ਮੋਹਾਲੀ (ਨਿਆਮੀਆਂ) : ਨਗਰ ਨਿਗਮ ਵਲੋਂ ਸ਼ਹਿਰ ਦੀਆਂ ਸੜਕਾਂ ਦੀ ਮਸ਼ੀਨੀ ਸਫਾਈ ਕਰਨ ਵਾਲੀ ਕੰਪਨੀ ਸਮੇਂ-ਸਮੇਂ 'ਤੇ ਚਰਚਾ ਦਾ ਕੇਂਦਰ ਬਣਦੀ ਰਹਿੰਦੀ ਹੈ ਤੇ ਇਸ ਕੰਪਨੀ ਵਲੋਂ ਸਫਾਈ ਦੀਆਂ ਸ਼ਰਤਾਂ ਦੀ ਕਥਿਤ ਉਲੰਘਣਾ ਦਾ ਮਾਮਲਾ ਕਈ ਵਾਰ ਹਾਊਸ ਦੀਆਂ ਮੀਟਿੰਗਾਂ ਵਿਚ ਵੀ ਚਰਚਾ ਦਾ ਵਿਸ਼ਾ ਬਣਦਾ ਰਿਹਾ ਹੈ। ਇਸ ਸਬੰਧੀ ਮਿਉੂਂਸੀਪਲ ਕੌਂਸਲਰ ਕੁਲਜੀਤ ਸਿੰਘ ਬੇਦੀ ਵਲੋਂ ਬੀਤੀ ਰਾਤ 10 ਤੋਂ 12 ਵਜੇ ਦੇ ਦਰਮਿਆਨ ਉਕਤ ਕੰਪਨੀ ਵਲੋਂ ਕੀਤੀ ਜਾ ਰਹੀ ਸਫਾਈ ਦੀ ਕਾਰਵਾਈ ਦੀ ਜਾਂਚ ਕੀਤੀ ਗਈ ਤੇ ਕੰਪਨੀ ਵਲੋਂ ਕੀਤੀਆਂ ਜਾ ਰਹੀਆਂ ਬੇਨਿਯਮੀਆਂ ਦੇ ਸਬੂਤ ਹਾਸਲ ਕੀਤੇ ਗਏ।
ਬੇਦੀ ਵਲੋਂ ਬੀਤੀ ਰਾਤ ਕੁੰਭੜਾ ਚੌਕ ਤੋਂ ਪੀ. ਸੀ. ਐੱਲ. ਚੌਕ ਵੱਲ ਜਾਂਦੀ ਸੜਕ 'ਤੇ ਕੀਤੀ ਜਾ ਰਹੀ ਸਫਾਈ ਦੀ ਜਾਂਚ ਕੀਤੀ ਗਈ। ਇਸ ਦੌਰਾਨ ਇਹ ਵੇਖਿਆ ਗਿਆ ਕਿ ਕੰਪਨੀ ਦੀਆਂ ਸਫਾਈ ਕਰਨ ਵਾਲੀਆਂ 2 ਗੱਡੀਆਂ ਇਸ ਸੜਕ 'ਤੇ ਚਲਾਈਆਂ ਜਾ ਰਹੀਆਂ ਸਨ ਪਰ ਗੱਡੀਆਂ ਨਾਲ ਨਾ ਤਾਂ ਪਾਣੀ ਮਾਰਨ ਵਾਲੀ ਗੱਡੀ ਸੀ ਤੇ ਨਾ ਹੀ ਬਾਹਰ ਖਿੱਲਰੇ ਕੂੜੇ ਨੂੰ ਇਕੱਤਰ ਕਰਨ ਵਾਸਤੇ ਕੋਈ ਲੇਬਰ ਦਾ ਵਿਅਕਤੀ ਸੀ।
ਬੇਦੀ ਨੇ ਦੱਸਿਆ ਕਿ ਠੇਕੇ ਦੀਆਂ ਸ਼ਰਤਾਂ ਅਨੁਸਾਰ ਸਫਾਈ ਵੇਲੇ ਇਨ੍ਹਾਂ ਗੱਡੀਆ ਦੀ ਵੱਧ ਤੋਂ ਵੱਧ ਰਫਤਾਰ 8 ਕਿਲੋਮੀਟਰ ਪ੍ਰਤੀ ਘੰਟਾ ਤੈਅ ਕੀਤੀ ਗਈ ਹੈ, ਤਾਂ ਜੋ ਸਫਾਈ ਦਾ ਕੰਮ ਚੰਗੀ ਤਰ੍ਹਾਂ ਹੋ ਸਕੇ ਪਰ ਗੱਡੀਆਂ ਦੇ ਡਰਾਈਵਰ 20 ਕਿਲੋਮੀਟਰ ਦੀ ਰਫਤਾਰ ਨਾਲ ਗੱਡੀਆਂ ਚਲਾ ਰਹੇ ਸਨ।
ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੇ ਸਫਾਈ ਕਰਨ ਵਾਲੀ ਗੱਡੀ ਦੇ ਡਰਾਈਵਰ ਨਾਲ ਗੱਲ ਕੀਤੀ ਤਾਂ ਉਹ ਕੋਈ ਤਸੱਲੀਬਖਸ਼ ਜਵਾਬ ਨਾ ਦੇ ਸਕਿਆ। ਇਸ 'ਤੇ ਉਨ੍ਹਾਂ ਨੇ ਨਿਗਮ ਦੇ ਸੁਪਰਵਾਈਜ਼ਰ ਦੀਪਕ ਕੁਮਾਰ ਤੇ ਸਫਾਈ ਕਰਨ ਵਾਲੀ ਕੰਪਨੀ ਦੇ ਕਰਮਚਾਰੀ ਚਮਨ ਲਾਲ ਨੂੰ ਮੌਕੇ 'ਤੇ ਸੱਦਿਆ। ਇਸ ਸੁਪਰਵਾਈਜ਼ਰ ਨੇ ਵੀ ਇਹ ਗੱਲ ਮੰਨੀ ਕਿ ਕੰਪਨੀ ਵਲੋਂ ਸਫਾਈ ਦਾ ਕੰਮ ਤਸੱਲੀਬਖਸ਼ ਨਹੀਂ। ਇਸ ਮੌਕੇ ਚਮਨ ਲਾਲ ਨੇ ਬੇਦੀ ਨੂੰ ਦੱਸਿਆ ਕਿ ਪਾਣੀ ਵਾਲੀ ਗੱਡੀ ਤੇ ਲੇਬਰ ਏਅਰਪੋਰਟ ਰੋਡ 'ਤੇ ਚੱਲ ਰਹੀ ਮਸ਼ੀਨ ਦੇ ਨਾਲ ਹੈ ਪਰ ਉਹ ਇਸ ਗੱਲ ਦਾ ਕੋਈ ਜਵਾਬ ਨਾ ਦੇ ਸਕਿਆ ਕਿ ਇਸ ਸੜਕ 'ਤੇ ਪਾਣੀ ਵਾਲੀ ਗੱਡੀ ਤੇ ਲੇਬਰ ਕਿਉਂ ਨਹੀਂ ਹੈ। ਬੇਦੀ ਨੇ ਕਿਹਾ ਕਿ ਇਹ ਮਸ਼ੀਨ ਵਾਲੇ ਬਰੱਸ਼ ਨੂੰ ਜ਼ਿਆਦਾ ਤੇਜ਼ ਚਲਾ ਕੇ ਫੁੱਟਪਾਥ 'ਤੇ ਇਕੱਠੇ ਹੋਏ ਕੂੜੇ ਨੂੰ ਉਡਾ ਦਿੰਦੇ ਹਨ, ਤਾਂ ਜੋ ਇਹ ਬਰਮਾਂ ਵਿਚਕਾਰ ਕੱਚੀ ਥਾਂ ਵਿਚ ਪਹੁੰਚ ਜਾਵੇ। ਫੁੱਟਪਾਥ 'ਤੇ ਪਈ ਆਵਾਰਾ ਪਸ਼ੂਆਂ ਦੀ ਗੰਦਗੀ (ਗੋਬਰ) ਦੀ ਸਫਾਈ ਵੀ ਨਹੀਂ ਕੀਤੀ ਜਾਂਦੀ ਤੇ ਇਸ ਨੂੰ ਉਥੇ ਹੀ ਸੜਨ ਲਈ ਛੱਡ ਦਿੱਤਾ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਨੇ ਨਗਰ ਨਿਗਮ ਦੇ ਮੇਅਰ, ਕਮਿਸ਼ਨਰ ਤੇ ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਨੂੰ ਪੱਤਰ ਵੀ ਲਿਖਿਆ ਹੈ, ਜਿਸ ਵਿਚ ਮੰਗ ਕੀਤੀ ਗਈ ਹੈ ਕਿ ਇਸ ਮਾਮਲੇ ਦੀ ਜਾਂਚ ਕਰਵਾ ਕੇ ਇਸ ਕੰਪਨੀ ਦਾ ਠੇਕਾ ਰੱਦ ਕੀਤਾ ਜਾਵੇ ਤੇ ਜਨਤਾ ਦੇ ਪੈਸੇ ਦੀ ਵੱਡੇ ਪੱਧਰ 'ਤੇ ਹੋ ਰਹੀ ਬਰਬਾਦੀ 'ਤੇ ਰੋਕ ਲਾਈ ਜਾਵੇ। ਇਸ ਸਬੰਧੀ ਸੰਪਰਕ ਕਰਨ 'ਤੇ ਨਗਰ ਨਿਗਮ ਦੇ ਸੁਪਰਵਾਈਜ਼ਰ ਦੀਪਕ ਕੁਮਾਰ ਨੇ ਕਿਹਾ ਕਿ ਸਫਾਈ ਦੇ ਕੰਮ ਦੌਰਾਨ ਕੰਪਨੀ ਵਲੋਂ ਜਦੋਂ ਵੀ ਊਣਤਾਈ ਪਾਈ ਜਾਂਦੀ ਹੈ ਉਹ ਇਸ ਸਬੰਧੀ ਦਫਤਰ ਵਿਚ ਲਿਖਤੀ ਰਿਪੋਰਟ ਭੇਜ ਦਿੰਦੇ ਹਨ। ਨਗਰ ਨਿਗਮ ਦੇ ਸਹਾਇਕ ਕਮਿਸ਼ਨਰ ਸਰਬਜੀਤ ਸਿੰਘ ਨੇ ਸੰਪਰਕ ਕਰਨ 'ਤੇ ਕਿਹਾ ਕਿ ਕੰਪਨੀ ਵਲੋਂ ਕੀਤੀ ਜਾਂਦੀ ਸਫਾਈ ਦੇ ਕੰਮ ਦੌਰਾਨ ਨਿਗਮ ਦਾ ਸੁਪਰਵਾਈਜ਼ਰ ਤਾਇਨਾਤ ਰਹਿੰਦਾ ਹੈ ਤੇ ਜਦੋਂ ਵੀ ਉਸ ਵਲੋਂ ਕਿਸੇ ਊਣਤਾਈ ਦੀ ਰਿਪੋਰਟ ਦਿੱਤੀ ਜਾਂਦੀ ਹੈ ਤਾਂ ਨਿਗਮ ਵਲੋਂ ਕੰਪਨੀ ਖਿਲਾਫ ਬਣਦੀ ਕਾਰਵਾਈ ਵੀ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਬੇਦੀ ਵਲੋਂ ਅਚਨਚੇਤ ਕੀਤੀ ਗਈ ਜਾਂਚ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਨਹੀਂ ਹੈ ਤੇ ਨਿਗਮ ਵਲੋਂ ਬੇਦੀ ਦੀ ਸ਼ਿਕਾਇਤ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਖਾਦ ਸਟੋਰ ਦੇ ਮਾਲਕ ਦੀ ਹੱਤਿਆ ਤੋਂ ਬਾਅਦ ਸਦਮੇ 'ਚ ਗਈ ਮਾਂ ਦਾ ਹੋਇਆ ਦਿਹਾਂਤ
NEXT STORY