ਗੁਰਦਾਸਪੁਰ (ਹਰਮਨ) - ਪਿਛਲੇ ਕੁਝ ਦਿਨਾਂ ਤੋਂ ਪੰਜਾਬ ਅੰਦਰ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਸਾਹਮਣੇ ਆਉਣ ਕਾਰਨ ਜਿਥੇ ਕਾਰੋਬਾਰ ਪ੍ਰਭਾਵਿਤ ਹੋਏ ਹਨ, ਉਥੇ ਕਰੋਨਾਵਾਇਰਸ ਦੇ ਕਹਿਰ ਨੇ ਪੋਲਟਰੀ ਨਾਲ ਸਬੰਧਿਤ ਕਾਰੋਬਾਰ ਦਾ ਲੱਕ ਤੋੜ ਕੇ ਰੱਖ ਦਿੱਤਾ। ਕੁਝ ਹੀ ਦਿਨਾਂ ਵਿਚ ਪੋਲਟਰੀ ਦਾ ਕੰਮ ’ਤੇ ਇਸ ਵਾਇਰਸ ਦੀ ਏਨੀ ਵੱਡੀ ਮਾਰ ਪਈ ਹੈ ਕਿ ਪੋਲਟਰੀ ਦਾ ਧੰਦਾ ਹੁਣ ਤੱਕ ਦੀ ਸਭ ਤੋਂ ਵੱਡੀ ਵਿਤੀ ਮਾਰ ਨਾਲ ਜੂਝ ਰਿਹਾ ਹੈ ਜਿਸ ਦੇ ਚਲਦਿਆਂ ਅੰਡਿਆਂ ਅਤੇ ਮੀਟ ਦੇ ਰੇਟਾਂ ਵਿਚ 50 ਫੀਸਦੀ ਤੋਂ ਵੀ ਜਿਆਦਾ ਗਿਰਾਵਟ ਆਉਣ ਕਾਰਨ ਇਹ ਕਾਰੋਬਾਰ ਮੂਧੇ ਮੂੰਹ ਡਿੱਗ ਪਿਆ ਹੈ।
ਲਾਗਤ ਦਾ ਖਰਚਾ ਵੀ ਨਹੀਂ ਹੋ ਰਿਹਾ ਪੂਰਾ
ਗੁਰਦਾਸਪੁਰ ਨਾਲ ਸਬੰਧਿਤ ਪੋਲਟਰੀ ਦਾ ਕਾਰੋਬਾਰ ਕਾਰਨ ਵਾਲੇ ਮੁਕੇਸ਼ ਸ਼ਰਮਾ, ਰਾਕੇਸ਼ ਕੁਮਾਰ ਤੇ ਹੋਰ ਕਈ ਕਾਰੋਬਾਰੀਆਂ ਨੇ ਦੱਸਿਆ ਕਿ ਪਹਿਲਾਂ ਹੀ ਕਈ ਪ੍ਰਾਈਵੇਟ ਕੰਪਨੀਆਂ ਵੱਲੋਂ ਇਸ ਕਾਰੋਬਾਰ ਵਿਚ ਪੈਰ ਰੱਖਣ ਕਾਰਨ ਪੋਲਟਰੀ ਦਾ ਸਹਾਇਕ ਧੰਦਾ ਕਰਨ ਵਾਲੇ ਲੋਕ ਘਾਟੇ ਵਿਚ ਜਾ ਰਹੇ ਸਨ। ਪਰ ਹੁਣ ਜਦੋਂ ਕਰੋਨਾਵਾਇਰਸ ਨਾਲ ਸਬੰਧਿਤ ਸ਼ੱਕੀ ਮਰੀਜ ਸਾਹਮਣੇ ਆਉਣੇ ਸ਼ੁਰੂ ਹੋਏ ਹਨ ਤਾਂ ਲਗਾਤਾਰ ਫੈਲ ਰਹੀਆਂ ਅਫਵਾਹਾਂ ਕਾਰਨ ਅੰਡਿਆਂ ਦਾ ਹੋਲਸੇਲ ਰੇਟ ਪੌਣੇ ਚਾਰ ਰੁਪਏ ਤੋਂ ਘੱਟ ਕੇ ਪੌਣੇ ਤਿੰਨ ਰੁਪਏ ਰਹਿ ਗਿਆ ਹੈ। ਇਸੇਤਰ੍ਹਾਂ ਬਰਾਇਲਰ ਮੀਟ ਵੀ ਪਹਿਲਾਂ ਹੋਲਸੇਲ ਵਿਚ ਕਰੀਬ 70 ਰੁਪਏ ਪ੍ਰਤੀ ਕਿਲੋ ਵਿਕਦਾ ਸੀ। ਪਰ ਹੁਣ ਇਸ ਮੀਟ ਦਾ ਰੇਟ ਵੀ 25 ਤੋਂ 40 ਰੁਪਏ ਪ੍ਰਤੀ ਕਿਲੋ ਤੱਕ ਰਹਿ ਗਿਆ ਹੈ। ਏਨੇ ਘੱਟ ਰੇਟ ਨਾਲ ਉਨਾਂ ਦਾ ਖਰਚਾ ਵੀ ਪੂਰਾ ਨਹੀਂ ਹੋ ਰਿਹਾ ਕਿਉਂਕਿ ਮੁਰਗਿਆਂ ਦੀ ਸਾਂਭ ਸੰਭਾਲ ਤੇ ਖੁਰਾਕ ਦਾ ਖਰਚਾ ਬਹੁਤ ਜਿਆਦਾ ਹੈ।
ਜੰਮੂ ਕਸ਼ਮੀਰ ਦੇ ਵਪਾਰੀ ਵੀ ਨਹੀਂ ਲੈ ਰਹੇ ਮਾਲ
ਉਨਾਂ ਦੱਸਿਆ ਕਿ ਭਾਵੇਂ ਪੋਲਟਰੀ ਨਾਲ ਕਰੋਨਾਵਾਇਰਸ ਦਾ ਕੋਈ ਸਬੰਧ ਨਹੀਂ ਪਰ ਫਿਰ ਵੀ ਕਈ ਲੋਕ ਅਫਵਾਹਾਂ ਕਾਰਨ ਡਰੇ ਹੋਏ ਹਨ, ਜਿਨਾਂ ਵਲੋਂ ਮੁਰਗੇ ਦਾ ਮੀਟ ਮਾਸ ਖਾਣ ਤੋਂ ਗੁਰੇਜ ਕੀਤਾ ਜਾ ਰਿਹਾ ਹੈ। ਅਜਿਹੀ ਸਥਿਤੀ ਵਿਚ ਜਦੋਂ ਪੰਜਾਬ ’ਚ ਮੁਰਗੇ ਦੀ ਮੰਗ ਘੱਟ ਹੋਈ ਤਾਂ ਜੰਮੂ ਕਸ਼ਮੀਰ ਦੇ ਵਪਾਰੀਆਂ ਨੇ ਪੰਜਾਬ ਤੋਂ ਲਿਆ ਜਾਣ ਵਾਲਾ ਮਾਲ ਲੈਣ ਤੋਂ ਇਨਕਾਰ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਸ ਦੇ ਚਲਦਿਆਂ ਕਈ ਨਖਰੇ ਕਰਨ ਦੇ ਬਾਅਦ ਉਹ ਬਹੁਤ ਘੱਟ ਰੇਟ ’ਤੇ ਮੁਰਗੇ ਖਰੀਦਣ ਲਈ ਸਹਿਮਤ ਹੁੰਦੇ ਹਨ।
ਕਈ ਪੋਲਟਰੀ ਮਾਲਕਾਂ ਨੇ ਘੱਟ ਰੇਟ ’ਤੇ ਨਾ ਵੇਚਣ ਦਾ ਕੀਤਾ ਫੈਸਲਾ
ਰੇਟਾਂ ਵਿਚ ਇਕਦਮ ਆਈ ਗਿਰਾਵਟ ਦੇਖ ਕੇ ਕੁਝ ਦਿਨ ਪਹਿਲਾਂ ਪੋਲਟਰੀ ਮਾਲਕਾਂ ਨੇ ਇਹ ਫੈਸਲਾ ਕਰ ਲਿਆ ਸੀ ਕਿ ਉਹ ਘੱਟ ਰੇਟ ’ਤੇ ਮੁਰਗੇ ਨਹੀਂ ਵੇਚਣਗੇ। ਇਨਾਂ ਕਾਰੋਬਾਰੀਆਂ ਨੂੰ ਆਸ ਸੀ ਕਿ ਮਾਲ ਦੇਣ ਤੋਂ ਇਨਕਾਰ ਕਰਨ ਦੀ ਸੂਰਤ ਵਿਚ ਸ਼ਾਇਦ ਰੇਟ ਵਿਚ ਉਛਾਲ ਆਵੇਗਾ। ਪਰ ਬਜਾਰ ਵਿਚ ਮੁਰਗੇ ਦੀ ਮੰਗ ਘੱਟ ਹੋਣ ਕਾਰਨ ਪੋਲਟਰੀ ਮਾਲਕਾਂ ਦਾ ਇਹ ਕਦਮ ਕੁਝ ਜਿਆਦਾ ਰਾਹਤ ਨਹੀਂ ਦੇ ਸਕਿਆ।
ਲੋਕਾਂ ਨੂੰ ਜਾਗਰੂਕ ਕਰਨ ਦੀ ਕੀਤੀ ਮੰਗ
ਪੋਲਟਰੀ ਮਾਲਕਾਂ ਨੇ ਸਰਕਾਰ ਅਤੇ ਸਿਹਤ ਵਿਭਾਗ ਨੂੰ ਅਪੀਲ ਕੀਤੀ ਹੈ ਕਿ ਉਹ ਲੋਕਾਂ ਨੂੰ ਸਪੱਸ਼ਟ ਜਾਣਕਾਰੀ ਦੇ ਕੇ ਦੱਸਣ ਕਿ ਪੋਲਟਰੀ ਅਤੇ ਕਰੋਨਾਵਾਇਰਸ ਦਾ ਆਪਸ ਵਿਚ ਕੋਈ ਸਬੰਧ ਨਹੀਂ ਹੈ। ਜੇਕਰ ਕੁਝ ਦਿਨ ਲੋਕਾਂ ’ਚ ਅਜਿਹੀਆਂ ਅਫਵਾਹਾਂ ਦਾ ਸਿਲਸਿਲਾ ਜਾਰੀ ਰਿਹਾ ਤਾਂ ਪੋਲਟਰੀ ਮਾਲਕਾਂ ਨੂੰ ਵੱਡਾ ਨੁਕਸਾਨ ਹੋਵੇਗਾ ਜਿਸ ਦੀ ਭਰਪਾਈ ਕਰਨੀ ਮੁਸ਼ਕਿਲ ਹੋਵੇਗੀ।
ਹੋਲੀ 'ਤੇ ਰੰਗਾਂ ਦੀ ਵਰਤੋਂ ਕਰੋ ਧਿਆਨ ਨਾਲ, ਕੁਦਰਤੀ ਰੰਗਾਂ ਦੀ ਵਰਤੋਂ ਬਿਹਤਰ
NEXT STORY