ਅਜਨਾਲਾ, (ਬਾਠ)- ਅੱਜ ਇਥੇ ਸਥਾਨਕ ਐੱਸ. ਡੀ. ਐੱਮ. ਦਫਤਰ ਸਾਹਮਣੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਦੀ ਅਗਵਾਈ 'ਚ ਰੋਹ 'ਚ ਭਰੇ-ਪੀਤੇ ਸੈਂਕੜੇ ਕਿਸਾਨਾਂ, ਮਜ਼ਦੂਰਾਂ ਨੇ ਕੈਪਟਨ ਸਰਕਾਰ ਵੱਲੋਂ ਚੋਣ ਵਾਅਦਿਆਂ ਨੂੰ ਪੂਰਾ ਨਾ ਕਰਨ ਵਿਰੁੱਧ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ ਤੇ ਧਰਨਾ ਦਿੱਤਾ। ਮੁਜ਼ਾਹਰਾਕਾਰੀਆਂ ਨੇ ਕੈਪਟਨ ਸਰਕਾਰ ਦੀ ਕਿਸਾਨੀ ਕਰਜ਼ਾ ਮੁਆਫੀ ਦੀ ਚੋਣ ਵਾਅਦਾ-ਖਿਲਾਫੀ ਦੀ ਸਖਤ ਸ਼ਬਦਾਂ 'ਚ ਨਿੰਦਾ ਕੀਤੀ ਤੇ ਕਿਹਾ ਕਿ ਵਾਅਦਾ ਨਾ ਪੂਰਾ ਹੋਣ ਕਾਰਨ ਕੈਪਟਨ ਸਰਕਾਰ ਦੇ ਆਪਣੇ ਅੰਕੜਿਆਂ ਅਨੁਸਾਰ ਕਰਜ਼ਿਆਂ 'ਚ ਡੁੱਬੇ 54 ਕਿਸਾਨ ਖੁਦਕੁਸ਼ੀਆਂ ਕਰ ਗਏ ਹਨ, ਜਦੋਂਕਿ ਗੈਰ-ਸਰਕਾਰੀ ਤੱਥ ਖੁਦਕੁਸ਼ੀਆਂ ਦੇ ਅੰਕੜੇ ਇਸ ਤੋਂ ਦੁੱਗਣੇ ਪੇਸ਼ ਕਰ ਰਹੇ ਹਨ। ਡਾ. ਸਤਨਾਮ ਸਿੰਘ ਅਜਨਾਲਾ ਨੇ ਚਿਤਾਵਨੀ ਦਿੱਤੀ ਕਿ ਪੰਜਾਬ ਸਮੇਤ ਦੇਸ਼ ਭਰ 'ਚ ਸਰਕਾਰਾਂ ਦੀਆਂ ਕਿਸਾਨ ਮਾਰੂ ਨੀਤੀਆਂ ਕਾਰਨ ਕਿਸਾਨਾਂ ਤੇ ਖੇਤ ਮਜ਼ਦੂਰਾਂ ਸਿਰ ਚੜ੍ਹੇ ਕਰਜ਼ਿਆਂ ਦੀ ਮੁਆਫੀ ਅਤੇ ਖੇਤੀ ਜਿਣਸਾਂ ਦੇ ਲਾਹੇਵੰਦ ਭਾਅ ਲੈਣ ਲਈ ਕੌਮੀ ਪੱਧਰ 'ਤੇ ਕਿਸਾਨ ਲਹਿਰ ਲਾਮਬੰਦ ਹੋ ਗਈ ਹੈ ਅਤੇ ਜੇਕਰ ਸਰਕਾਰਾਂ ਨੇ ਕਿਸਾਨਾਂ ਦੀਆਂ ਉਕਤ ਭਖਦੀਆਂ ਮੰਗਾਂ ਪ੍ਰਤੀ ਬੇਰੁਖੀ ਨਿਰੰਤਰ ਅਪਣਾਈ ਰੱਖੀ ਤਾਂ ਮੱਧ ਪ੍ਰਦੇਸ਼ ਵਾਂਗ ਪੰਜਾਬ ਸਮੇਤ ਹੋਰਨਾਂ ਸੂਬਿਆਂ 'ਚ ਵੀ ਹਾਲਾਤ ਸੰਵੇਦਨਸ਼ੀਲ ਬਣਨਗੇ ਤੇ ਸਮੁੱਚੇ ਨਤੀਜਿਆਂ ਦੀ ਜ਼ਿੰਮੇਵਾਰੀ ਸਰਕਾਰਾਂ ਸਿਰ ਹੋਵੇਗੀ। ਇਸ ਰੋਸ ਧਰਨੇ ਨੂੰ ਹੋਰ ਭਰਾਤਰੀ ਜਥੇਬੰਦੀਆਂ ਤੋਂ ਟਹਿਲ ਸਿੰਘ ਚੇਤਨਪੁਰਾ, ਕਾਬਲ ਸਿੰਘ ਮੱਲੂਨੰਗਲ, ਦੇਸ਼ ਭਗਤ ਗੁਰਬਖਸ਼ ਸਿੰਘ ਪ੍ਰੀਤਨਗਰ, ਬੀਬੀ ਜਗੀਰ ਕੌਰ ਤੇੜਾ ਰਾਜਪੂਤਾਂ, ਮੱਖਣ ਸਿੰਘ ਡੱਲਾ ਤੇ ਸੁਰਜੀਤ ਸਿੰਘ ਭੂਰੇਗਿੱਲ ਦੀ ਸਾਂਝੀ ਅਗਵਾਈ 'ਚ ਸੰਘਰਸ਼ੀ ਜਨਤਕ ਜਥੇਬੰਦੀਆਂ ਦੇ ਕਾਰਕੁੰਨਾਂ ਨੇ ਵੀ ਨਾਅਰਿਆਂ ਦੀ ਗੂੰਜ 'ਚ ਸਮਰਥਨ ਦਿੱਤਾ। ਮੁਜ਼ਾਹਰਾਕਾਰੀਆਂ ਨੇ ਰੋਸ ਧਰਨਾ ਉਦੋਂ ਖਤਮ ਕੀਤਾ ਜਦੋਂ ਨਾਇਬ ਤਹਿਸੀਲਦਾਰ ਮਨਜੀਤ ਸਿੰਘ ਨੇ ਧਰਨਾ ਸਥਾਨ 'ਤੇ ਪੁੱਜ ਕੇ ਮੰਗ ਪੱਤਰ ਹਾਸਲ ਕਰ ਕੇ ਪੰਜਾਬ ਸਰਕਾਰ ਨੂੰ ਭੇਜੇ ਜਾਣ ਦਾ ਭਰੋਸਾ ਦਿੱਤਾ। ਇਸ ਮੌਕੇ ਗੁਰਨਾਮ ਸਿੰਘ ਉਮਰਪੁਰਾ, ਵਿਰਸਾ ਸਿੰਘ ਟਪਿਆਲਾ, ਤਹਿਸੀਲ ਪ੍ਰਧਾਨ ਸ਼ੀਤਲ ਸਿੰਘ ਤਲਵੰਡੀ, ਬਲਬੀਰ ਸਿੰਘ ਕੱਕੜ, ਸਤਨਾਮ ਸਿੰਘ ਚੱਕ ਔਲ, ਬੀਬੀ ਅਜੀਤ ਕੌਰ ਕੋਟ ਰਜ਼ਾਦਾ, ਗੁਰਨਾਮ ਸਿੰਘ ਉਮਰਪੁਰਾ, ਕੁਲਵੰਤ ਸਿੰਘ ਮੱਲੂਨੰਗਲ, ਸੁਰਜੀਤ ਸਿੰਘ ਦੁਧਰਾਏ, ਪਿਆਰਾ ਸਿੰਘ ਚੇਤਨਪੁਰਾ, ਗੁਰਵੇਲ ਸਿੰਘ, ਪੰ. ਸੁਦਰਸ਼ਨ ਕੁਮਾਰ, ਹਰਜਿੰਦਰ ਸਿੰਘ ਸੋਹਲ, ਸੁੱਚਾ ਸਿੰਘ ਘੋਗਾ, ਪ੍ਰੀਤਮ ਸਿੰਘ ਟਿਨਾਣਾ ਤੇ ਸੈਂਕੜਿਆਂ ਦੀ ਗਿਣਤੀ 'ਚ ਆਗੂ ਅਤੇ ਵਰਕਰ ਹਾਜ਼ਰ ਸਨ।
ਪੀੜਤ ਪਤੀ ਨੇ ਪੁਲਸ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਲਾਈ ਇਨਸਾਫ ਦੀ ਗੁਹਾਰ
NEXT STORY