ਗੋਨਿਆਣਾ(ਗੋਰਾ ਲਾਲ)- ਚਾਹੇ ਨਗਰ ਕੌਂਸਲ ਦੀਆਂ ਵੋਟਾਂ ਪਈਆਂ ਨੂੰ ਤਕਰੀਬਨ ਸਾਢੇ ਤਿੰਨ ਸਾਲ ਦਾ ਸਮਾਂ ਹੋ ਗਿਆ ਹੈ ਪਰ ਨਗਰ ਕੌਂਸਲ ਦੇ ਪ੍ਰਧਾਨ ਦੀ ਕੁਰਸੀ ਉਸ ਸਮੇਂ ਤੋਂ ਹੀ ਡੱਕੇ-ਡੋਲੇ ਖਾਂਦੀ ਹੋਈ ਆਪਣਾ ਸਮਾਂ ਟਪਾ ਰਹੀ ਹੈ ਅਤੇ ਹੁਣ ਵਿਧਾਨ ਸਭਾ ਦੀਆਂ ਵੋਟਾਂ ਪੈਣ ਤੋਂ ਬਾਅਦ ਕਾਂਗਰਸੀਆਂ ਨੇ ਅਕਾਲੀ ਪ੍ਰਧਾਨ ਨੂੰ ਕੁਰਸੀ ਤੋਂ ਉਤਾਰਨ ਲਈ ਆਪਣੀ ਕਮਰਕਸ ਲਈ ਹੈ। ਉਕਤ ਕੌਂਸਲ ਦੇ ਕੁਝ ਕੌਸਲਰਾਂ ਨੇ ਦੱਸਿਆ ਕਿ ਜਦੋਂ ਕੌਂਸਲ ਦੀਆਂ ਵੋਟਾਂ ਪਈਆਂ ਸਨ, ਉਸ ਵਕਤ ਅਕਾਲੀ ਦਲ ਦੇ ਦੋ ਵੱਡੇ ਧਨਾਢ ਲੀਡਰਾਂ ਦੇ ਪ੍ਰਧਾਨਗੀ ਦੇ ਦੋ ਦਾਅਵੇਦਾਰ ਹੋਣ ਕਾਰਨ ਇਹ ਪ੍ਰਧਾਨਗੀ ਦੀ ਕੁਰਸੀ ਅਕਾਲੀ ਦਲ ਨੂੰ ਮਜਬੂਰਨ ਪ੍ਰੇਮ ਕੁਮਾਰ ਪ੍ਰੇਮਾਂ ਦੀ ਝੋਲੀ 'ਚ ਸੁੱਟਣੀ ਪਈ। ਉਸ ਵਕਤ ਤੋਂ ਹੀ ਉਕਤ ਪ੍ਰਧਾਨ ਕੁਝ ਅਕਾਲੀ ਕੌਂਸਲਰਾਂ ਨੂੰ ਹੀ ਨਜ਼ਰਅੰਦਾਜ਼ ਕਰਦਾ ਰਿਹਾ, ਜਿਸ ਕਾਰਨ ਕੁਝ ਅਕਾਲੀ ਕੌਂਸਲਰ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਦੀ ਛੱਤਰ-ਛਾਇਆ ਵਿਚ ਜਾ ਬੈਠੇ। ਹੁਣ ਜਦੋਂ ਵਿਧਾਨ ਸਭਾ ਦੀਆਂ ਵੋਟਾਂ ਤੋਂ ਬਾਅਦ ਪੰਜਾਬ ਵਿਚ ਕਾਂਗਰਸ ਸਰਕਾਰ ਅਤੇ ਹਲਕੇ ਵਿਚ ਕਾਂਗਰਸ ਪਾਰਟੀ ਦਾ ਹੀ ਵਿਧਾਇਕ ਬਣ ਗਿਆ ਹੈ ਤਾਂ ਨਾਰਾਜ਼ ਕਾਂਗਰਸੀ ਕੌਂਸਲਰਾਂ ਨੇ ਪ੍ਰਧਾਨ ਪ੍ਰੇਮ ਕੁਮਾਰ ਨੂੰ ਪ੍ਰਧਾਨਗੀ ਤੋਂ ਥੱਲੇ ਲਹਾਉਣ ਲਈ ਕਮਰਕੱਸ ਲਈ ਹੈ।
ਕੁਝ ਕੌਂਸਲਰਾਂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਚ ਦੱਸਿਆ ਕਿ ਜਦੋਂ ਉਕਤ ਨੂੰ ਪ੍ਰਧਾਨ ਬਣਾਇਆ ਗਿਆ ਸੀ ਤਾਂ ਉਸ ਵਕਤ ਕੌਂਸਲਰਾਂ ਵੱਲੋਂ ਪ੍ਰਧਾਨ ਦੇ ਸਾਹਮਣੇ ਕੁਝ ਸ਼ਰਤਾਂ ਰੱਖ ਕੇ ਕਸਮਾਂ ਪਾਈਆਂ ਸਨ, ਜੋ ਬਾਅਦ 'ਚ ਉਕਤ ਪ੍ਰਧਾਨ ਕਸਮਾਂ ਤੋਂ ਬਦਲ ਗਿਆ ਹੈ ਅਤੇ ਹੁਣ ਕੌਂਸਲਰਾਂ ਨੇ ਆਪਣੇ ਮਤਭੇਦ ਮਿਟਾ ਕੇ ਪ੍ਰਧਾਨ ਨੂੰ ਕੁਰਸੀ ਤੋਂ ਲਾਹੁਣ ਦੀ ਠਾਣ ਲਈ ਹੈ, ਪ੍ਰਧਾਨਗੀ ਦੇ ਦਾਅਵੇਦਾਰ ਕੌਂਸਲਰਾਂ ਨੇ ਇਹ ਵੀ ਕਿਹਾ ਕਿ ਸਾਡੇ ਸੰਪਰਕ ਵਿਚ ਹਲਕਾ ਵਿਧਾਇਕ ਤੋਂ ਇਲਾਵਾ ਅੱਠ ਕੌਂਸਲਰ ਸਹਿਮਤ ਹਨ ਅਤੇ ਹੋਰ 2 ਕੌਂਸਲਰਾਂ ਨਾਲ ਸਾਡੀ ਸਹਿਮਤੀ ਬਣ ਰਹੀ ਹੈ।
ਇਸ ਸਬੰਧੀ ਹਲਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨੂੰ ਜਾਣੂ ਕਰਵਾ ਦਿੱਤਾ ਹੈ ਅਤੇ ਪ੍ਰਧਾਨ ਬਣਾਉਣ ਦੀਆਂ ਪਾਵਰਾਂ ਵੀ ਹਲਕਾ ਵਿਧਾਇਕ ਨੂੰ ਦੇ ਦਿੱਤੀਆਂ ਹਨ, ਉਹ ਜਿਸ ਕੌਂਸਲਰ ਨੂੰ ਚਾਹੁਣ ਕਿਸੇ ਵੀ ਸਮੇਂ ਪ੍ਰਧਾਨਗੀ ਦੀ ਕੁਰਸੀ 'ਤੇ ਬਿਠਾ ਦੇਣ।ਇਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਮੌਜੂਦਾ ਪ੍ਰਧਾਨ ਤੋਂ ਆਪਣੇ ਹੀ ਕੌਂਸਲਰ ਕਾਫੀ ਨਾਰਾਜ਼ ਦੇਖੇ ਜਾ ਰਹੇ ਹਨ, ਜਿਸ ਕਾਰਨ ਕੌਂਸਲਰ ਮੌਜੂਦਾ ਸਰਕਾਰ ਦੀ ਪਾਰਟੀ ਨਾਲ ਜੁੜਨ ਲਈ ਤਿਆਰ ਬੈਠੇ ਹਨ।ਇਕ ਸੀਨੀਅਰ ਕਾਂਗਰਸੀ ਲੀਡਰ ਨੇ ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਕਤ ਪ੍ਰਧਾਨ ਵੱਲੋਂ ਸਾਢੇ ਤਿੰਨ ਸਾਲ ਦੀ ਪ੍ਰਧਾਨਗੀ ਦੌਰਾਨ ਜਿੰਨੀ ਵੀ ਗ੍ਰਾਂਟ ਵਿਕਾਸ ਦੇ ਕੰਮਾਂ ਲਈ ਆਈ ਸੀ, ਉਸ ਗ੍ਰਾਂਟ ਦੇ ਵਰਤਣ ਦੌਰਾਨ ਜੋ ਵੀ ਘਪਲਾ ਹੋਇਆ ਹੈ, ਉਸ ਦੀ ਬਹੁਤ ਜਲਦੀ ਪੰਜਾਬ ਸਰਕਾਰ ਦੀ ਇਕ ਨਿਰਪੱਖ ਜਾਂਚ ਏਜੰਸੀ ਤੋਂ ਜਾਂਚ ਕਰਵਾਈ ਜਾਵੇਗੀ ਅਤੇ ਗ੍ਰਾਂਟ ਵਰਤਣ ਦੌਰਾਨ ਘਪਲਾ ਪਾਏ ਜਾਣ 'ਤੇ ਪ੍ਰਧਾਨ ਵਿਰੁੱਧ ਸਖਤ ਕਾਨੂੰਨੀ ਕਰਵਾਈ ਵੀ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਹਲਕਾ ਭੁੱਚੋ 'ਚੋਂ ਗੋਨਿਆਣਾ ਨਗਰ ਕੌਂਸਲ 'ਚ ਸਰਕਾਰ ਦੀ ਸਭ ਤੋਂ ਵੱਧ ਗ੍ਰਾਂਟ ਆਈ ਸੀ, ਜਿਸ ਦਾ ਵਿਕਾਸ ਦੇ ਨਾਂ 'ਤੇ ਬਹੁਤ ਵੱਡਾ ਘਪਲਾ ਹੋਇਆ ਹੈ।ਹਲਕਾ ਵਿਧਾਇਕ ਦੇ ਨਜ਼ਦੀਕੀ ਇਕ ਹੋਰ ਕਾਂਗਰਸੀ ਲੀਡਰ ਨੇ ਕਿਹਾ ਕਿ ਉਕਤ ਪ੍ਰਧਾਨ ਕੋਲ ਮੰਡੀ ਦਾ ਕੋਈ ਵੀ ਵਿਅਕਤੀ ਜਾਂ ਕਾਂਗਰਸੀ ਵਰਕਰ ਆਪਣੇ ਕੰਮਕਾਰ ਲਈ ਦਫ਼ਤਰ ਵਿਚ ਜਾਂਦਾ ਹੈ ਤਾਂ ਪ੍ਰਧਾਨ ਅਕਾਲੀ ਦਲ ਦਾ ਹੋਣ ਕਾਰਨ ਕਾਂਗਰਸ ਪਾਰਟੀ ਦੇ ਕਿਸੇ ਵੀ ਵਰਕਰ ਦਾ ਕੰਮ ਨਹੀਂ ਕਰਦਾ ਅਤੇ ਕਾਂਗਰਸ ਪਾਰਟੀ ਦਾ ਅਕਸ ਖਰਾਬ ਕਰਨ 'ਤੇ ਤੁਲਿਆ ਹੋਇਆ ਹੈ, ਜਿਸ ਕਾਰਨ ਕਾਂਗਰਸ ਪਾਰਟੀ ਦੇ ਲੀਡਰਾਂ, ਆਗੂਆਂ, ਵਰਕਰਾਂ ਅਤੇ ਸ਼ਹਿਰ ਵਾਸੀਆਂ ਵੱਲੋਂ ਹਲਕਾ ਵਿਧਾਇਕ ਨੂੰ ਕਈ ਵਾਰੀ ਜਾਣੂ ਕਰਵਾਇਆ ਜਾ ਚੁੱਕਾ ਹੈ। ਹਲਕਾ ਵਿਧਾਇਕ ਨੇ ਕਾਂਗਰਸ ਪਾਰਟੀ ਦੇ ਪਤਵੰਤਿਆਂ ਅਤੇ ਸ਼ਹਿਰ ਵਾਸੀਆਂ ਨੂੰ ਵਿਸ਼ਵਾਸ ਦਿਵਾਇਆਂ ਹੈ ਕਿ ਬਹੁਤ ਜਲਦੀ ਹੀ ਤੁਹਾਨੂੰ ਇਸ ਸਮੱਸਿਆ ਤੋਂ ਨਿਜਾਤ ਦਿਵਾਈ ਜਾਵੇਗੀ।
ਪੁਲਸ ਨੇ ਹਰਿਆਣਾ ਸ਼ਰਾਬ ਸਮੇਤ 6 ਨੂੰ ਕੀਤਾ ਕਾਬੂ
NEXT STORY