ਅੰਮ੍ਰਿਤਸਰ, (ਛੀਨਾ)- ਪੰਜਾਬ ’ਚ ਨਿੱਤ ਦਿਨ ਨਸ਼ਿਆਂ ਨਾਲ ਲੋਕਾਂ ਦੇ ਪੁੱਤ ਮਰ ਰਹੇ ਹਨ ਤੇ ਚਾਰ ਹਫਤਿਆਂ ’ਚ ਨਸ਼ਿਆਂ ਨੂੰ ਖਤਮ ਦਾ ਦਾਅਵਾ ਕਰਨ ਵਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਈ ਸਖਤੀ ਨਾਲ ਕਦਮ ਚੁੱਕਣ ਦੀ ਬਜਾਏ ਫੋਕੀ ਬਿਆਨਬਾਜ਼ੀ ਤੱਕ ਹੀ ਸੀਮਤ ਹਨ। ਇਹ ਵਿਚਾਰ ਸਵਰਨਕਾਰ ਸੇਵਾ ਸੋਸਾਇਟੀ ਦੇ ਜ਼ਿਲਾ ਪ੍ਰਧਾਨ ਭਾਈ ਚਰਨ ਸਿੰਘ ਤੇ ਸਾਥੀਆਂ ਨੇ ਅੱਜ ਕੈਪਟਨ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਪ੍ਰਗਟਾਏ। ਉਨ੍ਹਾਂ ਕਿਹਾ ਕਿ ਸੱਤਾ ਹਾਸਲ ਕਰਨ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨਸ਼ਿਆਂ ਦੇ ਖਾਤਮੇ ਲਈ ਬਹੁਤ ਵੱਡੇ-ਵੱਡੇ ਦਾਅਵੇ ਕਰਦੇ ਸਨ ਪਰ ਕਾਂਗਰਸ ਦੇ ਸੱਤਾ ’ਚ ਆਉਣ ਦੇ ਸਿਰਫ ਡੇਢ ਸਾਲ ਦੇ ਕਾਰਜਕਾਲ ਦੌਰਾਨ ਹੀ ਨਸ਼ਿਆਂ ਕਾਰਨ ਵੱਡੀ ਗਿਣਤੀ ’ਚ ਮੌਤ ਦੇ ਮੂੰਹ ’ਚ ਜਾ ਚੁੱਕੇ ਨੌਜਵਾਨਾਂ ਨੇ ਸਰਕਾਰ ਦੀ ਮਾਡ਼ੀ ਕਾਰਗੁਜਾਰੀ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਦੇ ਕਾਰਜਕਾਲ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਜਿਥੇ ਕਬੱਡੀ ਦਾ ਵਰਲਡ ਕੱਪ ਕਰਵਾਇਆ ਜਾਂਦਾ ਸੀ ਉੱਥੇ ਉਹ ਖੇਡਾਂ ਨੂੰ ਵੱਧ ਤੋਂ ਵੱਧ ਪ੍ਰਫੂਲਿਤ ਕਰਨ ਲਈ ਯਤਨਸ਼ੀਲ ਰਹਿੰਦੇ ਸਨ ਤਾਂ ਜੋ ਨੌਜਵਾਨ ਨਸ਼ਿਆਂ ਜਿਹੀਆਂ ਮਾਡ਼ੀਆਂ ਅਲਾਮਤਾਂ ਤੋਂ ਦੂਰ ਰਹਿਣ ਤੇ ਦੂਜੇ ਪਾਸੇ ਕੈਪਟਨ ਸਰਕਾਰ ਨੇ ਸੱਤਾ ’ਚ ਆਉਂਦਿਆਂ ਹੀ ਕਬੱਡੀ ਕੱਪ ’ਤੇ ਰੋਕ ਲਗਾਉਣ ਦੇ ਨਾਲ-ਨਾਲ ਖੇਡਾਂ ਨੂੰ ਵੀ ਦਰਕਿਨਾਰ ਕਰ ਛੱਡਿਆ ਹੈ।
ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਕੈਪਟਨ ਸਰਕਾਰ ਨੂੰ ਸੱਤਾ ’ਚ ਲਿਆ ਕੇ ਭਾਰੀ ਪਛਤਾ ਰਹੇ ਹਨ। ਇਸ ਸਮੇਂ ਡਾ. ਜਤਿੰਦਰ ਕੁਮਾਰ, ਜੱਜ ਮਰਡ਼ੀ, ਹੈਪੀ ਨੰਗਲੀ, ਪ੍ਰਿਤਪਾਲ ਸਿੰਘ, ਗੁਰਦੇਵ ਸਿੰਘ, ਨਿਰਮਲ ਸਿੰਘ ਤੇ ਹੋਰ ਵੀ ਹਾਜ਼ਰ ਸਨ।
ਇਤਿਹਾਸਕ ਨਗਰੀ ’ਚ ਸੀਵਰੇਜ ਸਿਸਟਮ ਫੇਲ੍ਹ
NEXT STORY