮਦ ਕੀਤੇ ਹਨ। ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਸ਼ੇਰ ਸਿੰਘ ਉਰਫ਼ ਸ਼ੇਰਾ ਪੁੱਤਰ ਨਾਨਕ ਸਿੰਘ ਵਜੋਂ ਹੋਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਸ਼ਾਹਕੋਟ ਦੇ ਡੀ. ਐੱਸ. ਪੀ. ਤੇ ਐੱਸ. ਐੱਚ. ਓ. ਨੇ ਮਾਮਲੇ ਦੀ ਜਾਂਚ ਕਰਦਿਆਂ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੇ ਕਬਜ਼ੇ 'ਚੋਂ ਮੇਡ ਇਨ ਟਰਕੀ ਪਿਸਤੌਲ ਬਰਾਮਦ ਕੀਤੀ ਗਈ ਹੈ। ਮੁਲਜ਼ਮ ਤੋਂ ਪੁੱਛਗਿੱਛ ਦੌਰਾਨ ਪਤਾ ਲੱਗਿਆ ਹੈ ਕਿ ਉਸ ਦੀ ਜਗਪ੍ਰੀਤ ਸਿੰਘ ਉਰਫ਼ ਜੱਗਾ ਨਾਲ ਜਾਣ-ਪਛਾਣ ਸੀ, ਜੋ ਡੰਕੀ ਰੂਟ ਰਾਹੀਂ ਅਮਰੀਕਾ ਗਿਆ ਸੀ। ਜੱਗਾ ਦੀ ਭਾਰਤ ਵਿਚ ਕਿਸੇ ਕੁੜੀ ਨਾਲ ਜਾਣ-ਪਛਾਣ ਸੀ ਤੇ ਜੱਗਾ ਚਾਹੁੰਦਾ ਸੀ ਕਿ ਉਹ ਕਿਸੇ ਹੋਰ ਨਾਲ ਗੱਲਬਾਤ ਨਾ ਕਰੇ। ਉਕਤ ਕੁੜੀ ਦਾ ਸੰਦੀਪ ਨਾਲ ਵਿਆਹ ਹੋ ਗਿਆ, ਜਿਸ ਮਗਰੋਂ ਜੱਗੇ ਨੇ ਇਸ ਰੰਜਿਸ਼ ਕਾਰਨ ਜੱਗਾ ਨੇ ਸ਼ੇਰਾ ਨੂੰ ਸੰਦੀਪ ਦਾ ਕਤਲ ਕਰਨ ਦੀ ਸੁਪਾਰੀ ਦੇ ਦਿੱਤੀ।
ਜੱਗੇ ਨੇ ਹੀ ਸ਼ੇਰਾ ਨੂੰ ਹਥਿਆਰ ਮੁਹੱਈਆ ਕਰਵਾਇਆ, ਜਿਸ ਨਾਲ ਉਸ ਨੇ ਸੰਦੀਪ ਕੁਮਾਰ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ। ਸ਼ੇਰਾ ਨੇ ਦੱਸਿਆ ਕਿ ਉਸ ਨੂੰ ਇਹ ਕਤਲ ਕਰਨ ਲਈ 2 ਲੱਖ ਰੁਪਏ ਮਿਲਣੇ ਸਨ। ਐੱਸ. ਐੱਸ. ਪੀ. ਨੇ ਕਿਹਾ ਕਿ ਵਿਦੇਸ਼ ਵਿਚ ਬੈਠੇ ਜੱਗੇ ਨੂੰ ਭਾਰਤ ਲਿਆਉਣ ਲਈ ਜਲਦੀ ਹੀ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਸੰਦੀਪ ਕੁਮਾਰ ਕਬਾੜ ਦੀ ਦੁਕਾਨ 'ਤੇ ਕੰਮ ਕਰਦਾ ਸੀ। ਉਸ ਦਾ ਆਪਣੀ ਪਤਨੀ ਨਾਲੋਂ ਤਲਾਕ ਹੋਇਆ ਹੈ ਅਤੇ ਕਰੀਬ 10 ਦਿਨ ਪਹਿਲਾਂ ਹੀ ਉਸ ਨੇ ਦੂਜਾ ਵਿਆਹ ਕਰਵਾਇਆ ਸੀ।
ਜਲੰਧਰ: ਲੁੱਟ ਦੀਆਂ ਵਾਰਦਾਤਾਂ ਦੀ ਸੁਲਝੀ ਗੁੱਥੀ, 3 ਮੁਲਜ਼ਮ ਗ੍ਰਿਫ਼ਤਾਰ
NEXT STORY