ਲੁਧਿਆਣਾ,(ਨਰਿੰਦਰ/ਸਹਿਗਲ)- ਕੋਰੋਨਾ ਵਾਇਰਸ ਦਿਨ-ਬ-ਦਿਨ ਪ੍ਰਚੰਡ ਰੂਪ ਧਾਰਦਾ ਜਾ ਰਿਹਾ ਹੈ। ਅੱਜ ਹੋਏ ਕੋਰੋਨਾ ਬਲਾਸਟ 'ਚ 126 ਵਿਅਕਤੀ ਇਸ ਵਾਇਰਸ ਦੀ ਲਪੇਟ ਵਿਚ ਆ ਗਏ, ਜਿਨ੍ਹਾਂ ਵਿਚ 116 ਵਿਅਕਤੀ ਲੁਧਿਆਣਾ ਜ਼ਿਲੇ ਦੇ, ਜਦੋਂਕਿ 10 ਦੂਜੇ ਜ਼ਿਲਿਆਂ ਨਾਲ ਸਬੰਧਤ ਹਨ। ਇੰਨੀ ਵੱਡੀ ਗਿਣਤੀ 'ਚ ਕੇਸ ਪਹਿਲੀ ਵਾਰ ਸਾਹਮਣੇ ਆਏ ਹਨ। ਅਚਾਨਕ ਇੰਨੇ ਮਰੀਜ਼ ਸਾਹਮਣੇ ਆਉਣ ਨਾਲ ਸਿਹਤ ਵਿਭਾਗ 'ਚ ਵੀ ਕਾਫੀ ਹਫੜਾ-ਦਫੜੀ ਦੇ ਹਾਲਾਤ ਬਣੇ ਹੋਏ ਹਨ। ਦੇਰ ਸ਼ਾਮ ਤੱਕ ਸਿਰਫ 80 ਮਰੀਜ਼ਾਂ ਦਾ ਹੀ ਬਿਓਰਾ ਤਿਆਰ ਕੀਤਾ ਜਾ ਸਕਿਆ।
ਦੋ ਮਰੀਜ਼ ਹੋਏ ਅਣਆਈ ਮੌਤ ਦਾ ਸ਼ਿਕਾਰ
ਕੋਰੋਨਾ ਵਾਇਰਸ ਨਾਲ ਜ਼ਿਲੇ ਵਿਚ ਦੋ ਮਰੀਜ਼ਾਂ ਦੀ ਮੌਤ ਹੋ ਗਈ। ਇਨ੍ਹਾਂ ਵਿਚੋਂ ਇਕ 60 ਸਾਲਾ ਮਰੀਜ਼ ਡੇਹਲੋਂ ਦਾ ਰਹਿਣ ਵਾਲਾ ਸੀ ਅਤੇ ਸੀ. ਐੱਮ. ਸੀ. ਹਸਪਤਾਲ ਵਿਚ ਭਰਤੀ ਸੀ। ਇਸ ਮਰੀਜ਼ ਨੂੰ 5 ਜੁਲਾਈ ਨੂੰ ਭਰਤੀ ਕਰਵਾਇਆ ਗਿਆ ਸੀ, ਜਿਸ ਤੋਂ ਬਾਅਦ ਜ਼ਿਲੇ 'ਚ ਕੋਰੋਨਾ ਨਾਲ ਦਮ ਤੋੜਨ ਵਾਲੇ ਮਰੀਜ਼ਾਂ ਦੀ ਗਿਣਤੀ 33 ਹੋ ਗਈ ਹੈ। ਦੂਜਾ 62 ਸਾਲਾ ਮਰੀਜ਼ ਜਲੰਧਰ ਦਾ ਰਹਿਣ ਵਾਲਾ ਸੀ ਅਤੇ ਦਯਾਨੰਦ ਹਸਪਤਾਲ 'ਚ ਭਰਤੀ ਸੀ। ਇਸ ਮਰੀਜ਼ ਨੂੰ ਵੀ 5 ਜੁਲਾਈ ਨੂੰ ਭਰਤੀ ਕਰਵਾਇਆ ਗਿਆ ਸੀ। ਡੀ. ਐੱਮ. ਸੀ. ਐੱਚ. ਦੇ ਮੈਡੀਕਲ ਸੁਪਰਡੈਂਟ ਡਾ. ਅਸ਼ਵਨੀ ਚੌਧਰੀ ਨੇ ਇਸ ਦੀ ਪੁਸ਼ਟੀ ਕੀਤੀ ਹੈ।
1 ਨਵਾਂ ਕੰਟੇਨਮੈਂਟ ਅਤੇ 5 ਮਾਈਕ੍ਰੋ ਕੰਟੇਨਮੈਂਟ ਜ਼ੋਨ ਬਣੇ
ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਆਮਦ ਨੂੰ ਦੇਖਦੇ ਹੋਏ ਸਲੇਮ ਟਾਬਰੀ 'ਚ ਸਥਿਤ ਅਸ਼ੋਕ ਨਗਰ ਨੂੰ ਕੰਟੇਨਮੈਂਟ ਜ਼ੋਨ ਐਲਾਨ ਦਿੱਤਾ ਗਿਆ ਹੈ, ਉਥੇ ਕੋਰੋਨਾ ਵਾਇਰਸ ਦੇ 25 ਕੇਸ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਫੀਲਡਗੰਜ ਦੀ ਗਲੀ ਨੰ. 5 ਵਿਚ 9 ਕੇਸ ਆਉਣ 'ਤੇ ਵਿਜੇ ਨਗਰ ਦੀ ਗਲੀ ਨੰ. 3 ਵਿਚ 8 ਕੇਸ, ਜੀ. ਕੇ. ਅਸਟੇਟ ਦੇ ਬੀ ਅਤੇ ਸੀ ਬਲਾਕ ਵਿਚ 8 ਨਵੇਂ ਕੇਸ, ਕਿਦਵਈ ਨਗਰ ਵਿਚ ਹਾਊਸ ਨੰਬਰ 37 ਤੋਂ 76 ਤੱਕ 6 ਮਰੀਜ਼ ਅਤੇ ਨਵੀਂ ਆਬਾਦੀ ਖੰਨਾ ਵਿਚ 5 ਨਵੇਂ ਕੇਸ ਆਉਣ 'ਤੇ ਲੱਕੀ ਚੇਅਰਡ੍ਰੈਸਰ, ਆਰ. ਐੱਸ. ਮਾਡਲ ਸਕੂਲ ਤੱਕ ਇਲਾਕਾ ਸੀਲ ਕਰਨ ਦੇ ਨਿਰਦੇਸ਼ ਜਾਰੀ ਕਰ ਕੇ ਉਪਰੋਕਤ ਇਲਾਕਿਆਂ ਨੂੰ ਮਾਈਕ੍ਰੋ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ ਹੈ।
ਅੱਜ ਜਿਨ੍ਹਾਂ ਇਲਾਕਿਆਂ 'ਚ ਕੋਰੋਨਾ ਵਾਇਰਸ ਦੇ ਸਮੂਹਕ ਕੇਸ ਸਾਹਮਣੇ ਆਏ, ਉਨ੍ਹਾਂ ਵਿਚ ਗੁਰੂ ਗੋਬਿੰਦ ਸਿੰਘ ਨਗਰ ਵਿਚ ਨਾਲ ਕਿਦਵਈ ਨਗਰ ਵਿਚ ਰਾਜੀਵ ਕਾਲੋਨੀ ਵਿਚ 4, ਸੀ. ਐੱਮ. ਸੀ. ਵਿਚ 5, ਦਸਮੇਸ਼ ਨਗਰ 3, ਡਾਬਾ ਲੋਹਾਰਾ ਰੋਡ 'ਤੇ 4, ਬ੍ਰੋਸਟਲ ਜੇਲ ਤੋਂ 2, ਮੁਰਾਦਪੁਰਾ ਤੋਂ ਦੋ ਜਮਾਲਪੁਰ ਲੇਲੀ, ਮੋਤੀ ਨਗਰ ਤੋਂ 2, ਈਸ਼ਵਰ ਨਗਰ ਤੇ ਪਿੰਡ ਮੇਲ ਤੋਂ 5 ਤੋਂ ਇਲਾਵਾ 2 ਦਰਜਨ ਤੋਂ ਜ਼ਿਆਦਾ ਇਲਾਕਿਆਂ 'ਚ ਕੋਰੋਨਾ ਵਾਇਰਸ ਦੇ ਇੱਦਾ-ਦੁੱਕਾ ਕੇਸ ਸਾਹਮਣੇ ਆਏ ਹਨ।
ਡੀ. ਐੱਸ. ਪੀ. ਬਾਘਾ ਪੁਰਾਣਾ ਸਮੇਤ 11 ਪੁਲਸ ਮੁਲਾਜ਼ਮ ਕੋਰੋਨਾ ਵਾਇਰਸ ਦੀ ਲਪੇਟ 'ਚ
ਜ਼ਿਲੇ ਵਿਚ ਰਹਿਣ ਵਾਲੇ ਅਤੇ ਬਾਘਾ ਪੁਰਾਣਾ 'ਚ ਨਿਯੁਕਤ ਡੀ. ਐੱਸ. ਪੀ. ਤੋਂ ਇਲਾਵਾ 11 ਪੁਲਸ ਮੁਲਾਜ਼ਮ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ, ਜਿਸ ਵਿਚ ਮੁੱਲਾਂਪੁਰ ਦਾਖਾ ਥਾਣੇ ਤੋਂ ਦੋ-ਦੋ ਹੈੱਡ ਕਾਂਸਟੇਬਲ ਅਤੇ ਦੋ ਕਾਂਸਟੇਬਲ ਪਾਜ਼ੇਟਿਵ ਆਏ ਹਨ, ਜਦੋਂਕਿ ਸ਼ਹਿਰ ਦੇ ਮੋਤੀ ਨਗਰ ਥਾਣਾ ਤੋਂ 22 ਸਾਲਾ ਕਾਂਸਟੇਬਲ, ਸੀ. ਆਈ. ਏ.-1 ਤੋਂ 50 ਸਾਲਾ ਏ. ਐੱਸ. ਆਈ., ਧਰਮਪੁਰੀ ਚੌਕੀ ਤੋਂ 46 ਸਾਲਾ ਏ. ਐੱਸ. ਆਈ., ਮੋਤੀ ਨਗਰ ਥਾਣਾ ਤੋਂ 49 ਸਾਲਾ ਏ. ਐੱਸ. ਆਈ., ਸੀ. ਆਈ. ਏ.-1 ਤੋਂ 50 ਸਾਲਾ ਏ. ਐੱਸ. ਆਈ., ਸੀ. ਆਈ. ਏ.-1 ਤੋਂ 32 ਸਾਲਾ ਹੈੱਡ ਕਾਂਸਟੇਬਲ, ਡਵੀਜ਼ਨ ਨੰ.7 ਥਾਣੇ ਤੋਂ 42 ਸਾਲਾ ਹੈੱਡ ਕਾਂਸਟੇਬਲ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਸ ਤੋਂ ਇਲਾਵਾ ਸ਼ਿਮਲਾਪੁਰੀ ਥਾਣੇ ਤੋਂ 54 ਸਾਲਾ ਏ. ਐੱਸ. ਆਈ. ਵੀ ਕੋਰੋਨਾ ਪਾਜ਼ੇਟਿਵ ਆਏ ਹਨ।
859 ਰਿਪੋਰਟਾਂ ਦਾ ਇੰਤਜ਼ਾਰ
ਜ਼ਿਲਾ ਮਲੇਰੀਆ ਅਫਸਰ ਡਾ. ਰਮੇਸ਼ ਭਗਤ ਨੇ ਦੱਸਿਆ ਕਿ ਅਜੇ 859 ਰਿਪੋਰਟਾਂ ਦਾ ਇੰਤਜ਼ਾਰ ਹੈ, ਜੋ ਪੈਂਡਿੰਗ ਹਨ। ਇਸ ਤੋਂ ਇਲਾਵਾ ਅੱਜ 616 ਵਿਅਕਤੀਆਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ।
ਵਿਧਵਾ ਮਨਦੀਪ ਕੌਰ ਨੂੰ ਇਨਸਾਫ ਦਿਵਾਉਣ ਲਈ ਪਿੰਡ ਵਾਲਿਆਂ ਨੇ ਥਾਣੇ ਅੱਗੇ ਲਾਇਆ ਧਰਨਾ
NEXT STORY