ਮੌੜ ਮੰਡੀ(ਪ੍ਰਵੀਨ)-'ਬੜੇ ਬੇ-ਹਿੰਮਤੇ ਹੁੰਦੇ ਉਹ ਜੋ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਤਾਂ Àੁੱਗ ਪੈਂਦੇ ਨੇ ਸੀਨਾਂ ਪਾੜ ਕੇ ਪੱਥਰਾਂ ਦਾ' ਬਾਬਾ ਦਵਿੰਦਰ ਸਿੰਘ ਜੀ ਦੀ ਅਗਵਾਈ 'ਚ ਪਿਛਲੇ ਦੋ ਦਿਨਾਂ ਤੋਂ ਸਿਵਲ ਹਸਪਤਾਲ ਮੌੜ ਵਿਖੇ ਪੱਕੇ ਡਾਕਟਰਾਂ ਦੀ ਤਾਇਨਾਤੀ ਨੂੰ ਲੈ ਕੇ ਮੌੜ ਇਲਾਕੇ ਦੇ ਚਲ ਰਹੇ ਸੰਘਰਸ਼ ਨੇ ਉਹ ਕ੍ਰਿਸ਼ਮਾ ਕਰ ਦਿਖਾਇਆ ਜੋ ਵੱਡੇ-ਵੱਡੇ ਸੰਘਰਸ਼ ਅਤੇ ਜਨਮੇਜਾ ਸਿੰਘ ਸੇਖੋਂ ਵਰਗੇ ਮੰਤਰੀ ਵੀ ਨਾ ਕਰਵਾ ਸਕੇ। ਜਦੋਂ ਏ. ਡੀ. ਸੀ. ਬਠਿੰਡਾ ਸਾਕਸ਼ੀ ਸਾਹਨੀ ਆਪਣੇ ਨਾਲ ਚਾਰ ਪੱਕੇ ਡਾਕਟਰਾਂ ਨੂੰ ਲੈ ਕੇ ਸਿਵਲ ਹਸਪਤਾਲ ਮੌੜ ਵਿਖੇ ਪਹੁੰਚੀ ਅਤੇ ਡਾਕਟਰਾਂ ਨੇ ਖੁਦ ਹਸਪਤਾਲ ਦਾ ਤਾਲਾ ਖੋਲ੍ਹ ਕੇ ਓ. ਪੀ. ਡੀ. ਸ਼ੁਰੂ ਕਰ ਦਿੱਤੀ। ਇਸ ਨਾਲ ਮੌੜ ਇਲਾਕੇ ਦੇ ਲੋਕਾਂ ਦੀ ਦੋ ਦਹਾਕੇ ਪੁਰਾਣੀ ਮੰਗ ਪੂਰੀ ਹੋ ਗਈ ਅਤੇ ਸੰਘਰਸ਼ ਦੀ ਜਿੱਤ ਹੋਈ, ਜਿਸ ਨਾਲ ਮੰਡੀ ਅਤੇ ਇਲਾਕਾ ਵਾਸੀਆਂ 'ਚ ਖੁਸ਼ੀ ਦੀ ਲਹਿਰ ਦੌੜ ਗਈ। ਇਸ ਤੋਂ ਪਹਿਲਾਂ ਬੀਤੀ ਰਾਤ ਇਸ ਸੰਘਰਸ਼ ਨੇ ਉਸ ਵਕਤ ਨਵਾਂ ਮੌੜ ਲੈ ਲਿਆ, ਜਦ ਐੱਸ. ਡੀ. ਐੱਮ. ਮੌੜ ਬਲਵਿੰਦਰ ਸਿੰਘ ਨੇ ਧਰਨਾ ਸਥਾਨ 'ਤੇ ਆ ਕੇ ਬਾਬਾ ਦਵਿੰਦਰ ਸਿੰਘ ਨਾਲ ਬਹਿਸ ਸ਼ੁਰੂ ਕਰ ਦਿੱਤੀ ਅਤੇ ਗੱਲ ਹੱਥੋਪਾਈ ਤੱਕ ਪਹੁੰਚ ਗਈ। ਬੇਸ਼ੱਕ ਪੁਲਸ ਐੱਸ. ਡੀ. ਐੱਮ. ਨੂੰ ਧਰਨੇ 'ਚੋਂ ਸੁਰੱਖਿਅਤ ਕੱਢਣ 'ਚ ਤਾਂ ਸਫਲ ਹੋ ਗਈ ਪਰ ਪ੍ਰਸ਼ਾਸਨ ਨੂੰ ਸਟਾਫ ਦੇ ਬਾਹਰ ਕੱਢਣ 'ਚ ਅਸਫਲ ਰਹਿਣ ਕਾਰਨ ਭਾਰੀ ਨਮੋਸ਼ੀ ਸਹਿਣੀ ਪਈ। ਮਾਮਲਾ ਵਿਗੜਦਾ ਦੇਖ ਕੇ ਏ. ਡੀ. ਸੀ. ਬਠਿੰਡਾ ਸਾਕਸ਼ੀ ਸਾਹਨੀ ਰਾਤ ਲਗਭਗ 9 ਵਜੇ ਖੁਦ ਧਰਨਕਾਰੀਆਂ ਕੋਲ ਪੁੱਜੇ ਅਤੇ ਉਨ੍ਹਾਂ ਦੀਆਂ ਮੰਗਾਂ ਨੂੰ ਹੱਲ ਕਰਵਾਉਣ ਲਈ ਵਿਸ਼ਵਾਸ ਦਿਵਾਇਆ, ਜਿਸ ਤੋਂ ਬਾਅਦ ਲਗਭਗ ਰਾਤ 11 ਵਜੇ ਹਸਪਤਾਲ ਸਟਾਫ ਨੂੰ ਬਾਹਰ ਕੱਢਿਆ ਗਿਆ।
ਉਧਰ ਬਾਬਾ ਦਵਿੰਦਰ ਸਿੰਘ ਨੇ ਇਲਾਜ ਦੌਰਾਨ ਹੀ ਮੌੜ ਦੇ ਥਾਣਾ ਮੁਖੀ ਅੰਮ੍ਰਿਤਪਾਲ ਸਿੰਘ ਭਾਟੀ ਨੂੰ ਐੱਸ. ਡੀ. ਐੱਮ. ਬਲਵਿੰਦਰ ਸਿੰਘ ਖ਼ਿਲਾਫ ਲਿਖਤੀ ਸ਼ਿਕਾਇਤ ਕਰ ਕੇ ਦੋਸ਼ ਲਾਇਆ ਹੈ ਕਿ ਐੱਸ. ਡੀ. ਐੱਮ. ਨੇ ਉਨ੍ਹਾਂ ਨੂੰ ਧਰਨਾ ਖਤਮ ਕਰਵਾਉਣ ਲਈ ਦਬਾਅ ਪਾਇਆ। ਅੱਜ ਧਰਨੇ ਨੂੰ ਸੰਬੋਧਨ ਕਰਦੇ ਹੋਏ ਸੁਖਵੀਰ ਸਿੰਘ ਮਾਈਸਰਖਾਨਾ, ਸਾਬਕਾ ਪ੍ਰਧਾਨ ਰਾਜੇਸ਼ ਜੈਨ, ਮਾਸਟਰ ਖੇਤਾ ਸਿੰਘ, ਰਮਨਦੀਪ ਸਿੰਘ ਮੌੜ ਕਲਾਂ, ਦੇਵ ਰਾਜ ਜੇ. ਈ., ਜਗਦੀਸ਼ ਸ਼ਰਮਾ, ਮੇਲਾ ਸਿੰਘ, ਕਿਸਾਨ ਯੂਨੀਅਨ ਜ਼ਿਲਾ ਬਠਿੰਡਾ ਦੇ ਪ੍ਰਧਾਨ ਸੁਰਜੀਤ ਸਿੰਘ ਸੰਦੋਹਾ, ਲੱਖਾ ਸਿਧਾਣਾ ਨੇ ਪ੍ਰਸ਼ਾਸਨ ਦੇ ਰਵੱਈਏ ਦੀ ਨਿੰਦਿਆਂ ਕਰਦੇ ਹੋਏ ਕਿਹਾ ਕਿ ਇਕ ਉੱਚ ਅਧਿਕਾਰੀ ਨੇ ਸ਼ਾਂਤਮਈ ਢੰਗ ਨਾਲ ਚੱਲ ਰਹੇ ਧਰਨੇ 'ਚ ਪਹੁੰਚ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਸੀ, ਜੋ ਬਹੁਤ ਹੀ ਸ਼ਰਮਸਾਰ ਹੈ।
ਉੱਧਰ ਸਿਵਲ ਸਰਜਨ ਬਠਿੰਡਾ ਹਰੀ ਨਰਾਇਣ ਇਕ ਡਾਕਟਰ ਬਲਵੀਰ ਸਿੰਘ ਮੈਡੀਕਲ ਅਫਸਰ ਦੇ ਆਰਜ਼ੀ ਡਿਊਟੀ ਦੇ ਲਿਖਤੀ ਹੁਕਮ ਲੈ ਕੇ ਧਰਨਾਕਾਰੀਆਂ ਕੋਲ ਪੁੱਜੇ ਪਰ ਧਰਨਾਕਾਰੀਆਂ ਨੇ ਆਰਜ਼ੀ ਡਾਕਟਰ ਦੇ ਹੁਕਮਾਂ ਨੂੰ ਪ੍ਰਵਾਨ ਨਹੀਂ ਕੀਤਾ, ਸਗੋਂ ਪੱਕੇ ਤੌਰ 'ਤੇ ਡਾਕਟਰ ਲਾਉਣ 'ਤੇ ਅੜੇ ਰਹੇ, ਜਿਸ ਤੋਂ ਬਾਅਦ ਸਿਵਲ ਸਰਜਨ ਬੇਰੰਗ ਪਰਤ ਗਏ। ਜਦ ਬੀਤੀ ਰਾਤ ਨੂੰ ਹੋਈ ਘਟਨਾ ਸਬੰਧੀ ਐੱਸ. ਡੀ. ਐੱਮ. ਮੌੜ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਗਲਤ ਨੰਬਰ ਕਹਿ ਕੇ ਫੋਨ ਕੱਟ ਦਿੱਤਾ। ਜਦ ਇਸ ਮਾਮਲੇ ਸਬੰਧੀ ਥਾਣਾ ਮੁਖੀ ਅੰਮ੍ਰਿਤਪਾਲ ਸਿੰਘ ਭਾਟੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਬਾਬਾ ਦਵਿੰਦਰ ਸਿੰਘ ਜੀ ਵੱਲੋਂ ਐੱਸ. ਡੀ. ਐੱਮ. ਤੇ ਉਸ ਦੇ ਮੁਲਾਜ਼ਮਾਂ ਖ਼ਿਲਾਫ ਦਰਖਾਸਤ ਦਿੱਤੀ ਹੈ, ਉਕਤ ਦਰਖਾਸਤ ਉੱਚ ਅਧਿਕਾਰੀਆਂ ਦੀ ਸੇਵਾ 'ਚ ਭੇਜ ਦਿੱਤੀ ਗਈ ਹੈ। ਆਖਿਰ ਪ੍ਰਸ਼ਾਸਨ ਝੁਕਿਆ ਏ. ਡੀ. ਸੀ. ਸਾਕਸ਼ੀ ਸਾਹਨੀ ਡਾਕਟਰਾਂ ਦੀ ਟੀਮ ਨੂੰ ਲੈ ਕੇ ਧਰਨਾਕਾਰੀਆਂ ਕੋਲ ਪੁੱਜੇ ਅਤੇ ਉਨ੍ਹਾਂ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਚਾਰ ਡਾਕਟਰ ਪੱਕੇ ਤੌਰ 'ਤੇ ਸਿਵਲ ਹਸਪਤਾਲ 'ਚ ਤਾਇਨਾਤ ਕਰ ਦਿੱਤੇ ਗਏ ਹਨ ਅਤੇ 2 ਮਾਹਿਰ ਡਾਕਟਰਾਂ ਨੂੰ ਆਰਜ਼ੀ ਤੌਰ 'ਤੇ ਤਾਇਨਾਤ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸਿਵਲ ਹਸਪਤਾਲ ਮੌੜ ਵਿਖੇ ਸਹਾਰਾ ਕਲੱਬ ਮੌੜ ਵੱਲੋਂ ਫਰਿੱਜ ਹਸਪਤਾਲ ਨੂੰ ਦੇਣ ਦੀ ਸ਼ਰਤ 'ਤੇ ਪੋਸਟਮਾਰਟਮ ਦੀ ਸਹੂਲਤ ਵੀ ਚਾਲੂ ਕਰਨ ਦਾ ਐਲਾਨ ਕਰ ਦਿਤਾ ਗਿਆ। ਇਸ ਤੋਂ ਬਾਅਦ ਏ. ਡੀ. ਸੀ. ਬਠਿੰਡਾ ਨਾਲ ਆਏ ਡਾਕਟਰਾਂ ਨੇ ਹਸਪਤਾਲ ਦੇ ਤਾਲੇ ਖੋਲ੍ਹ ਕੇ ਓ. ਪੀ. ਡੀ. ਸ਼ੁਰੂ ਕਰ ਦਿੱਤੀ ਅਤੇ ਧਰਨਾਕਾਰੀਆਂ ਨੇ ਧਰਨਾ ਚੁੱਕ ਲਿਆ।
ਕੌਂਸਲ ਪ੍ਰਧਾਨ ਨੂੰ ਕੁਰਸੀ ਤੋਂ ਲਾਹੁਣ ਲਈ ਕਾਂਗਰਸੀ ਹੋਏ ਇਕਜੁੱਟ
NEXT STORY