ਜਲੰਧਰ- ਆਮ ਤੌਰ 'ਤੇ ਦੇਖਿਆ ਜਾਵੇ ਤਾਂ ਪਾਸਪੋਰਟ ਸਿਰਫ ਚਾਰ ਹੀ ਰੰਗਾਂ ਦੇ ਹੁੰਦੇ ਹਨ। ਲਾਲ, ਹਰਾ, ਨੀਲਾ ਤੇ ਕਾਲਾ ਪਰ ਨਾ ਤਾਂ ਹਰ ਲਾਲ ਪਾਸਪੋਰਟ ਇਕੋ ਜਿਹਾ ਦਿਖਦਾ ਹੈ ਤੇ ਨਾ ਹੀ ਹਰਾ। ਹਰ ਦੇਸ਼ ਆਪਣੇ ਲਈ ਰੰਗ ਦਾ ਵੱਖਰਾ ਸ਼ੇਡ ਚੁਣ ਸਕਦਾ ਹੈ।

ਪਾਸਪੋਰਟ ਦੇ ਰੰਗਾਂ ਨੂੰ ਲੈ ਕੇ ਕੋਈ ਠੋਸ ਨਿਯਮ ਨਹੀਂ ਹਨ। ਹਾਲਾਂਕਿ ਪਾਸਪੋਰਟ ਦੇ ਆਕਾਰ, ਪੰਨੇ ਤੇ ਉਸ 'ਤੇ ਛਪਣ ਵਾਲੀ ਜਾਣਕਾਰੀ ਦੇ ਲਈ ਅੰਤਰਰਾਸ਼ਟਰੀ ਕਾਨੂੰਨ ਹਨ ਪਰ ਰੰਗਾਂ ਨੂੰ ਲੈ ਕੇ ਉਹਨਾਂ ਨੂੰ ਛੋਟ ਮਿਲੀ ਹੋਈ ਹੈ।
ਲਾਲ

ਯੂਰਪ ਦੇ ਜ਼ਿਆਦਾਤਰ ਦੇਸ਼ਾਂ ਵਿਚ ਲਾਲ ਰੰਗ ਦਾ ਪਾਸਪੋਰਟ ਚੱਲਦਾ ਹੈ। ਫਰਾਂਸ, ਜਰਮਨੀ, ਪੋਲੈਂਡ ਤੇ ਨੀਦਰਲੈਂਡ ਸਣੇ ਕਈ ਦੇਸ਼ਾਂ ਦੇ ਪਾਸਪੋਰਟਾਂ ਦੇ ਰੰਗ ਤਕਰੀਬਨ ਇਕੋ ਜਿਹੇ ਹੀ ਹੁੰਦੇ ਹਨ। ਦੁਨੀਆ ਦੇ 68 ਦੇਸ਼ਾਂ ਦੇ ਕੋਲ ਇਸ ਰੰਗ ਦਾ ਪਾਸਪੋਰਟ ਹੈ।
ਹਰਾ

ਦੁਨੀਆ ਦੇ 43 ਦੇਸ਼ਾਂ ਕੋਲ ਹਰੇ ਰੰਗ ਦਾ ਪਾਸਪੋਰਟ ਹੈ। ਇਹਨਾਂ ਵਿਚੋਂ ਵਧੇਰੇ ਦੇਸ਼ ਇਸਲਾਮੀ ਹਨ ਕਿਉਂਕਿ ਇਸਲਾਮ ਵਿਚ ਹਰੇ ਰੰਗ ਨੂੰ ਪਾਕ ਮੰਨਿਆ ਜਾਂਦਾ ਹੈ। ਬੰਗਲਾਦੇਸ਼, ਪਾਕਿਸਤਾਨ ਤੇ ਇੰਡੋਨੇਸ਼ੀਆ ਦੇ ਪਾਸਪੋਰਟ ਹਰੇ ਰੰਗ ਦੇ ਹਨ ਤੇ ਮੱਧ ਪੂਰਬ ਦੇ ਦੇਸ਼ਾਂ ਵਿਚ ਵੀ ਹਰੇ ਰੰਗ ਦੇ ਪਾਸਪੋਰਟ ਹਨ।
ਨੀਲਾ

ਨੀਲੇ ਰੰਗ ਨੂੰ ਆਧੁਨਿਕਤਾ ਨਾਲ ਜੋੜ ਕੇ ਦੇਖਿਆ ਜਾਂਦਾ ਹੈ। 78 ਦੇਸ਼ਾਂ ਦੇ ਪਾਸਪੋਰਟ ਨੀਲੇ ਹਨ। ਫਿਜੀ ਤੇ ਅਫਗਾਨਿਸਤਾਨ ਦੇ ਪਾਸਪੋਰਟ ਹਲਕੇ ਨੀਲੇ ਰੰਗ ਦੇ ਹਨ ਜਦਕਿ ਭਾਰਤ ਤੇ ਅਮਰੀਕਾ ਦੇ ਪਾਸਪੋਰਟ ਗਹਿਰੇ ਨੀਲੇ ਰੰਗ ਦੇ ਹਨ।
ਕਾਲਾ

ਬਹੁਤ ਘੱਟ ਦੇਸ਼ ਹਨ ਜਿਹਨਾਂ ਕੋਲ ਕਾਲੇ ਰੰਗ ਦਾ ਪਾਸਪੋਰਟ ਹੈ। ਇਹਨਾਂ ਵਿਚ ਜ਼ਿਆਦਾਤਰ ਦੇਸ਼ ਅਫਰੀਕੀ ਹਨ। ਕਦੇ ਬ੍ਰਿਟਿਸ਼ ਪਾਸਪੋਰਟ ਦਾ ਰੰਗ ਵੀ ਕਾਲਾ ਸੀ। ਨਿਊਜ਼ੀਲੈਂਡ ਦੇ ਪਾਸਪੋਰਟ ਦਾ ਰੰਗ ਵੀ ਕਾਲਾ ਹੀ ਹੈ।
ਅਮਰੀਕੀ ਪਾਸਪੋਰਟ

ਪਾਸਪੋਰਟ ਦੇ ਰੰਗ ਨੂੰ ਦੇਸ਼ ਜਦੋਂ ਚਾਹੇ ਆਪਣੇ ਹਿਸਾਬ ਨਾਲ ਬਦਲ ਸਕਦੇ ਹਨ। ਇਸ ਦਾ ਇਕ ਚੰਗਾ ਉਦਾਹਰਣ ਅਮਰੀਕਾ ਹੈ। ਕਦੇ ਇਥੇ ਦਾ ਪਾਸਪੋਰਟ ਲਾਲ ਹੁੰਦਾ ਸੀ, ਫਿਰ 1930 ਦੇ ਦਹਾਕੇ ਵਿਚ ਇਸ ਦਾ ਰੰਗ ਬਦਲ ਕੇ ਹਰਾ ਕਰ ਦਿੱਤਾ ਗਿਆ ਤੇ 1970 ਦੇ ਦਹਾਕੇ ਵਿਚ ਇਸ ਦਾ ਰੰਗ ਨੀਲਾ ਕਰ ਦਿੱਤਾ ਗਿਆ।
ਇਕੋ ਦੇਸ਼ ਵਿਚ ਪਾਸਪੋਰਟ ਦੇ ਵੱਖਰੇ ਰੰਗ

ਅਜਿਹਾ ਵੀ ਮੁਮਕਿਨ ਹੈ ਕਿ ਇਕੋ ਦੇਸ਼ ਵਿਚ ਵੱਖਰੇ-ਵੱਖਰੇ ਰੰਗ ਦੇ ਪਾਸਪੋਰਟ ਜਾਰੀ ਹੋਣ। ਮਿਸਾਲ ਦੇ ਤੌਰ 'ਤੇ ਅਮਰੀਕਾ ਵਿਚ ਆਮ ਨਾਗਰਿਕਾਂ ਨੂੰ ਨੀਲਾ ਪਾਸਪੋਰਟ ਜਾਰੀ ਕੀਤਾ ਜਾਂਦਾ ਹੈ ਜਦਕਿ ਡਿਪਲੋਮੈਟਿਕ ਪਾਸਪੋਰਟ ਦਾ ਰੰਗ ਕਾਲਾ ਹੁੰਦਾ ਹੈ।
ਭਾਰਤ ਵਿਚ ਤਿੰਨ ਰੰਗ ਦੇ ਪਾਸਪੋਰਟ

ਭਾਰਤ ਕੋਲ ਵੀ ਤਿੰਨ ਵੱਖ-ਵੱਖ ਰੰਗਾਂ ਦੇ ਪਾਸਪੋਰਟ ਹਨ। ਆਮ ਨਾਗਰਿਕਾਂ ਦੇ ਪਾਸਪੋਰਟ ਦਾ ਰੰਗ ਗਹਿਰਾ ਨੀਲਾ ਤੇ ਡਿਪਲੋਮੈਟਿਕ ਪਾਸਪੋਰਟ ਦਾ ਰੰਗ ਗਹਿਰਾ ਲਾਲ ਹੁੰਦਾ ਹੈ। ਇਸ ਤੋਂ ਇਲਾਵਾ ਇਕ ਸਫੈਦ ਰੰਗ ਦਾ ਪਾਸਪੋਰਟ ਵੀ ਹੁੰਦਾ ਹੈ ਜੋ ਸਰਕਾਰ ਦੇ ਕੁਝ ਪ੍ਰਤੀਨਿਧੀਆਂ ਕੋਲ ਹੁੰਦਾ ਹੈ।
ਬ੍ਰਿਟੇਨ

ਫਿਲਹਾਲ ਬ੍ਰਿਟੇਨ ਦੇ ਕੋਲ ਵੀ ਯੂਰਪ ਦੇ ਹੋਰ ਦੇਸ਼ਾਂ ਵਾਂਗ ਲਾਲ ਰੰਗ ਦਾ ਪਾਸਪੋਰਟ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਬ੍ਰੈਗਜ਼ਿਟ ਤੋਂ ਬਾਅਦ ਹੁਣ ਇਸ ਨੂੰ ਨੀਲੇ ਰੰਗ ਦਾ ਕਰ ਦਿੱਤਾ ਜਾਵੇਗਾ। ਫਿਰ ਇਹ ਵੀ ਭਾਰਤ ਤੇ ਅਮਰੀਕਾ ਦੇ ਪਾਸਪੋਰਟ ਜਿਹਾ ਹੀ ਦਿਖੇਗਾ।
ਪੰਜਾਬ ਬਜਟ ਨੂੰ ਅੰਤਿਮ ਰੂਪ ਦੇਣ 'ਚ ਲੱਗੀ ਸਰਕਾਰ, ਲੋਕ ਹਿੱਤਾਂ ਵਾਲੇ ਫੈਸਲੇ ਸੰਭਾਵਿਤ
NEXT STORY