ਚੰਡੀਗੜ੍ਹ (ਰਾਏ)- ਸਫਾਈ ਕਰਮਚਾਰੀ ਯੂਨੀਅਨ ਤੇ ਉਸ ਦੇ ਸਹਿਯੋਗੀ ਸੰਗਠਨ ਦੇ ਮੈਂਬਰਾਂ ਨੇ ਸ਼ੁੱਕਰਵਾਰ ਨੂੰ ਮੰਗਾਂ ਨੂੰ ਲੈ ਕੇ ਨਗਰ ਨਿਗਮ ਦਫਤਰ ਦਾ ਘਿਰਾਓ ਕੀਤਾ। ਹਾਲਾਂਕਿ ਸਭ ਤੋਂ ਪਹਿਲਾਂ ਉਥੇ ਮੌਜੂਦ ਪੁਲਸ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ। ਭਾਰੀ ਗਿਣਤੀ ਵਿਚ ਕਰਮਚਾਰੀ ਇਸ ਰੋਸ ਪ੍ਰਦਰਸ਼ਨ ਵਿਚ ਸ਼ਾਮਲ ਹੋਏ। ਨਿਗਮ ਦੇ ਸਾਹਮਣੇ ਸੈਕਟਰ-17 ਦੀ ਇਕ ਪਾਰਕਿੰਗ ਸਪੇਸ ਵਿਚ ਸਾਰੇ ਯੂਨੀਅਨ ਲੀਡਰਾਂ ਨੇ ਇਕੱਠੇ ਹੋ ਕੇ ਮੇਅਰ, ਨਿਗਮ ਕਮਿਸ਼ਨਰ ਤੋਂ ਲੈ ਕੇ ਕੌਂਸਲਰਾਂ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ।
ਰੋਸ ਪ੍ਰਦਰਸ਼ਨ ਤੋਂ ਪਹਿਲਾਂ ਪੁਲਸ ਨੇ ਧਾਰਾ-144 ਦਾ ਉਲੰਘਣ ਹੋਣ 'ਤੇ ਸਵੇਰ ਹੁੰਦਿਆਂ ਹੀ ਯੂਨੀਅਨ ਦੇ ਲੀਡਰਾਂ ਸਮੇਤ ਭਾਰੀ ਗਿਣਤੀ ਵਿਚ ਮੈਂਬਰਾਂ ਨੂੰ ਹਿਰਾਸਤ ਵਿਚ ਲਿਆ ਸੀ, ਜਿਸ ਮਗਰੋਂ ਸਾਰਿਆਂ ਨੂੰ ਸੈਕਟਰ-17 ਥਾਣੇ ਲਿਜਾਇਆ ਗਿਆ। ਇਸ ਦੌਰਾਨ ਥਾਣੇ ਦੇ ਆਸ-ਪਾਸ ਕਾਫੀ ਸੁਰੱਖਿਆ ਵਧਾ ਦਿੱਤੀ ਗਈ। ਥਾਣੇ ਵਿਚ ਹੀ ਹਿਰਾਸਤ ਵਿਚ ਸਫਾਈ ਕਰਮਚਾਰੀਆਂ ਨੇ ਪੁਲਸ ਤੇ ਨਿਗਮ ਅਧਿਕਾਰੀਆਂ, ਕੌਂਸਲਰਾਂ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ। ਬਾਅਦ ਵਿਚ ਹਿਰਾਸਤ ਵਿਚ ਲਏ ਗਏ ਯੂਨੀਅਨ ਆਗੂਆਂ ਤੇ ਕਰਮਚਾਰੀਆਂ ਨੂੰ ਛੱਡ ਦਿੱਤਾ ਗਿਆ। ਇਸ ਤੋਂ ਬਾਅਦ ਸਾਰੇ ਕਰਮਚਾਰੀਆਂ ਨੇ ਨਿਗਮ ਦਫਤਰ ਨੂੰ ਘੇਰਨ ਲਈ ਕੂਚ ਕੀਤਾ ਪਰ ਉਦੋਂ ਤਕ ਪੁਲਸ ਨੇ ਆਪਣੀ ਸਾਰੀ ਫੋਰਸ ਨਿਗਮ ਦੇ ਆਸ-ਪਾਸ ਲਗਾ ਦਿੱਤੀ।
ਕਾਂਗਰਸ ਪ੍ਰਧਾਨ, ਸਾਬਕਾ ਮੇਅਰ ਵੀ ਪ੍ਰਦਰਸ਼ਨ ਵਿਚ ਹੋਏ ਸ਼ਾਮਲ
ਰੋਸ ਪ੍ਰਦਰਸ਼ਨ ਵਿਚ ਸਿਆਸੀ ਰੰਗ ਵੀ ਦੇਖਣ ਨੂੰ ਮਿਲਿਆ। ਚੰਡੀਗੜ੍ਹ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪ੍ਰਦੀਪ ਛਾਬੜਾ ਪਹਿਲਾਂ ਥਾਣੇ ਤੇ ਉਸ ਤੋਂ ਬਾਅਦ ਰੋਸ ਪ੍ਰਦਰਸ਼ਨ ਵਿਚ ਸ਼ਿਰਕਤ ਕਰਨ ਲਈ ਖਾਸ ਤੌਰ 'ਤੇ ਪਹੁੰਚੇ। ਰੋਸ ਪ੍ਰਦਰਸ਼ਨ ਵਿਚ ਸਾਬਕਾ ਮੇਅਰ ਹਰਫੂਲ ਕਲਿਆਣ ਸਮੇਤ ਕਈ ਕਾਂਗਰਸੀ ਆਗੂ ਵੀ ਸ਼ਾਮਲ ਹੋਏ। ਯੂਨੀਅਨ ਵਲੋਂ ਰੋਸ ਪ੍ਰਦਰਸ਼ਨ ਦੀ ਅਗਵਾਈ ਪ੍ਰਧਾਨ ਕ੍ਰਿਸ਼ਨ ਕੁਮਾਰ ਚੱਢਾ, ਸਾਬਕਾ ਪ੍ਰਧਾਨ ਸ਼ਿਆਮ ਲਾਲ ਘਾਂਵਰੀ ਤੇ ਪ੍ਰਧਾਨ ਜਨਰਲ ਸਕੱਤਰ ਓਮਪਾਲ ਸਿੰਘ ਚਾਂਵਰ ਨੇ ਕੀਤੀ।
ਇਨ੍ਹਾਂ ਮੰਗਾਂ ਨੂੰ ਲੈ ਕੇ ਕੀਤਾ ਗਿਆ ਪ੍ਰਦਰਸ਼ਨ
. ਮ੍ਰਿਤਕ ਸਫਾਈ ਕਰਮਚਾਰੀਆਂ ਦੇ ਆਸ਼ਰਿਤਾਂ ਲਈ ਨੌਕਰੀ।
. 1532 ਖਾਲੀ ਅਹੁਦਿਆਂ ਨੂੰ ਜਲਦੀ ਭਰਨਾ।
. 1126 ਡੇਲੀਵੇਜ਼ ਸਫਾਈ ਕਰਮਚਾਰੀਆਂ ਨੂੰ ਨਿਗਮ ਦੇ ਅਧੀਨ ਕਰਨਾ।
. ਠੇਕੇ 'ਤੇ ਸਫਾਈ ਕਰਮਚਾਰੀਆਂ ਨੂੰ ਨਿਗਮ ਦੇ ਅਧੀਨ ਕਰਨਾ।
ਪ੍ਰਸ਼ਾਸਨ ਡੀ. ਆਰ. ਆਈ. ਤੋਂ ਮੰਗੇਗਾ ਹੈਰੀਟੇਜ ਫਰਨੀਚਰ ਦੀ ਸਮੱਗਲਿੰਗ ਦੀ ਰਿਪੋਰਟ
NEXT STORY