ਚੰਡੀਗੜ੍ਹ,(ਅਸ਼ਵਨੀ)- ਚੰਡੀਗੜ੍ਹ ਦੇ ਪੀ. ਜੀ.ਆਈ. ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਾਅਵੇ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ ਹੈ। ਮੁੱਖ ਮੰਤਰੀ ਨੇ ਦਾਅਵਾ ਕੀਤਾ ਸੀ ਕਿ ਸਤੰਬਰ ਦੇ ਮੱਧ ਤੱਕ ਪੰਜਾਬ ਦੀ ਕਰੀਬ 87 ਫੀਸਦੀ ਆਬਾਦੀ ਕੋਰੋਨਾ ਵਾਇਰਸ ਦੀ ਚਪੇਟ 'ਚ ਆ ਸਕਦੀ ਹੈ। ਮੁੱਖ ਮੰਤਰੀ ਨੇ ਇਸ ਦਾਅਵੇ 'ਚ ਪੀ. ਜੀ. ਆਈ. ਦੀ ਸਟੱਡੀ ਦਾ ਜ਼ਿਕਰ ਕੀਤਾ ਸੀ।
ਇਹ ਵੱਖਰੀ ਗੱਲ ਹੈ ਕਿ ਮੁੱਖ ਮੰਤਰੀ ਦੇ ਦਾਅਵੇ ਤੋਂ ਠੀਕ ਉਲਟ ਪੀ. ਜੀ. ਆਈ. ਨੇ ਇਸ ਗੱਲ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਹੋਰ ਤਾਂ ਹੋਰ ਪੀ. ਜੀ. ਆਈ. ਨੇ ਹੋਰ ਇਕ ਪ੍ਰੈੱਸ ਬਿਆਨ ਜਾਰੀ ਕਰ ਕੇ ਇਥੇ ਤੱਕ ਕਹਿ ਦਿੱਤਾ ਕਿ ਇਸ ਸਟੱਡੀ ਨਾਲ ਪੀ. ਜੀ. ਆਈ. ਦਾ ਕੋਈ ਨਾਤਾ ਨਹੀਂ ਹੈ। ਇਸ ਦੇ ਨਾਲ ਹੀ ਪੀ. ਜੀ. ਆਈ. ਨੇ ਦਾਅਵਾ ਕੀਤਾ ਕਿ ਇਹ ਅੰਕੜੇ ਉਨ੍ਹਾਂ ਦੇ ਇਕ ਫੈਕਲਟੀ ਮੈਂਬਰ ਨੇ ਸਰਕਾਰ ਨੂੰ ਉਪਲਬਧ ਕਰਵਾਏ ਸਨ, ਜਿਸ ਦਾ ਕੋਈ ਸਾਇੰਟੀਫਿਕ ਆਧਾਰ ਨਹੀਂ ਹੈ ਅਤੇ ਇਸ ਦੇ ਨਾਲ ਹੀ ਸਬੰਧਤ ਫੈਕਲਟੀ ਮੈਂਬਰ ਡਾ. ਸ਼ੰਕਰ ਪਰਿੰਜਾ ਨੇ ਇਸ ਰਿਸਰਚ ਨੂੰ ਲੈ ਕੇ ਪੀ. ਜੀ. ਆਈ. ਨੂੰ ਜਾਣੂ ਤੱਕ ਨਹੀਂ ਕਰਵਾਇਆ। ਉਥੇ ਹੀ, ਨਾ ਹੀ ਡਾਕਟਰ ਪਰਿੰਜਾ ਨੇ ਰਿਸਰਚ ਕਮੇਟੀ ਤੋਂ ਇਸਦੀ ਆਗਿਆ ਲਈ। ਇਸ ਲਈ ਪੀ. ਜੀ. ਆਈ. ਨੇ ਇਨ੍ਹਾਂ ਅੰਕੜਿਆਂ ਨੂੰ ਸਿਰੇ ਤੋਂ ਖਾਰਿਜ ਕੀਤਾ ਹੈ। ਪੀ. ਜੀ. ਆਈ. ਨੇ ਇਸ ਮਾਮਲੇ 'ਚ ਸਬੰਧਤ ਡਾਕਟਰ ਦੇ ਖਿਲਾਫ ਕਾਰਵਾਈ ਕਰਨ ਦਾ ਮਨ ਵੀ ਬਣਾ ਲਿਆ ਹੈ। ਸ਼ਨੀਵਾਰ ਨੂੰ ਇਸ ਮਾਮਲੇ 'ਤੇ ਪੀ. ਜੀ. ਆਈ. ਡਾਇਰੈਕਟਰ ਡਾ. ਜਗਤ ਰਾਮ ਨੇ ਬੈਠਕ ਵੀ ਬੁਲਾਈ ਹੈ।ਉੱਧਰ, ਪੰਜਾਬ ਸਰਕਾਰ ਨੇ ਅੰਕੜਿਆਂ ਦੇ ਖਾਰਿਜ ਹੋਣ 'ਤੇ ਤੁਰੰਤ ਬਚਾਅ ਦਾ ਰੁਖ ਅਖਤਿਆਰ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਤਾਂ ਇਹ ਅੰਕੜੇ ਪੀ. ਜੀ. ਆਈ. ਨੇ ਉਪਲਬਧ ਕਰਵਾਏ ਸਨ।
ਮੁੱਖ ਮੰਤਰੀ ਨੇ ਸੂਬੇ ਦੀ 87 ਫੀਸਦੀ ਆਬਾਦੀ ਦੇ ਪ੍ਰਭਾਵਿਤ ਹੋਣ ਦਾ ਕੀਤਾ ਸੀ ਦਾਅਵਾ
ਮੁੱਖ ਮੰਤਰੀ ਨੇ ਦਾਅਵਾ ਕਰਦਿਆਂ ਕਿਹਾ ਸੀ ਕਿ ਬਾਸਟਨ ਕੰਸਲਟਿੰਗ ਗਰੁੱਪ, ਪੀ. ਜੀ. ਆਈ. ਕਮਿਊਨਿਟੀ ਮੈਡੀਸਨ ਡਿਪਾਰਟਮੈਂਟ ਅਤੇ ਜਾਨ ਹਾਪਕਿੰਸ ਦੇ ਮਾਹਰਾਂ ਨੇ ਕੋਰੋਨਾ ਵਾਇਰਸ ਫੈਲਣ 'ਤੇ ਇਕ ਸਟੱਡੀ ਕੀਤੀ ਹੈ, ਜਿਸ ਮੁਤਾਬਕ ਭਾਰਤ 'ਚ ਜੁਲਾਈ ਤੋਂ ਸਤੰਬਰ ਦੌਰਾਨ ਕੋਰੋਨਾ ਵਾਇਰਸ ਨਾਲ 58 ਫੀਸਦੀ ਲੋਕ ਪ੍ਰਭਾਵਿਤ ਹੋਣਗੇ ਜਦ ਕਿ ਪੰਜਾਬ 'ਚ 87 ਫੀਸਦੀ ਜਨਸੰਖਿਆ ਇਸ ਤੋਂ ਪ੍ਰਭਾਵਿਤ ਹੋਵੇਗੀ।
ਪਨਗ੍ਰੇਨ ਵਲੋਂ ਮੁੱਖ ਮੰਤਰੀ ਰਾਹਤ ਫੰਡ 'ਚ 21,43,925 ਰੁਪਏ ਦਾ ਯੋਗਦਾਨ
NEXT STORY