ਜਲੰਧਰ (ਸ਼ੋਰੀ)— ਬੇਸ਼ੱਕ ਅਕਾਲੀ-ਭਾਜਪਾ ਗਠਜੋੜ ਸਰਕਾਰ ਬਦਲੀ ਅਤੇ ਪੰਜਾਬ ਵਿਚ ਕਾਂਗਰਸ ਸਰਕਾਰ ਆ ਚੁੱਕੀ ਹੈ ਪਰ ਸਿਵਲ ਹਸਪਤਾਲ ਵਿਖੇ ਮਰੀਜ਼ਾਂ ਨੂੰ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਖਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਹਸਪਤਾਲ ਵਿਖੇ ਸੀ. ਟੀ. ਸਕੈਨ ਵਾਲੀ ਮਸ਼ੀਨ ਕਰੀਬ ਇਕ ਮਹੀਨੇ ਤੋਂ ਖਰਾਬ ਪਈ ਹੈ। ਹਸਪਤਾਲ ਵਿਚ ਮਰੀਜ਼ਾਂ ਨੂੰ ਦੂਜੇ ਹਸਪਤਾਲਾਂ ਵਿਚ ਮਹਿੰਗੀਆਂ ਕੀਮਤਾਂ ਵਿਚ ਸੀ. ਟੀ. ਸਕੈਨ ਕਰਵਾਉਣੀ ਪੈ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਮਸ਼ੀਨ ਦਾ ਜੋ ਪਾਰਟ ਜਿਸ ਦੀ ਕੀਮਤ ਲੱਖਾਂ ਵਿਚ ਹੈ, ਉਹ ਠੀਕ ਹੋਣ ਦੇ ਨਾਲ-ਨਾਲ ਮਸ਼ੀਨ ਦੀਆਂ ਬੈਟਰੀਆਂ ਵੀ ਬਦਲਣੀਆਂ ਪੈਣਗੀਆਂ। ਕੁਲ ਮਿਲਾ ਕੇ ਕਰੀਬ 4 ਲੱਖ ਤੱਕ ਦਾ ਖਰਚਾ ਹੋਵੇਗਾ ਪਰ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਬਾਵਾ ਦੇ ਕੋਲ ਡੇਢ ਲੱਖ ਖਰਚਾ ਕਰਨ ਦੀ ਪਾਵਰ ਹੈ। ਢਾਈ ਲੱਖ ਦਾ ਖਰਚਾ ਸਿਹਤ ਮੰਤਰੀ ਦੇ ਫੰਡ ਤੋਂ ਜਾਰੀ ਹੋਣ ਤੋਂ ਬਾਅਦ ਹੀ ਮਸ਼ੀਨ ਠੀਕ ਹੋਵੇਗੀ।
ਸੂਤਰਾਂ ਮੁਤਾਬਕ ਮੈਡੀਕਲ ਸੁਪਰਡੈਂਟ ਨੇ ਇਸ ਸਬੰਧੀ ਚੰਡੀਗੜ੍ਹ ਆਪਣੇ ਉੱਚ ਅਧਿਕਾਰੀਆਂ ਨੂੰ ਰਿਪੋਰਟ ਭੇਜ ਦਿੱਤੀ ਹੈ। ਪੂਰੇ ਮਾਮਲੇ ਦੀ ਜਾਣਕਾਰੀ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੂੰ ਵੀ ਹੈ ਪਰ ਫੰਡ ਦੀ ਕਮੀ ਦੇ ਕਾਰਨ ਮੰਤਰੀ ਸਾਹਿਬ ਨੇ ਹੱਥ ਖੜ੍ਹੇ ਕਰ ਦਿੱਤੇ ਹਨ, ਜਿਸ ਕਾਰਨ ਮਰੀਜ਼ਾਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੂਤਰਾਂ ਦੀ ਮੰਨੀਏ ਤਾਂ ਮੰਤਰੀ ਜੀ ਦਾ ਕਹਿਣਾ ਹੈ ਕਿ ਸਰਕਾਰ ਦੇ ਖਜ਼ਾਨੇ ਖਾਲੀ ਹੋ ਚੁੱਕੇ ਹਨ, ਜਿਸ ਦਾ ਨਤੀਜਾ ਸਾਹਮਣੇ ਹੈ ਕਿ ਮਸ਼ੀਨ ਖਰਾਬ ਹੋਣ ਕਾਰਨ ਉਸ ਦੇ ਕਮਰੇ ਦੇ ਬਾਹਰ ਪੱਕਾ ਤਾਲਾ ਲਗਾ ਦਿੱਤਾ ਗਿਆ ਹੈ। ਉਥੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਐੱਮ. ਡੀ. ਵਰੁਣ ਰੂਜਮ ਨਾਲ ਫੋਨ 'ਤੇ ਇਸ ਸਬੰਧੀ ਗੱਲ ਕਰਨ ਲਈ ਕਾਲ ਕੀਤੀ ਗਈ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।
ਢਿੱਲੋਂ ਨੇ ਕੀਤਾ ਹਾਈਕੋਰਟ ਦੇ ਜੱਜ ਅਮਿਤ ਰਾਵਲ ਨੂੰ ਸਨਮਾਨਿਤ
NEXT STORY