ਚੰਡੀਗੜ੍ਹ (ਸ਼ਰਮਾ) : 28 ਅਤੇ 29 ਦਸੰਬਰ ਨੂੰ ਕੋਰੋਨਾ ਟੀਕੇ ਦੇ ਮਸਨੂਈ ਅਭਿਆਸ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਐੱਸ. ਬੀ. ਐੱਸ. ਨਗਰ ਅਤੇ ਲੁਧਿਆਣਾ 'ਚ ਆਪਣੀ ਤਰ੍ਹਾਂ ਦੇ ਪਹਿਲੇ ਟੀਕਾਕਰਨ ਪ੍ਰੋਗਰਾਮ ਦੀ ਸ਼ੁਰੂਆਤ ਲਈ ਪੂਰੀ ਤਰ੍ਹਾਂ ਤਿਆਰ ਹੈ। ਸਿਹਤ ਮੰਤਰੀ ਬਲਬੀਰ ਸਿੱਧੂ ਨੇ ਕਿਹਾ ਕਿ ਟੀਕਾਕਰਨ ਦੀ ਸ਼ੁਰੂਆਤ ਪੜਾਅਵਾਰ ਢੰਗ ਨਾਲ ਕਰਨ ਦੀ ਯੋਜਨਾ ਹੈ, ਜਿਸ ਲਈ ਸਿਹਤ ਮੁਲਾਜ਼ਮ, ਫਰੰਟਲਾਈਨ ਵਰਕਰ, ਬਜ਼ੁਰਗ ਅਤੇ ਸਹਿ-ਰੋਗਾਂ ਵਾਲੀ ਆਬਾਦੀ ਤਰਜੀਹੀ ਸਮੂਹ ਹਨ। ਉਨ੍ਹਾਂ ਕਿਹਾ ਕਿ ਨਿੱਜੀ ਅਤੇ ਸਰਕਾਰੀ ਸਿਹਤ ਸੰਸਥਾਵਾਂ ਦੇ 1.5 ਲੱਖ ਸਿਹਤ ਦੇ ਵੇਰਵਾ ਪਹਿਲਾਂ ਹੀ ਕੋਵਿਨ ਪੋਰਟਲ ’ਤੇ ਅਪਲੋਡ ਕਰ ਦਿੱਤੇ ਗਏ ਹਨ।
ਇਹ ਵੀ ਪੜ੍ਹੋ : 'ਕੈਪਟਨ' ਦੀ ਪੰਜਾਬ ਦੇ ਕਿਸਾਨਾਂ ਨੂੰ ਖ਼ਾਸ ਅਪੀਲ, ਮੋਬਾਇਲ ਟਾਵਰਾਂ ਦੇ ਕੁਨੈਕਸ਼ਨ ਕੱਟਣ ਬਾਰੇ ਆਖੀ ਇਹ ਗੱਲ
ਸਾਰੇ ਲਾਭਪਾਤਰੀਆਂ ਲਈ ਕੋਵਿਨ ਪੋਰਟਲ ’ਤੇ ਪ੍ਰੀ-ਰਜਿਸਟਰ ਹੋਣਾ ਲਾਜ਼ਮੀ ਹੈ ਅਤੇ ਇਸ ਦੇ ਲਈ ਫੋਟੋ ਆਈ. ਡੀ. ਦੀ ਲੋੜ ਹੋਵੇਗੀ। ਸਿੱਧੂ ਨੇ ਦੱਸਿਆ ਕਿ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀਆਂ ਹਦਾਇਤਾਂ ਅਨੁਸਾਰ ਐੱਸ. ਬੀ. ਐੱਸ. ਨਗਰ 'ਚ 5 ਥਾਵਾਂ ਦੀ ਪਛਾਣ ਕੀਤੀ ਹੈ, ਜਿਨ੍ਹਾਂ 'ਚ ਜ਼ਿਲ੍ਹਾ ਹਸਪਤਾਲ ਐੱਸ. ਬੀ. ਐੱਸ. ਨਗਰ, ਸੀ. ਐੱਚ. ਸੀ. ਮੁਕੰਦਪੁਰ, ਸ਼ਹਿਰੀ ਪਹੁੰਚ ਵਜੋਂ ਪੀ. ਐੱਚ. ਸੀ. ਜਾਦਲਾ, ਦਿਹਾਤੀ ਪਹੁੰਚ ਵਜੋਂ ਸਬ ਸੈਂਟਰ ਉਸਮਾਨਪੁਰ ਅਤੇ ਨਿੱਜੀ ਫੈਸਿਲਟੀ ਵਜੋਂ ਆਈ. ਵੀ. ਹਸਪਤਾਲ ਸ਼ਾਮਲ ਹਨ। ਇਸੇ ਤਰ੍ਹਾਂ ਲੁਧਿਆਣਾ ਵਿਖੇ 7 ਥਾਵਾਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ 'ਚ ਜ਼ਿਲ੍ਹਾ ਹਸਪਤਾਲ ਵਜੋਂ ਲਾਰਡ ਮਹਾਵੀਰ ਸਿਵਲ ਹਸਪਤਾਲ, ਨਿੱਜੀ ਫੈਸਿਲਟੀ ਵਜੋਂ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ, ਸ਼ਹਿਰੀ ਪਹੁੰਚ ਵਜੋਂ ਜਗਰਾਓਂ ਐੱਸ. ਡੀ. ਐੱਚ., ਰਾਏਕੋਟ ਐੱਸ.ਡੀ.ਐੱਚ. ਅਤੇ ਖੰਨਾ ਐੱਸ. ਡੀ. ਐੱਚ. ਅਤੇ ਦਿਹਾਤੀ ਪਹੁੰਚ ਵਜੋਂ ਸੀ. ਐੱਚ. ਸੀ. ਧਮੋਟ ਅਤੇ ਮਾਛੀਵਾੜਾ ਸੀ. ਐੱਚ. ਸੀ. ਸ਼ਾਮਲ ਹਨ।
ਇਹ ਵੀ ਪੜ੍ਹੋ : 'ਆਪ' ਨੇ ਵਿਧਾਨ ਸਭਾ ਚੋਣਾਂ ਲਈ ਕੱਸੀ ਕਮਰ, ਹਿੰਦੂ ਚਿਹਰਿਆਂ 'ਤੇ ਟਿਕਾਈ ਨਜ਼ਰ
ਉਨ੍ਹਾਂ ਦੱਸਿਆ ਕਿ ਸਟੇਟ ਵੈਕਸੀਨ ਸਟੋਰ ਦੇ ਨਾਲ ਹੀ ਤਿੰਨ ਰੀਜ਼ਨਲ ਵੈਕਸੀਨ ਸਟੋਰ ਅੰਮ੍ਰਿਤਸਰ, ਹੁਸ਼ਿਆਰਪੁਰ ਅਤੇ ਫਿਰੋਜ਼ਪੁਰ 'ਚ ਤਿਆਰ ਕੀਤੇ ਗਏ ਹਨ, ਜਿਥੋਂ ਰਾਜ ਭਰ 'ਚ ਟੀਕੇ ਦੀ ਸਪਲਾਈ ਯਕੀਨੀ ਬਣਾਈ ਜਾਏਗੀ। ਉਨ੍ਹਾਂ ਕਿਹਾ ਕਿ ਪੰਜਾਬ ਨੇ ਕੋਲਡ ਚੇਨ ਦਾ ਮੁਲਾਂਕਣ ਵੀ ਕੀਤਾ ਹੈ ਅਤੇ 729 ਕੋਲਡ ਚੇਨ ਪੁਆਇੰਟਾਂ ਦੀ ਪਛਾਣ ਕੀਤੀ ਹੈ। ਤਿਆਰੀ ਸਬੰਧੀ ਗਤੀਵਿਧੀਆਂ ਦੀ ਨਿਗਰਾਨੀ ਲਈ ਰਾਜ ਪੱਧਰੀ ਅਤੇ ਜ਼ਿਲ੍ਹਾ ਪੱਧਰੀ ਮੀਟਿੰਗਾਂ ਸਮੇਂ ਸਿਰ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਅੱਗੇ ਦੱਸਿਆ ਕਿ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਪੰਜਾਬ 'ਚ ਮਸਨੂਈ ਅਭਿਆਸ ਦੀ ਯੋਜਨਾ ਬਣਾਈ ਗਈ ਹੈ, ਜਿਸ 'ਚ ਤਿੰਨ ਹੋਰ ਸੂਬੇ ਆਂਧਰਾ ਪ੍ਰਦੇਸ਼, ਅਸਾਮ ਅਤੇ ਗੁਜਰਾਤ ਵੀ ਸ਼ਾਮਲ ਹਨ। ਐੱਸ. ਬੀ. ਐੱਸ. ਨਗਰ ਅਤੇ ਲੁਧਿਆਣਾ 28 ਅਤੇ 29 ਦਸੰਬਰ 2020 ਨੂੰ ਕੋਵਿਡ ਟੀਕੇ ਦੇ ਮਸਨੂਈ ਅਭਿਆਸ ਲਈ ਚੁਣੇ ਗਏ ਹਨ।
ਇਹ ਵੀ ਪੜ੍ਹੋ : ਚੰਗੀ ਖ਼ਬਰ : 'ਕੈਨੇਡਾ' ਸਰਕਾਰ ਸਾਹਿਬਜ਼ਾਦਿਆਂ ਦੇ ਇਤਿਹਾਸ ਨੂੰ ਸਕੂਲੀ ਸਿਲੇਬਸ ’ਚ ਸ਼ਾਮਲ ਕਰਨ ਨੂੰ ਤਿਆਰ
ਕੋਵਿਡ ਟੀਕੇ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਦੇਸੀ ਟੀਕੇ ਦੇ ਤਿੰਨ ਨਿਰਮਾਤਾ ਤੀਜੇ ਪੜਾਅ ਦੇ ਟਰਾਇਲ 'ਚ ਦਾਖ਼ਲ ਹੋਏ ਹਨ। ਭਾਰਤ ਦੇ ਸੀਰਮ ਇੰਸਟੀਚਿਊਟ ਦਾ ਕੋਵੀਸ਼ੀਲਡ, ਭਾਰਤ ਬਾਇਓਟੈੱਕ ਇੰਟਰਨੈਸ਼ਨਲ ਲਿਮਟਿਡ ਦਾ ਕੋਵੈਕਸੀਨ ਅਤੇ ਕੈਡਿਲਾ ਹੈਲਥਕੇਅਰ ਲਿਮਟਿਡ ਦਾ ਜਾਈਕੋਵ-ਡੀ ਭਾਰਤ 'ਚ ਉਪਲੱਬਧ ਸੰਭਾਵਿਤ ਦੇਸੀ ਟੀਕੇ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਕੋਵਿਡ ਟੀਕੇ ਦੀ ਖੁਰਾਕ, ਖੁਰਾਕ ਦੇ ਸ਼ਡਿਊਲ ਸੰਬਧੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵਲੋਂ ਅਜੇ ਐਲਾਨ ਕੀਤਾ ਜਾਣਾ ਬਾਕੀ ਹੈ ਅਤੇ ਉਪਰੋਕਤ ਵੈਕਸੀਨ ਨੂੰ 2 ਡਿਗਰੀ ਤੋਂ 8 ਡਿਗਰੀ ਸੈਲਸੀਅਸ ਤੱਕ ਸਟੋਰ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਦੋਵੇਂ ਜ਼ਿਲ੍ਹਿਆਂ 'ਚ ਟੀਕਾਕਰਨ ਟੀਮ, ਜਿਸ 'ਚ ਹਰੇਕ ਸਾਈਟ ਲਈ ਇਕ ਟੀਕਾਕਰਨ ਅਧਿਕਾਰੀ, ਚਾਰ ਟੀਕਾਕਰਨ ਕਰਮਚਾਰੀ ਅਤੇ 1 ਸੁਪਰਵਾਈਜ਼ਰ ਸ਼ਾਮਲ ਹੋਣਗੇ, ਦੀ ਪਛਾਣ ਲਈ ਜ਼ਿਲ੍ਹਾ ਟਾਸਕ ਫੋਰਸ ਦੀ ਮੀਟਿੰਗ ਕੀਤੀ ਗਈ। ਲਾਭਪਾਤਰੀਆਂ ਦੀ ਪਛਾਣ ਪਹਿਲਾਂ ਕੀਤੀ ਜਾਵੇਗੀ ਅਤੇ ਕੋਵਿਨ ਪੋਰਟਲ (25 ਟੈਸਟ ਲਾਭਪਾਤਰੀ) ’ਤੇ ਵੇਰਵੇ ਅਪਲੋਡ ਕੀਤੇ ਜਾਣਗੇ। ਦੋਵਾਂ ਜ਼ਿਲ੍ਹਿਆਂ 'ਚ ਰਾਜ ਟੀਕਾਕਰਨ ਅਧਿਕਾਰੀ ਪੰਜਾਬ, ਡੀ. ਆਈ. ਓ., ਡਿਵਲੈਪਮੈਂਟ ਪਾਰਟਨਰ ਯੂ. ਐੱਨ. ਡੀ. ਪੀ. ਅਤੇ ਡਬਲਯੂ. ਐੱਚ. ਓ. ਦੀ ਮੌਜੂਦਗੀ 'ਚ 26 ਦਸੰਬਰ, 2020 ਨੂੰ ਜ਼ਿਲ੍ਹਾ ਪੱਧਰੀ ਸਿਖਲਾਈ ਦਿੱਤੀ ਗਈ ਹੈ।
ਨੋਟ : ਪੰਜਾਬ 'ਚ ਕੋਰੋਨਾ ਟੀਕੇ ਦੇ ਟ੍ਰਾਇਲ ਸਬੰਧੀ ਦਿਓ ਆਪਣੀ ਰਾਏ
ਪੰਜਾਬ ਪੁਲਸ ’ਚ ਸਭ ਤੋਂ ਜ਼ਿਆਦਾ ਲੁਧਿਆਣਾ ਪੁਲਸ ’ਤੇ ਪਿਆ ਕੋਰੋਨਾ ਦਾ ਪ੍ਰਭਾਵ, 431 ਹੋਏ ਪਾਜ਼ੇਟਿਵ
NEXT STORY