ਮੁੰਬਈ- 2020 ’ਚ ਰਿਲੀਜ਼ ਹੋਈ ਹਿੱਟ ਵੈੱਬ ਸੀਰੀਜ਼ ‘ਸਪੈਸ਼ਲ ਓਪਸ’ ਨੇ ਦਰਸ਼ਕਾਂ ’ਚ ਖ਼ਾਸ ਪਛਾਣ ਬਣਾਈ ਸੀ। ਹੁਣ ਇਸ ਦਾ ਦੂਜਾ ਸੀਜ਼ਨ ‘ਸਪੈਸ਼ਲ ਓਪਸ-2’ 11 ਜੁਲਾਈ ਨੂੰ ਜੀਓ ਸਿਨੇਮਾ ’ਤੇ ਸਟ੍ਰੀਮ ਹੋਣ ਜਾ ਰਿਹਾ ਹੈ, ਜੋ ਸਾਈਬਰ ਵਾਰ ਤੇ ਡਾਟਾ ਦੀ ਲੜਾਈ ਵਰਗੇ ਮੌਜੂਦਾ ਦੌਰ ਦੇ ਅਹਿਮ ਮੁੱਦਿਆਂ ’ਤੇ ਆਧਾਰਤ ਹੈ। ਇਸ ਸੀਜ਼ਨ ’ਚ ਕੇ. ਕੇ. ਮੈਨਨ, ਕਰਨ ਟੈਕਰ, ਤਾਹਿਰ ਰਾਜ ਭਸੀਨ ਤੇ ਸ਼ਿਵਮ ਨਾਇਰ ਵਰਗੇ ਕਲਾਕਾਰ ਅਹਿਮ ਭੂਮਿਕਾਵਾਂ ਨਿਭਾਅ ਰਹੇ ਹਨ। ਸੀਰੀਜ਼ ਬਾਰੇ ਸਟਾਰਕਾਸਟ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ ਅਤੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ...
ਪਹਿਲਾਂ ਤਾਂ ਡਰ ਦੇ ਮਾਰੇ ਹੰਝੂ ਨਿਕਲ ਗਏ ਫਿਰ ਹਾਈ ਡੈਮ ’ਤੇ ਵੀ ਸੀਨ ਕੀਤਾ: ਕਰਨ ਟੈਕਰ
ਪ੍ਰ. ਨੀਰਜ ਪਾਂਡੇ ਵਰਗੇ ਨਿਰਦੇਸ਼ਕ ਨਾਲ ਕੰਮ ਕਰਨ ਦਾ ਕਿਹੋ ਜਿਹਾ ਅਨੁਭਵ ਰਿਹਾ?
ਇਹ ਇਕ ਪਾਰਟੀ ਵਰਗੀ ਜ਼ਰੂਰੀ ਲੱਗਦੀ ਹੈ ਪਰ ਉਹ ਪਾਰਟੀ ਇਸ ਲਈ ਹੁੰਦੀ ਹੈ ਕਿਉਂਕਿ ਪਹਿਲਾਂ ਬਹੁਤ ਗੰਭੀਰ ਕੰਮ ਕੀਤਾ ਜਾਂਦਾ ਹੈ। ਨੀਰਜ ਸਰ ਬਹੁਤ ਅਨੁਸ਼ਾਸਿਤ ਤੇ ਮਿਹਨਤੀ ਹਨ ਅਤੇ ਉਨ੍ਹਾਂ ਦੀ ਐਨਰਜੀ ਪੂਰੀ ਟੀਮ ’ਚ ਟ੍ਰਾਂਸਫਰ ਹੋ ਜਾਂਦੀ ਹੈ। ਉਨ੍ਹਾਂ ਨਾਲ ਕੰਮ ਕਰਨਾ ਆਸਾਨ ਹੋ ਜਾਂਦਾ ਹੈ ਕਿਉਂਕਿ ਉਹ ਸਕ੍ਰਿਪਟ ਤੋਂ ਲੈ ਕੇ ਨਿਰਦੇਸ਼ਨ ਤੱਕ ਹਰ ਚੀਜ਼ ’ਚ ਬਹੁਤ ਕਲੀਅਰ ਹੁੰਦੇ ਹਨ।
ਪ੍ਰ. ਐਕਸ਼ਨ ਸੀਨ ਕਰਦੇ ਸਮੇਂ ਕੋਈ ਅਜਿਹਾ ਚੁਣੌਤੀਪੂਰਨ ਪਲ, ਜੋ ਅੱਜ ਵੀ ਯਾਦ ਹੋਵੇ?
ਹਰ ਪ੍ਰਾਜੈਕਟ ਕੁਝ ਨਾ ਕੁਝ ਸਿਖਾ ਦਿੰਦਾ ਹੈ। ਮੈਨੂੰ ਅਹਿਸਾਸ ਹੀ ਨਹੀਂ ਸੀ ਕਿ ਮੈਨੂੰ ਐਕਸ਼ਨ ਇੰਨਾ ਪਸੰਦ ਹੈ। ਮੈਨੂੰ ਉੱਚਾਈ ਤੋਂ ਡਰ ਲੱਗਦਾ ਹੈ। ਇਕ ਸੀਨ ਵਿਚ 16 ਮੰਜ਼ਿਲਾ ਬਿਲਡਿੰਗ ਦੇ ਕਿਨਾਰੇ ਖੜ੍ਹਾ ਹੋਣਾ ਸੀ ਅਤੇ ਡਰ ਦੇ ਮਾਰੇ ਮੇਰੀਆਂ ਅੱਖਾਂ ’ਚ ਹੰਝੂ ਆ ਗਏ ਸਨ ਪਰ ਸ਼ਿਵਮ ਸਰ ਨੇ ਸਮਝਾਇਆ ਅਤੇ ਮੈਂ ਡਰ ਨੂੰ ਮਾਤ ਦਿੱਤੀ। ਦੂਜੇ ਸੀਜ਼ਨ ਵਿਚ ਹਾਈ ਡੈਮ ’ਤੇ ਸੀਨ ਕੀਤਾ ਅਤੇ ਖੂਬ ਮਜ਼ਾ ਆਇਆ।
ਨੀਰਜ਼ ਪਾਂਡੇ ਦੀ ਸਕ੍ਰਿਪਟ ਵਿਚ ਕੁਝ ਬਦਲਾਅ ਦੀ ਜ਼ਰੂਰਤ ਮਹਿਸੂਸ ਨਹੀਂ ਹੁੰਦੀ : ਕੇ. ਕੇ. ਮੈਨਨ
ਪ੍ਰ. ਨੀਰਜ ਪਾਂਡੇ ਦੀ ਲੇਖਣੀ ਨੂੰ ਤੁਸੀਂ ਕਿਵੇਂ ਦੇਖਦੇ ਹੋ। ਕੀ ਉਨ੍ਹਾਂ ਦੀ ਸਕ੍ਰਿਪਟ ਐਕਟਰਜ਼ ਲਈ ਆਸਾਨ ਹੁੰਦੀ ਹੈ?
ਮੈਂ ਨੀਰਜ ਨੂੰ ਲੰਬੇ ਸਮੇਂ ਤੋਂ ਜਾਣਦਾ ਸੀ। ਉਹ ਮੇਰੇ ਬਹੁਤ ਚੰਗੇ ਦੋਸਤ ਹਨ ਅਤੇ ਇੰਡਸਟਰੀ ਦੇ ਬਿਹਤਰੀਨ ਲੇਖਕਾਂ ’ਚੋਂ ਇਕ ਹਨ। ਜਦੋਂ ਤੁਸੀਂ ਉਨ੍ਹਾਂ ਦੀ ਸਕ੍ਰਿਪਟ ਪੜ੍ਹਦੇ ਹੋ ਤਾਂ ਉਸ ਵਿਚ ਕੁਝ ਬਦਲਣ ਦੀ ਲੋੜ ਹੀ ਮਹਿਸੂਸ ਨਹੀਂ ਹੁੰਦੀ। ਐਕਟਿੰਗ ਕਰਦੇ ਸਮੇਂ ਤੁਸੀਂ ਨਿਸ਼ਚਿੰਤ ਹੋ ਸਕਦੇ ਹੋ ਕਿਉਂਕਿ ਲਿਖਿਆ ਹੋਇਆ ਬਹੁਤ ਮਜ਼ਬੂਤ ਹੁੰਦਾ ਹੈ।
ਪ੍ਰ. ਕੀ ਕਦੇ ਅਜਿਹਾ ਸੈੱਟ ਅਨੁਭਵ ਕੀਤਾ ਹੈ, ਜਿੱਥੇ ਮਾਹੌਲ ਚੰਗਾ ਨਾ ਹੋਵੇ ਪਰ ਸਕ੍ਰਿਪਟ ਦਮਦਾਰ ਹੋਵੇ।
ਹਾਂ, ਅਜਿਹੇ ਸੈੱਟਸ ਕਈ ਵਾਰ ਆਉਂਦੇ ਹਨ ਪਰ ਮੇਰੇ ਲਈ ਪ੍ਰੋਫੈਸ਼ਨਲਿਜ਼ਮ ਸਭ ਤੋਂ ਜ਼ਰੂਰੀ ਹੈ। ਜਦੋਂ ਤੁਸੀਂ ਕਿਸੇ ਪ੍ਰਾਜੈਕਟ ਲਈ ਕਮਿਟ ਹੁੰਦੇ ਹੋ ਤਾਂ ਉਸ ਨੂੰ ਪੂਰਾ ਕਰਨਾ ਹੀ ਹੁੰਦਾ ਹੈ, ਭਾਵੇਂ ਹੀ ਕੁਝ ਲੋਕ ਪ੍ਰਤਿਭਾਸ਼ੀਲ ਨਾ ਵੀ ਹੋਣ। ਤੁਹਾਨੂੰ ਆਪਣਾ ਕੰਮ ਪੂਰੀ ਈਮਾਨਦਾਰੀ ਨਾਲ ਕਰਨਾ ਚਾਹੀਦਾ ਹੈ।
ਅੱਜ ਵੀ ਉਹੀ ਇਮਾਨਦਾਰੀ ਚਾਹੀਦੀ ਹੈ : ਸ਼ਿਵਮ ਨਾਇਰ
ਪ੍ਰ. ਕੀ ਤੁਸੀਂ ਨੀਰਜ ਪਾਂਡੇ ਦੇ ਲਿਖਣ ਦੇ ਸਟਾਈਲ ਬਾਰੇ ਕੁਝ ਦੱਸੋਗੇ?
ਜੀ ਹਾਂ, ਮੈਂ ਅਤੇ ਨੀਰਜ ਲਗਭਗ 15-20 ਸਾਲ ਤੋਂ ਇਕੱਠੇ ਕੰਮ ਕਰ ਰਹੇ ਹਾਂ। ਉਨ੍ਹਾਂ ਦੀ ਲੇਖਣੀ ਬੇਹੱਦ ਸ਼ਾਨਦਾਰ ਹੁੰਦੀ ਹੈ। ਪਹਿਲਾਂ ਉਹ ਹੱਥ ਨਾਲ ਲਿਖਿਆ ਕਰਦੇ ਸਨ ਤੇ ਉਨ੍ਹਾਂ ਦੀ ਸਪੱਸ਼ਟਤਾ ਇੰਨੀ ਹੁੰਦੀ ਸੀ ਕਿ ਕਦੇ ਲਾਈਨ ਕੱਟਣ ਦੀ ਜ਼ਰੂਰਤ ਨਹੀਂ ਸੀ ਪੈਂਦੀ। ਉਨ੍ਹਾਂ ਦਾ ਪਹਿਲਾਂ ਡ੍ਰਾਫਟ ਹੀ ਇੰਨਾ ਸਟੀਕ ਹੁੰਦਾ ਹੈ ਕਿ ਉਸ ਵਿਚ ਬਦਲਾਅ ਦੀ ਜ਼ਰੂਰਤ ਨਹੀਂ ਹੁੰਦੀ।
ਪ੍ਰ. 1990 ਅਤੇ 2000 ਦੇ ਸ਼ੂਟਿੰਗ ਕਲਚਰ ਵਿਚ ਕੁਝ ਅਜਿਹਾ ਹੈ , ਜੋ ਤੁਸੀਂ ਅੱਜ ਮਿਸ ਕਰਦੇ ਹੋ?
ਮੈਨੂੰ ਨਹੀਂ ਲੱਗਦਾ ਕਿ ਪੁਰਾਣੇ ਸਮੇਂ ਵਿਚ ਸਭ ਕੁਝ ਚੰਗਾ ਹੀ ਸੀ। ਮੈਂ ਉਸ ਦੌਰ ਦੀ ਵਡਿਆਈ ਨਹੀਂ ਕਰਦਾ। ਉਦੋਂ ਵੀ ਕਹਾਣੀ ਮਾਇਨੇ ਰੱਖਦੀ ਸੀ, ਅੱਜ ਵੀ ਰੱਖਦੀ ਹੈ। ਬਸ ਨੈਰੇਟਿਵ ਸਟ੍ਰਕਚਰ ਬਦਲਿਆ ਹੈ। ਈਮਾਨਦਾਰੀ ਅਤੇ ਸੱਚਾਈ ਅੱਜ ਵੀ ਓਨੀ ਹੀ ਜ਼ਰੂਰੀ ਹੈ, ਜਿੰਨੀ ਪਹਿਲਾਂ ਸੀ।
ਪ੍ਰ. ਕੀ ‘ਸਪੈਸ਼ਲ ਓਪਸ-2’ ਪੂਰੀ ਤਰ੍ਹਾਂ ਏ. ਆਈ. ’ਤੇ ਆਧਾਰਿਤ ਹੈ।
ਨਹੀਂ, ਇਹ ਸ਼ੋਅ ਏ.ਆਈ. ’ਤੇ ਨਹੀਂ ਸਗੋਂ ਸਾਈਬਰ ਵਾਰ ਅਤੇ ਡਾਟਾ ਦੀ ਲੜਾਈ ’ਤੇ ਆਧਾਰਿਤ ਹੈ। ਏ.ਆਈ. ਇਕ ਐਲੀਮੈਂਟ ਦੇ ਰੂਪ ’ਚ ਹੈ ਪਰ ਪੂਰੀ ਕਹਾਣੀ ਉਸ ’ਤੇ ਕੇਂਦਰਿਤ ਨਹੀਂ ਹੈ। ਮੈਂ ਕਿਸੇ ਨੂੰ ਗੁੰਮਰਾਹ ਨਹੀਂ ਕਰਨਾ ਚਾਹਾਂਗਾ।
ਟੀਮ ਵਿਚ ਜੁੜਨਾ ਨਵਾਂ ਸਕੂਲ ਜੁਆਇਨ ਕਰਨ ਵਰਗਾ : ਤਾਹਿਰ
ਪ੍ਰ. ਜਦੋਂ ਤੁਸੀਂ ਇਕ ਹਿੱਟ ਸ਼ੋਅ ਦੇ ਸੀਜ਼ਨ-2 ਨਾਲ ਜੁੜਦੇ ਹੋ ਤਾਂ ਸੈੱਟ ’ਤੇ ਖ਼ੁਦ ਨੂੰ ਕਿਵੇਂ ਐਡਜਸਟ ਕਰਦੇ ਹੋ?
ਮੈਂ ਸੀਜ਼ਨ ਵਿਚ ਨਵਾਂ ਹਾਂ, ਇਸ ਲਈ ਸ਼ੁਰੂਆਤ ਵਿਚ ਅਜਿਹਾ ਮਹਿਸੂਸ ਹੋਇਆ ਜਿਵੇਂ ਮੈਂ ਇਕ ਨਵੇਂ ਸਕੂਲ ’ਚ ਨਵਾਂ ਬੱਚਾ ਹਾਂ। ਬਾਕੀ ਸਾਰੇ ਹੈੱਡਮਾਸਟਰ ਨੂੰ ਜਾਣਦੇ ਸਨ ਪਰ ਮੈਂ ਨਹੀਂ। ਕੁਝ ਦਿਨਾਂ ’ਚ ਸਮਝ ਆਇਆ ਕਿ ਨੀਰਜ ਸਰ ਘੱਟ ਬੋਲਦੇ ਹਨ ਪਰ ਬਹੁਤ ਸਾਫ਼ ਬੋਲਦੇ ਹਨ। ਇਸ ਨਾਲ ਐਕਟਰ ਨੂੰ ਸੁਰੱਖਿਆ ਮਹਿਸੂਸ ਹੁੰਦੀ ਹੈ। ਮੈਂ ਉਨ੍ਹਾਂ ਤੋਂ ਬਹੁਤ ਕੁਝ ਸਿੱਖਿਆ।
ਪ੍ਰ. ਇਸ ਸੀਜ਼ਨ ਤੋਂ ਤੁਸੀਂ ਕੀ ਸਿੱਖਿਆ?
ਜਦੋਂ ਤੁਸੀਂ ਇਕ ਹਿੱਟ ਸ਼ੋਅ ਨਾਲ ਜੁੜਦੇ ਹੋ ਤਾਂ ਤੁਹਾਨੂੰ ਬਹੁਤ ਜਲਦੀ ਟੀਮ ਨਾਲ ਸਹਿਜ ਹੋਣਾ ਹੁੰਦਾ ਹੈ। ਅਸੀਂ ਬਹੁਤ ਠੰਢੇ ਮੌਸਮ ’ਚ ਵੀ ਸ਼ੂਟਿੰਗ ਕੀਤੀ, ਮੀਂਹ ’ਚ ਵੀ। ਅਜਿਹੇ ’ਚ ਖ਼ੁਦ ਨੂੰ ਮੌਸਮ ਤੇ ਸੀਨ ਅਨੁਸਾਰ ਢਾਲਣਾ ਜ਼ਰੂਰੀ ਹੁੰਦਾ ਹੈ। ਮੈਂ ਹਰ ਸੀਨ ’ਚ ਆਪਣਾ 100 ਪ੍ਰਤੀਸ਼ਤ ਦਿੱਤਾ ਹੈ ਪਰ ਹਾਲੇ ਤੱਕ ਨਹੀਂ ਪਤਾ ਕਿ ਮੈਂ ਪਾਸ ਹੋਇਆ ਹਾਂ ਜਾਂ ਨਹੀਂ।
'ਬਾਰਡਰ 2' ਲਈ ਦਿਲਜੀਤ ਦੋਸਾਂਝ ਤੋਂ ਹਟਾਇਆ ਗਿਆ Ban, ਭੂਸ਼ਣ ਕੁਮਾਰ ਕਾਰਨ ਮਿਲੀ ਖਾਸ ਛੋਟ
NEXT STORY