ਜਲੰਧਰ (ਖੁਰਾਣਾ)– ਪੰਜਾਬ ਵਿਧਾਨ ਸਭਾ ਚੋਣਾਂ ਸੰਪੰਨ ਹੋ ਚੁੱਕੀਆਂ ਹਨ ਅਤੇ ਸਾਰੇ ਉਮੀਦਵਾਰਾਂ ਦੀ ਕਿਸਮਤ ਈ. ਵੀ. ਐੱਮਜ਼ ਵਿਚ ਕੈਦ ਹੋ ਚੁੱਕੀ ਹੈ। ਅਗਲੇ 5 ਸਾਲ ਕਿਸ ਸਰਕਾਰ ਦਾ ਰਾਜ ਹੋਵੇਗਾ ਅਤੇ ਕਿਸ ਸੀਟ ਤੋਂ ਕੌਣ ਵਿਧਾਇਕ ਬਣੇਗਾ, ਉਹ ਸੱਤਾ ਧਿਰ ਵਿਚ ਬੈਠੇਗਾ ਜਾਂ ਵਿਰੋਧੀ ਧਿਰ ’ਚ, ਇਸ ਦਾ ਫ਼ੈਸਲਾ ਤਾਂ ਖੈਰ 10 ਮਾਰਚ ਨੂੰ ਹੋ ਜਾਵੇਗਾ ਪਰ ਇਨ੍ਹੀਂ ਦਿਨੀਂ ਸਾਰੀਆਂ ਸਿਆਸੀ ਪਾਰਟੀਆਂ ਆਤਮਮੰਥਨ ਵਿਚ ਲੱਗੀਆਂ ਹੋਈਆਂ ਹਨ। ਸੱਤਾ ਧਿਰ ਕਾਂਗਰਸ ਦੀ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਚਰਚਾ ਇਸੇ ਗੱਲ ’ਤੇ ਹੋ ਰਹੀ ਹੈ ਕਿ ਜਲੰਧਰ ਨਗਰ ਨਿਗਮ ਦੇ ਕਈ ਕਾਂਗਰਸੀ ਕੌਂਸਲਰਾਂ ਨੇ ਇਨ੍ਹਾਂ ਚੋਣਾਂ ਵਿਚ ਕਾਂਗਰਸੀ ਵਿਧਾਇਕਾਂ ਨੂੰ ਜਿਤਾਉਣ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਕਈ ਕੌਂਸਲਰਾਂ ਨੇ ਤਾਂ ਵਿਰੋਧੀ ਪਾਰਟੀ ਦੇ ਉਮੀਦਵਾਰਾਂ ਨਾਲ ਮਿਲ ਕੇ ਆਪਣੀ ਪਾਰਟੀ ਨੂੰ ਨੁਕਸਾਨ ਤੱਕ ਪਹੁੰਚਾਇਆ। ਇਕ ਦਰਜਨ ਕਾਂਗਰਸੀ ਕੌਂਸਲਰ ਅਜਿਹੇ ਵੀ ਰਹੇ, ਜਿਨ੍ਹਾਂ ਨੇ ਇਨ੍ਹਾਂ ਚੋਣਾਂ ਵਿਚ ਕੋਈ ਸਰਗਰਮੀ ਨਹੀਂ ਵਿਖਾਈ ਅਤੇ ਨਾ ਹੀ ਆਪਣੀ ਟੀਮ ਨੂੰ ਐਕਟਿਵ ਕੀਤਾ।
ਜਦੋਂ ਅਜਿਹੇ ਕਈ ਕਾਂਗਰਸੀ ਕੌਂਸਲਰਾਂ ਨਾਲ ਗੱਲ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਪਿਛਲੇ 5 ਸਾਲ ਕਾਂਗਰਸੀ ਵਿਧਾਇਕਾਂ ਨੇ ਵੀ ਆਪਣੀ ਹੀ ਪਾਰਟੀ ਦੇ ਕਈ ਕੌਂਸਲਰਾਂ ਨੂੰ ਨਾ ਸਿਰਫ਼ ‘ਖੁੱਡੇਲਾਈਨ’ ਲਾਈ ਰੱਖਿਆ, ਸਗੋਂ ਇਸ ਕਾਰਜਕਾਲ ਦੌਰਾਨ ਕੌਂਸਲਰਾਂ ਦੀ ਵੈਲਿਊ ਵੀ ਕਾਫੀ ਘੱਟ ਹੋ ਗਈ। ਜਿਸ ਕੌਂਸਲਰ ਨੂੰ ਕਦੇ ਨਗਰਪਿਤਾ ਤੱਕ ਕਿਹਾ ਜਾਂਦਾ ਸੀ, ਅੱਜ ਉਸ ਕੌਂਸਲਰ ਨੂੰ ਨਿਗਮ ਦਾ ਅਫ਼ਸਰ ਜਾਂ ਥਾਣੇ ਦਾ ਮੁਨਸ਼ੀ ਤੱਕ ਸਹੀ ਢੰਗ ਨਾਲ ਨਹੀਂ ਬੁਲਾਉਂਦਾ। ਇਸੇ ਕਾਰਨ ਅੱਜ ਜ਼ਿਆਦਾਤਰ ਸੱਤਾ ਧਿਰ ਦੇ ਕੌਂਸਲਰਾਂ ਨੂੰ ਵੀ ਥਾਣੇ ਵਿਚ ਕੰਮ ਕਰਵਾਉਣ ਲਈ ਵਿਧਾਇਕ ਜਾਂ ਉਸ ਦੇ ਪੀ. ਏ. ਦਾ ਫ਼ੋਨ ਕਰਵਾਉਣਾ ਪੈਂਦਾ ਹੈ ਅਤੇ ਨਿਗਮ ਵਿਚ ਵੀ ਵਾਰਡਾਂ ਨਾਲ ਸਬੰਧਤ ਕੰਮ ਕੌਂਸਲਰ ਦੀ ਨਹੀਂ, ਸਗੋਂ ਵਿਧਾਇਕ ਦੀ ਮਰਜ਼ੀ ਨਾਲ ਹੁੰਦੇ ਹਨ।
ਇਹ ਵੀ ਪੜ੍ਹੋ: ਹੁਸ਼ਿਆਰਪੁਰ ਤੋਂ ਵੱਡੀ ਖ਼ਬਰ, ਹੋਟਲ 'ਚ ਮੁੰਡੇ-ਕੁੜੀ ਨੇ ਖਾਧਾ ਜ਼ਹਿਰ, ਕੁੜੀ ਦੀ ਮੌਤ
ਵਿਧਾਇਕਾਂ ਨੇ ਕਾਂਗਰਸ ਦੇ ਸੰਗਠਨ ਨੂੰ ਹੀ ਮਜ਼ਬੂਤ ਨਹੀਂ ਹੋਣ ਦਿੱਤਾ
ਜਲੰਧਰ ਵਿਚ ਕਾਂਗਰਸ ਦੇ ਹੀ ਕੁਝ ਵਿਧਾਇਕਾਂ ਨੇ ਆਪਣੀ ਪਾਰਟੀ ਦੇ ਸੰਗਠਨ ਨੂੰ ਹੀ ਮਜ਼ਬੂਤ ਨਹੀਂ ਹੋਣ ਦਿੱਤਾ ਅਤੇ ਪੂਰੇ 5 ਸਾਲ ਸੰਗਠਨ ਲੱਚਰ ਅਵਸਥਾ ਵਿਚ ਰਿਹਾ। ਇਕ ਵਿਧਾਇਕ ਬਾਰੇ ਤਾਂ ਆਮ ਕਿਹਾ ਜਾਂਦਾ ਹੈ ਕਿ ਉਸ ਨੇ ਆਪਣੇ ਵਿਧਾਨ ਸਭਾ ਹਲਕੇ ਵਿਚ ਕਿਸੇ ਕਾਂਗਰਸੀ ਨੂੰ ਸਿਰ ਉਠਾਉਣ ਹੀ ਨਹੀਂ ਦਿੱਤਾ ਤਾਂ ਜੋ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਚੁਣੌਤੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਵਿਧਾਇਕ ਦੇ ਹਲਕੇ ਤੋਂ ਸ਼ਾਇਦ ਹੀ ਕਦੇ ਕੋਈ ਕਾਂਗਰਸੀ ਪ੍ਰਧਾਨ ਬਣਿਆ ਹੋਵੇ ਜਾਂ ਕਿਸੇ ਚੇਅਰਮੈਨੀ ਵਰਗੇ ਅਹੁਦੇ ’ਤੇ ਐਡਜਸਟ ਹੋਇਆ ਹੋਵੇ।
ਪਿਛਲੇ ਕਾਰਜਕਾਲ ਦੌਰਾਨ ਇਕ ਕਾਂਗਰਸੀ ਵਿਧਾਇਕ ਨੇ ਆਪਣੀ ਮਰਜ਼ੀ ਨਾਲ ਬੇਹੱਦ ਕਮਜ਼ੋਰ ਜ਼ਿਲ੍ਹਾ ਪ੍ਰਧਾਨ ਬਣਵਾ ਦਿੱਤਾ, ਜਿਸ ਤੋਂ ਸੰਗਠਨ ਹੀ ਨਹੀਂ ਚੱਲ ਸਕਿਆ। ਕਮਜ਼ੋਰ ਕਾਂਗਰਸ ਪ੍ਰਧਾਨ ਦਾ ਇਕ ਨੁਕਸਾਨ ਇਹ ਹੋਇਆ ਕਿ ਇਕ ਹੋਰ ਵਿਧਾਇਕ ਕਾਫੀ ਨਾਰਾਜ਼ ਹੋ ਗਿਆ, ਜਿਸ ਨਾਲ ਕਾਂਗਰਸ ਪਾਰਟੀ ਵਿਚ ਖੁੱਲ੍ਹ ਕੇ ਅਨੁਸ਼ਾਸਨਹੀਣਤਾ ਦੇਖਣ ਨੂੰ ਮਿਲੀ। ਸ਼ਹਿਰ ਵਿਚ ਤਾਂ ਇਥੋਂ ਤੱਕ ਚਰਚਾ ਹੈ ਕਿ ਕਾਂਗਰਸੀ ਵਿਧਾਇਕਾਂ ਨੇ ਆਪਣੀ ਆਪਸੀ ਖੁੰਦਕ ਕਾਂਗਰਸ ਸੰਗਠਨ ਨੂੰ ਕਮਜ਼ੋਰ ਕਰਕੇ ਕੱਢੀ, ਜਿਸ ਕਾਰਨ ਇਨ੍ਹਾਂ ਚੋਣਾਂ ਵਿਚ ਵਿਧਾਇਕਾਂ ਨੂੰ ਹੀ ਕਮਜ਼ੋਰ ਸੰਗਠਨ ਦਾ ਨੁਕਸਾਨ ਉਠਾਉਣਾ ਪਿਆ।
ਨਿਗਮ ਦਾ ਜੇ. ਈ. ਤੱਕ ਵਿਧਾਇਕ ਦੇ ਇਸ਼ਾਰੇ ’ਤੇ ਨੱਚਣ ਲੱਗਾ
ਨਗਰ ਨਿਗਮ ਦੇ 25 ਸਾਲ ਦੇ ਇਤਿਹਾਸ ਵਿਚ ਇਹ ਪ੍ਰੰਪਰਾ ਹਾਵੀ ਰਹੀ ਕਿ ਆਪਣੇ ਵਾਰਡ ਵਿਚ ਵਿਕਾਸ ਦੀ ਪਹਿਲ ਕੌਂਸਲਰ ਕਰਦੇ ਰਹੇ ਅਤੇ ਮੇਅਰ ਨਾਲ ਮਿਲ ਕੇ ਕੌਂਸਲਰਾਂ ਨੇ ਹੀ ਸਾਰੇ ਵਿਕਾਸ ਕੰਮ ਕਰਵਾਏ। ਇਸ ਵਾਰ ਨਗਰ ਨਿਗਮ ’ਤੇ ਮੇਅਰ ਅਤੇ ਕੌਂਸਲਰਾਂ ਦੀ ਬਜਾਏ ਵਿਧਾਇਕ ਕਾਫੀ ਹਾਵੀ ਦਿਸੇ ਅਤੇ ਨਿਗਮ ਦੇ ਜੇ. ਈ. ਪੱਧਰ ਦੇ ਅਧਿਕਾਰੀ ਵੀ ਵਿਧਾਇਕਾਂ ਅੱਗੇ ਨੱਚਦੇ ਰਹੇ। ਨਿਗਮ ਅਫ਼ਸਰਾਂ ਦੀ ਪੂਰੀ ਦੀ ਪੂਰੀ ਟੀਮ ਵਿਧਾਇਕਾਂ ਦੇ ਕਹਿਣ ’ਤੇ ਚੱਲਦੀ ਰਹੀ ਅਤੇ ਅਫ਼ਸਰਾਂ ਨੇ ਕੌਂਸਲਰਾਂ ਦੀ ਕੋਈ ਵੀ ਪ੍ਰਵਾਹ ਨਹੀਂ ਕੀਤੀ, ਜਿਸ ਕਾਰਨ ਅੰਦਰਖ਼ਾਤੇ ਹੀ ਕੌਂਸਲਰਾਂ ਵਿਚ ਗੁੱਸਾ ਪੈਦਾ ਹੁੰਦਾ ਰਿਹਾ। ਇਹ ਅਲੱਗ ਗੱਲ ਹੈ ਕਿ ਵਿਧਾਇਕਾਂ ਦੇ ਡਰ ਕਾਰਨ ਉਨ੍ਹਾਂ ਨੇ ਆਪਣਾ ਗੁੱਸਾ ਬਾਹਰ ਨਹੀਂ ਕੱਢਿਆ ਪਰ ਇਨ੍ਹਾਂ ਚੋਣਾਂ ਵਿਚ ਉਨ੍ਹਾਂ ਨੇ ਆਪਣੇ ਗੁੱਸੇ ਨੂੰ ਕੁਝ ਹੱਦ ਤੱਕ ਦਰਸਾ ਦਿੱਤਾ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਵੱਡੇ ਸਿਆਸੀ ਚਿਹਰਿਆਂ ਦੀਆਂ ਜਨਮ ਕੁੰਡਲੀਆਂ ’ਤੇ ਵਿਸ਼ਲੇਸ਼ਣ, ਕਿਹੜਾ ਉੱਚ ਗ੍ਰਹਿ ਦਿਵਾਏਗਾ ਰਾਜ ਯੋਗ
ਪਹਿਲਾਂ ਵਿਧਾਇਕਾਂ ਨੂੰ ਉਦਘਾਟਨ ਲਈ ਕੌਂਸਲਰ ਬੁਲਾਇਆ ਕਰਦੇ ਸਨ, ਹੁਣ ਉਲਟਾ ਰਿਵਾਜ
ਪਿਛਲੇ 25 ਸਾਲ ਦੇ ਇਤਿਹਾਸ ਵਿਚ ਨਗਰ ਨਿਗਮ ਦੇ ਸਾਰੇ ਵਿਕਾਸ ਕੰਮ ਕੌਂਸਲਰਾਂ ਦੇ ਯਤਨਾਂ ਨਾਲ ਹੁੰਦੇ ਰਹੇ ਪਰ ਇਸ ਕਾਰਜਕਾਲ ਦੌਰਾਨ ਵਿਧਾਇਕਾਂ ਨੇ ਆਪਣੇ-ਆਪ ਨੂੰ ਸੜਕਾਂ, ਗਲੀਆਂ ਅਤੇ ਸੀਵਰੇਜ ਦੀ ਸਫਾਈ ਤੱਕ ਹੀ ਸੀਮਤ ਕਰ ਲਿਆ। ਪਹਿਲਾਂ ਕੌਂਸਲਰਾਂ ਨੂੰ ਪਤਾ ਹੁੰਦਾ ਸੀ ਕਿ ਉਨ੍ਹਾਂ ਦੇ ਵਾਰਡ ਵਿਚ ਕੀ ਕੰਮ ਹੋ ਰਿਹਾ ਹੈ ਅਤੇ ਕਿਹੜਾ ਠੇਕੇਦਾਰ ਕਰ ਰਿਹਾ ਹੈ ਪਰ ਇਸ ਵਾਰ ਸਾਰਾ ਡਾਟਾ ਵਿਧਾਇਕਾਂ ਕੋਲ ਸੀ। ਉਹ ਠੇਕੇਦਾਰ ਨੂੰ ਦੱਸਦੇ ਸਨ ਕਿ ਕਿਹੜਾ ਕੰਮ ਪੂਰਾ ਕਰਨਾ ਅਤੇ ਕਿਹੜਾ ਲਟਕਾਉਣਾ ਹੈ।
ਪਹਿਲੇ ਸਮੇਂ ਵਿਚ ਕੌਂਸਲਰ ਆਪਣੇ ਵਾਰਡ ਦੇ ਕੰਮਾਂ ਦੇ ਉਦਘਾਟਨ ਵਿਚ ਵਿਧਾਇਕ ਨੂੰ ਬੁਲਾਉਣਾ ਆਪਣੀ ਸ਼ਾਨ ਸਮਝਦੇ ਸਨ ਪਰ ਇਸ ਕਾਰਜਕਾਲ ਦੌਰਾਨ ਵਿਧਾਇਕਾਂ ਨੇ ਕੌਂਸਲਰਾਂ ਨੂੰ ਉਦਘਾਟਨ ਵਿਚ ਬੁਲਾਉਣਾ ਸ਼ੁਰੂ ਕੀਤਾ। ਇਕ ਵਾਰਡ ਦੇ ਉਦਘਾਟਨ ਪ੍ਰੋਗਰਾਮ ਵਿਚ ਆਸ-ਪਾਸ ਦੇ 4-5 ਵਾਰਡਾਂ ਦੇ ਕੌਂਸਲਰ ਵੀ ਆਉਂਦੇ ਰਹੇ ਅਤੇ ਕੰਮਾਂ ਦਾ ਸਾਰਾ ਕ੍ਰੈਡਿਟ ਵਿਧਾਇਕਾਂ ਦੇ ਖਾਤੇ ਵਿਚ ਗਿਆ, ਜਿਸ ਕਾਰਨ ਵੀ ਕਾਂਗਰਸੀ ਕੌਂਸਲਰਾਂ ਵਿਚ ਅੰਦਰਖਾਤੇ ਰੋਸ ਪੈਦਾ ਹੁੰਦਾ ਰਿਹਾ।
ਕੌਂਸਲਰ ਤੋਂ ਜ਼ਿਆਦਾ ਹੋ ਗਈ ਵਿਧਾਇਕ ਦੇ ਪੀ. ਏ. ਦੀ ਇੱਜ਼ਤ
ਪਿਛਲੇ 5 ਸਾਲ ਦੌਰਾਨ ਕਾਂਗਰਸੀ ਵਿਧਾਇਕਾਂ ਨੇ ਆਪਣੀ ਹੀ ਪਾਰਟੀ ਦੇ ਕੌਂਸਲਰਾਂ ਨੂੰ ਕਿਸ ਤਰ੍ਹਾਂ ਬਾਈਪਾਸ ਕੀਤਾ, ਇਸ ਦੀਆਂ ਸੈਂਕੜੇ ਉਦਾਹਰਣਾਂ ਗਿਣਾਈਆਂ ਜਾ ਸਕਦੀਆਂ ਹਨ। ਇਸੇ ਕਾਰਨ ਅੱਜ ਵਿਧਾਇਕ ਦੀ ਪੀ. ਏ. ਦੀ ਇੱਜ਼ਤ ਕੌਂਸਲਰ ਤੋਂ ਕਿਤੇ ਜ਼ਿਆਦਾ ਹੁੰਦੀ ਹੈ। ਤੁਸੀਂ ਥਾਣੇ ਚਲੇ ਜਾਓ ਜਾਂ ਨਗਰ ਨਿਗਮ ਦੇ ਕਿਸੇ ਆਫਿਸ ਵਿਚ ਜੇਕਰ ਉਥੇ ਕਿਸੇ ਕੌਂਸਲਰ ਨੇ ਕੰਮ ਕਰਵਾਉਣਾ ਹੈ ਤਾਂ ਉਸ ਨੂੰ ਵਿਧਾਇਕ ਦੇ ਪੀ. ਏ. ਤੋਂ ਫੋਨ ਕਰਵਾਉਣਾ ਹੀ ਹੋਵੇਗਾ। ਇਸੇ ਕਾਰਨ ਪਿਛਲੇ 4-5 ਸਾਲ ਜ਼ਿਆਦਾਤਰ ਕਾਂਗਰਸੀ ਕੌਂਸਲਰ ਵਿਧਾਇਕਾਂ ਦੇ ਪੀ. ਏ. ਦੇ ਰਹਿਮੋ-ਕਰਮ ’ਤੇ ਹੀ ਰਹੇ। ਅੱਜ ਪੁਲਸ ਥਾਣਾ ਹੋਵੇ ਜਾਂ ਨਗਰ ਨਿਗਮ ਦਾ ਆਫ਼ਿਸ, ਵਿਧਾਇਕ ਦੇ ਪੀ. ਏ. ਦੇ ਫ਼ੋਨ ’ਤੇ ਹੀ ਜ਼ਿਆਦਾਤਰ ਅਫਸਰ ਸੀਟ ਤੋਂ ਉੱਠ ਖੜ੍ਹੇ ਹੁੰਦੇ ਹਨ, ਜਦ ਕਿ ਕੌਂਸਲਰ ਦੇ ਆਉਣ ’ਤੇ ਵੀ ਉਸ ਨੂੰ ਸਹੀ ਢੰਗ ਨਾਲ ਮੂੰਹ ਨਹੀਂ ਲਗਾਉਂਦੇ।
ਇਹ ਵੀ ਪੜ੍ਹੋ: ਨੰਗਲ 'ਚ ਪ੍ਰਿੰਸੀਪਲ ਦੀ ਘਿਨਾਉਣੀ ਹਰਕਤ, ਬੱਚੀਆਂ ਦਾ ਕਰਦਾ ਸੀ ਯੌਨ ਸ਼ੋਸ਼ਣ, ਇਤਰਾਜ਼ਯੋਗ ਤਸਵੀਰਾਂ ਵਾਇਰਲ
ਸੈਕਿੰਡ ਲਾਈਨ ਵੀ ਤਿਆਰ ਕਰ ਰਹੇ ਸਨ ਵਿਧਾਇਕ
ਸ਼ਹਿਰ ਦੇ ਕੁਝ ਕਾਂਗਰਸੀ ਵਿਧਾਇਕਾਂ ’ਤੇ ਤਾਂ ਇਹ ਵੀ ਦੋਸ਼ ਹੈ ਕਿ ਉਨ੍ਹਾਂ ਨੇ ਆਪਣੇ ਹਲਕੇ ਦੇ ਕੁਝ ਵਾਰਡਾਂ ਵਿਚ ਕੌਂਸਲਰਾਂ ਦੀ ਸੈਕਿੰਡ ਲਾਈਨ ਵੀ ਤਿਆਰ ਕਰਨੀ ਸ਼ੁਰੂ ਕਰ ਰੱਖੀ ਸੀ, ਜਿਸ ਦੀ ਸੂਚਨਾ ਮੌਜੂਦਾ ਕੌਂਸਲਰਾਂ ਨੂੰ ਵੀ ਸੀ। ਵਿਧਾਇਕਾਂ ਵੱਲੋਂ ਕੌਂਸਲਰਾਂ ਨੂੰ ਖੁੱਡੇਲਾਈਨ ਲਗਾਉਣ ਜਾਂ ਬਾਈਪਾਸ ਕੀਤੇ ਜਾਣ ਦੇ ਮਾਮਲੇ ਇੰਨੇ ਜ਼ਿਆਦਾ ਵਧ ਚੁੱਕੇ ਸਨ ਕਿ ਕੌਂਸਲਰ ਖੁਦ ਹੀ ਆਪਣੇ-ਆਪ ਨੂੰ ਜ਼ੀਰੋ ਸਮਝਣ ਲੱਗੇ। ਇਹੀ ਕਾਰਨ ਸੀ ਕਿ ਸਮਾਰਟ ਸਿਟੀ ਦੇ ਇਕ ਵੀ ਪ੍ਰਾਜੈਕਟ ਦੀ ਜਾਣਕਾਰੀ ਸ਼ਹਿਰ ਦੇ ਕਿਸੇ ਕੌਂਸਲਰ ਨੂੰ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਨੂੰ ਕਦੇ ਇਸ ਬਾਰੇ ਦੱਸਣ ਦੀ ਲੋੜ ਹੀ ਸਮਝੀ ਗਈ। ਮੇਅਰ ਵੱਲੋਂ ਕੌਂਸਲਰਾਂ ’ਤੇ ਆਧਾਰਿਤ ਬਣਾਈਆਂ ਗਈਆਂ ਸਬ-ਕਮੇਟੀਆਂ ਨੂੰ ਅਫਸਰਾਂ ਨੇ ਮਿਲ ਕੇ ਜ਼ੀਰੋ ਕਰ ਦਿੱਤਾ ਅਤੇ ਕਿਸੇ ਕਮੇਟੀ ਦੇ ਕਹਿਣ ’ਤੇ ਕੋਈ ਵੀ ਕੰਮ ਸਿਰੇ ਨਹੀਂ ਚੜ੍ਹਿਆ।
ਕੌਂਸਲਰਾਂ ਦੀ ਤਨਖਾਹ ਤੱਕ ਨਹੀਂ ਵਧੀ ਅਤੇ ਵਿਧਾਇਕਾਂ ਦੇ ਵਾਰੇ-ਨਿਆਰੇ ਹੋ ਗਏ
ਪਿਛਲੇ 5 ਸਾਲ ਸ਼ਹਿਰ ਦੇ ਕਾਂਗਰਸੀ ਵਿਧਾਇਕਾਂ ਦੇ ਖੂਬ ਵਾਰੇ-ਨਿਆਰੇ ਹੋਏ। ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਕਰੋੜਾਂ ਰੁਪਏ ਦੀ ਗ੍ਰਾਂਟ ਦਿੱਤੀ, ਜਿਸ ਕਾਰਨ ਵਿਧਾਇਕਾਂ ਨੇ ਆਪਣੀ ਮਰਜ਼ੀ ਨਾਲ ਨਾਜਾਇਜ਼ ਕਾਲੋਨੀਆਂ ਵਿਚ ਵੀ ਵਿਕਾਸ ਕੰਮ ਕਰਵਾਏ ਅਤੇ ਆਪਣੀ ਮਰਜ਼ੀ ਚਲਾਈ। ਕਈ ਵਿਧਾਇਕਾਂ ਨੇ ਆਪਣੇ ਠੇਕੇਦਾਰ ਪੈਦਾ ਕਰ ਲਏ, ਜਿਨ੍ਹਾਂ ਨੇ ਵਿਧਾਇਕਾਂ ਨਾਲ ਹਰ ਤਰ੍ਹਾਂ ਦਾ ਤਾਲਮੇਲ ਰੱਖਿਆ ਅਤੇ ਕੌਂਸਲਰਾਂ ਦੀ ਕੋਈ ਪ੍ਰਵਾਹ ਨਹੀਂ ਕੀਤੀ। ਪੂਰੇ 5 ਸਾਲ ਕੌਂਸਲਰਾਂ ਨੇ ਆਪਣੀ ਤਨਖਾਹ 18 ਹਜ਼ਾਰ ਰੁਪਏ ਪ੍ਰਤੀ ਮਹੀਨਾ ਤੋਂ ਵਧਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਦਿੱਤਾ ਪਰ ਵਿਧਾਇਕਾਂ ਨੇ ਇਸ ਵਿਚ ਉਨ੍ਹਾਂ ਦਾ ਕੋਈ ਸਾਥ ਨਹੀਂ ਦਿੱਤਾ। ਨਾਜਾਇਜ਼ ਕਾਲੋਨੀਆਂ ਤੇ ਨਾਜਾਇਜ਼ ਬਿਲਡਿੰਗਾਂ ਵਿਚ ਵੀ ਵਿਧਾਇਕਾਂ ਦੀ ਹੀ ਚੱਲੀ ਅਤੇ ਕੌਂਸਲਰਾਂ ਨੂੰ ਅਫ਼ਸਰਾਂ ਨੇ ਨੇੜੇ ਵੀ ਫਟਕਣ ਨਹੀਂ ਦਿੱਤਾ। ਆਪਣੀ ਕਮਾਈ ਘਟਦੀ ਅਤੇ ਵਿਧਾਇਕਾਂ ਦੀ ਕਮਾਈ ਵਧਦੀ ਵੇਖ ਵੀ ਕਾਂਗਰਸੀ ਕੌਂਸਲਰਾਂ ਵਿਚ ਅੰਦਰਖ਼ਾਤੇ ਗੁੱਸਾ ਪੈਦਾ ਹੋਇਆ ਜੋ ਇਨ੍ਹਾਂ ਚੋਣਾਂ ਵਿਚ ਨਿਕਲਿਆ ਵੀ।
ਇਹ ਵੀ ਪੜ੍ਹੋ: ਮੁਕੰਦਪੁਰ: ਇਕਤਰਫ਼ਾ ਪਿਆਰ 'ਚ ਸਿਰਫਿਰੇ ਆਸ਼ਿਕ ਦਾ ਕਾਰਾ, ਕੁੜੀ ਦੇ ਪਿਓ ਨੂੰ ਦਿੱਤੀ ਰੂਹ ਕੰਬਾਊ ਮੌਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਰੂਸ-ਯੂਕ੍ਰੇਨ ਵਿਵਾਦ 'ਤੇ ਚਿੰਤਤ ਮੁੱਖ ਮੰਤਰੀ ਚੰਨੀ, ਪ੍ਰਧਾਨ ਮੰਤਰੀ ਮੋਦੀ ਨੂੰ ਕੀਤੀ ਖ਼ਾਸ ਅਪੀਲ
NEXT STORY