ਜਲੰਧਰ (ਧਵਨ) — ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਸੰਬਰ ਦੇ ਸ਼ੁਰੂ 'ਚ ਤਜਵੀਜ਼ਤ ਕਾਰਪੋਰੇਸ਼ਨ ਚੋਣਾਂ ਤੋਂ ਪਹਿਲਾਂ ਵੱਡੇ ਮਹਾਨਗਰਾਂ ਦਾ ਦੌਰਾ ਕਰ ਕੇ ਇਨ੍ਹਾਂ ਸ਼ਹਿਰਾਂ ਲਈ ਨਵੇਂ ਵਿਕਾਸ ਪ੍ਰਾਜੈਕਟਾਂ ਦਾ ਐਲਾਨ ਕਰਨਗੇ ਅਤੇ ਨਾਲ ਹੀ ਕਰੋੜਾਂ ਰੁਪਏ ਦੇ ਪ੍ਰਾਜੈਕਟਾਂ ਦੀ ਆਰੰਭਤਾ ਕਰਵਾਉਣ ਦਾ ਐਲਾਨ ਵੀ ਕੀਤਾ ਜਾਵੇਗਾ। ਸਰਕਾਰੀ ਹਲਕਿਆਂ ਤੋਂ ਪਤਾ ਲੱਗਾ ਹੈ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਜਲੰਧਰ, ਅੰਮ੍ਰਿਤਸਰ, ਪਟਿਆਲਾ ਅਤੇ ਲੁਧਿਆਣਾ ਲਈ ਪ੍ਰੋਗਰਾਮ ਬਣਾਏ ਜਾ ਰਹੇ ਹਨ। ਦੱਸਿਆ ਜਾਂਦਾ ਹੈ ਕਿ ਇਨ੍ਹਾਂ ਪ੍ਰੋਗਰਾਮਾਂ ਦੌਰਾਨ ਮੁੱਖ ਮੰਤਰੀ ਵਲੋਂ ਵਿਕਾਸ ਪ੍ਰਾਜੈਕਟਾਂ ਦਾ ਐਲਾਨ ਕੀਤਾ ਜਾਵੇਗਾ। ਮੁੱਖ ਮੰਤਰੀ ਸਭ ਤੋਂ ਪਹਿਲਾਂ 25 ਅਕਤੂਬਰ ਨੂੰ ਜਲੰਧਰ ਆ ਰਹੇ ਹਨ। ਇੱਥੇ ਉਨ੍ਹਾਂ ਦੇ ਤਜਵੀਜ਼ਤ ਦੌਰੇ ਨੂੰ ਦੇਖਦੇ ਹੋਏ ਅਧਿਕਾਰੀਆਂ ਵਲੋਂ ਪ੍ਰੋਗਰਾਮ ਨੂੰ ਆਖਰੀ ਰੂਪ ਦਿੱਤਾ ਜਾ ਰਿਹਾ ਹੈ।
ਸਰਕਾਰੀ ਹਲਕਿਆਂ ਨੇ ਦੱਸਿਆ ਕੈਪਟਨ ਅਮਰਿੰਦਰ ਸਿੰਘ ਇੰਗਲੈਂਡ ਦੌਰੇ 'ਤੇ ਜਾਣ ਤੋਂ ਪਹਿਲੇ ਲੁਧਿਆਣਾ ਲਈ ਕਈ ਪ੍ਰਾਜੈਕਟਾਂ ਦਾ ਐਲਾਨ ਕਰ ਗਏ ਸਨ। ਅਜੇ ਵੀ ਲੁਧਿਆਣਾ 'ਚ ਕਈ ਹੋਰ ਪ੍ਰਾਜੈਕਟ ਵਿਚਾਰਅਧੀਨ ਹਨ, ਜਿਨ੍ਹਾਂ ਦਾ ਐਲਾਨ ਮੁੱਖ ਮੰਤਰੀ ਵਲੋਂ ਕਾਂਗਰਸੀ ਵਿਧਾਇਕਾਂ ਨਾਲ ਚਰਚਾ ਕਰਨ ਦੇ ਬਾਅਦ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਮੁੱਖ ਮੰਤਰੀ ਆਪਣੇ ਗ੍ਰਹਿ ਜ਼ਿਲੇ ਪਟਿਆਲਾ ਲਈ ਵੀ ਕਈ ਅਹਿਮ ਪ੍ਰਾਜੈਕਟਾਂ ਦਾ ਐਲਾਨ ਕਰ ਸਕਦੇ ਹਨ। ਕਾਂਗਰਸ ਸਰਕਾਰ ਜਲੰਧਰ, ਅੰਮ੍ਰਿਤਸਰ, ਪਟਿਆਲਾ ਤੇ ਲੁਧਿਆਣਾ ਲਈ ਵਿਕਾਸ ਪ੍ਰਾਜੈਕਟਾਂ ਦਾ ਐਲਾਨ ਕਰ ਕੇ ਵਿਰੋਧੀ ਪਾਰਟੀਆਂ ਦੇ ਮੂੰਹ 'ਤੇ ਤਾਲੇ ਲਗਾਉਣਾ ਚਾਹੁੰਦੀ ਹੈ ਜੋ ਇਹ ਪ੍ਰਚਾਰ ਕਰ ਰਹੀਆਂ ਸਨ ਕਿ ਸਰਕਾਰ ਕੋਲ ਵਿਕਾਸ ਕਾਰਜਾਂ ਲਈ ਪੈਸਾ ਨਹੀਂ। ਕਾਰਪੋਰੇਸ਼ਨ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋਣਾ ਅਜੇ ਬਾਕੀ ਹੈ ਪਰ ਮੁੱਖ ਮੰਤਰੀ ਅਮਰਿੰਦਰ ਸਿੰਘ ਕਾਰਪੋਰੇਸ਼ਨ ਚੋਣਾਂ ਦਸੰਬਰ ਦੇ ਪਹਿਲੇ ਹਫਤੇ ਕਰਵਾਉਣ ਦੇ ਚਾਹਵਾਨ ਦੱਸੇ ਜਾਂਦੇ ਹਨ। ਕਾਰਪੋਰੇਸ਼ਨ ਚੋਣਾਂ ਦੀ ਤਰੀਕ ਕਾਫੀ ਹੱਦ ਤਕ ਵਾਰਡਬੰਦੀ ਦੀ ਚੱਲ ਰਹੀ ਪ੍ਰਕਿਰਿਆ 'ਤੇ ਨਿਰਭਰ ਕਰੇਗੀ।
ਦੂਜੇ ਪਾਸੇ ਕਾਂਗਰਸੀ ਹਲਕਿਆਂ ਨੇ ਦੱਸਿਆ ਕਿ ਕਾਰਪੋਰੇਸ਼ਨ ਦੀ ਕਮਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਕਮੇਟੀ ਪ੍ਰਧਾਨ ਸੁਨੀਲ ਜਾਖੜ ਦੇ ਹੱਥ ਰਹੇਗੀ, ਕਿਉਂਕਿ ਕਾਰਪੋਰੇਸ਼ਨ ਚੋਣਾਂ ਲੋਕਲ ਬਾਡੀਜ਼ ਮਹਿਕਮੇ ਨਾਲ ਜੁੜੀਆਂ ਹੋਈਆਂ ਹਨ ਇਸ ਲਈ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਦੀਆਂ ਸੇਵਾਵਾਂ ਵੀ ਸਰਕਾਰ ਵਲੋਂ ਲਈਆਂ ਜਾਣਗੀਆਂ। ਅਗਲੇ ਕੁਝ ਦਿਨਾਂ 'ਚ ਕਾਂਗਰਸ ਕਾਰਪੋਰੇਸ਼ਨ ਚੋਣਾਂ ਨੂੰ ਲੈ ਕੇ ਆਪਣੀ ਰਣਨੀਤੀ ਦਾ ਐਲਾਨ ਕਰ ਦੇਵੇਗੀ।
ਸਿੱਖ ਸੰਗਠਨਾਂ ਵੱਲੋਂ ਗੁਰਦੁਆਰਾ ਸਾਹਿਬ ਕੋਲ ਬਣਾਈ ਮੱਛੀ ਮੰਡੀ ਦਾ ਵਿਰੋਧ
NEXT STORY