ਰੂਪਨਗਰ, (ਵਿਜੇ)- ਨਗਰ ਕੌਂਸਲ ਰੂਪਨਗਰ ਵੱਲੋਂ ਸ਼ਹਿਰ ਵਾਸੀਆਂ ਨੂੰ ਦੂਸ਼ਿਤ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ, ਜਿਸ ਕਾਰਨ ਭਿਆਨਕ ਰੋਗ ਫੈਲਣ ਦਾ ਡਰ ਪੈਦਾ ਹੋ ਗਿਆ ਹੈ। ਇਸ ਪਾਣੀ ਦੇ ਸੈਂਪਲ ਕਈ ਵਾਰ ਫੇਲ ਹੋ ਚੁੱਕੇ ਹਨ ਪਰ ਜ਼ਿਲਾ ਪ੍ਰਸ਼ਾਸਨ ਵੱਲੋਂ ਕੌਂਸਲ ਵਿਰੁੱਧ ਹਾਲੇ ਤੱਕ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਕੌਂਸਲ ਵੱਲੋਂ ਜਿਥੇ ਪਾਣੀ ਸਟੋਰ ਕੀਤਾ ਜਾਂਦਾ ਹੈ, ਉਥੇ ਬਹੁਤ ਗੰਦਗੀ ਹੈ।
ਅੱਜ 'ਜਗ ਬਾਣੀ' ਦੀ ਟੀਮ ਨੇ ਗਿਆਨੀ ਜ਼ੈਲ ਸਿੰਘ ਨਗਰ 'ਚ ਕੌਂਸਲ ਦੇ ਪਾਣੀ ਨੂੰ ਸਟੋਰ ਕਰਨ ਵਾਲੇ ਖੇਤਰ ਦਾ ਨਿਰੀਖਣ ਕੀਤਾ ਤਾਂ ਦੇਖਿਆ ਕਿ ਜੋ ਪਾਣੀ ਸਾਰੇ ਸ਼ਹਿਰ ਵਾਸੀਆਂ ਨੂੰ ਸਪਲਾਈ ਕੀਤਾ ਜਾ ਰਿਹਾ ਹੈ, ਉਥੇ ਗਾਰ ਜੰਮੀ ਹੋਈ ਸੀ ਤੇ ਇਹ ਪਾਣੀ ਲੋਕਾਂ ਦੀ ਸਿਹਤ ਲਈ ਖਤਰਨਾਕ ਹੋ ਸਕਦਾ ਹੈ। ਇਥੇ ਬਣੇ ਮੈਨਹੋਲਸ ਦੇ ਢੱਕਣ ਵੀ ਗਾਇਬ ਹਨ, ਜਿਨ੍ਹਾਂ 'ਚ ਕੋਈ ਵੀ ਡਿੱਗ ਸਕਦਾ ਹੈ।
ਜਾਣਕਾਰੀ ਅਨੁਸਾਰ ਜ਼ੈਲ ਸਿੰਘ ਨਗਰ ਦੇ ਵਾਟਰ ਵਰਕਸ 'ਤੇ ਭਾਖੜਾ ਨਹਿਰ ਤੋਂ ਪਾਣੀ ਪ੍ਰਾਪਤ ਕਰ ਕੇ ਸਟੋਰ ਕੀਤਾ ਜਾਂਦਾ ਹੈ ਤੇ ਫਿਰ ਉਸ ਨੂੰ ਅੱਗੇ ਸਾਫ ਕਰ ਕੇ ਸਪਲਾਈ ਲਈ ਭੇਜਣਾ ਹੁੰਦਾ ਹੈ ਪਰ ਕੌਂਸਲ ਅਜਿਹਾ ਕੁਝ ਨਹੀਂ ਕਰ ਰਹੀ। ਪਾਣੀ ਦੇ ਇਹ ਤਲਾਬ ਢਕੇ ਹੋਏ ਹੋਣੇ ਚਾਹੀਦੇ ਹਨ ਤੇ ਇਸ ਖੇਤਰ 'ਚ ਕੋਈ ਵਿਅਕਤੀ ਜਾਂ ਜਾਨਵਰ ਨਹੀਂ ਜਾਣਾ ਚਾਹੀਦਾ ਪਰ ਕੌਂਸਲ ਦੇ ਕਿਸੇ ਵੀ ਅਧਿਕਾਰੀ ਦਾ ਇਸ ਪਾਸੇ ਧਿਆਨ ਨਹੀਂ ਤੇ ਇਥੇ ਕੋਈ ਵੀ ਆਸਾਨੀ ਨਾਲ ਆ-ਜਾ ਸਕਦਾ ਹੈ। ਇਥੇ ਹੀ ਬਸ ਨਹੀਂ, ਪਹਿਲਾਂ ਇਸ ਖੇਤਰ 'ਚ ਕੁਝ ਜਾਨਵਰ ਘੁੰਮਦੇ ਹੋਏ ਦਿਖਾਈ ਦਿੱਤੇ ਸਨ ਤੇ ਕਈ ਵਾਰ ਇਥੋਂ ਪਾਣੀ ਵੀ ਪੀਂਦੇ ਹਨ। ਕੁੱਲ ਮਿਲਾ ਕੇ ਕੌਂਸਲ ਦੇ ਵਾਟਰ ਵਰਕਸ ਦੀ ਹਾਲਤ ਚਿੰਤਾਜਨਕ ਹੈ ਤੇ ਕੌਂਸਲ ਲੋਕਾਂ ਦੀ ਸਿਹਤ ਨਾਲ ਖੇਡ ਰਹੀ ਹੈ।
ਕੌਂਸਲ ਵੱਲੋਂ 4 ਲੱਖ ਗੈਲਨ ਦੀ ਇਕ ਟੈਂਕੀ ਬਣਵਾਈ ਗਈ ਹੈ ਪਰ ਹਾਲੇ ਤੱਕ ਇਸ ਨੂੰ ਚਾਲੂ ਨਹੀਂ ਕਰ ਸਕੀ, ਜਿਸ ਕਾਰਨ ਸ਼ਹਿਰ 'ਚ ਪਾਣੀ ਦੀ ਕਮੀ ਹੈ, ਜਦਕਿ ਸ਼ਹਿਰ ਦੀਆਂ ਕੁਝ ਦੂਰ-ਦੁਰਾਡੇ ਦੀਆਂ ਕਾਲੋਨੀਆਂ 'ਚ ਪਾਣੀ ਦੀ ਸਪਲਾਈ ਨਹੀਂ ਹੈ।
ਪ੍ਰਧਾਨ ਮਾਕੜ ਨੇ ਕੱਢਿਆ ਨਗਰ ਕੌਂਸਲ ਦਾ ਦੀਵਾਲਾ : ਵਾਹੀ
ਸਾਬਕਾ ਨਗਰ ਕੌਂਸਲ ਪ੍ਰਧਾਨ ਤੇ ਮੌਜੂਦਾ ਕੌਂਸਲਰ ਅਸ਼ੋਕ ਕੁਮਾਰ ਵਾਹੀ ਨੇ ਵਰਤਮਾਨ ਪ੍ਰਧਾਨ ਪਰਮਜੀਤ ਸਿੰਘ ਮਾਕੜ 'ਤੇ ਗੰਭੀਰ ਦੋਸ਼ ਲਾਏ ਤੇ ਕਿਹਾ ਕਿ ਉਨ੍ਹਾਂ ਦੇ ਤਿੰਨ ਸਾਲ ਦੇ ਕਾਰਜਕਾਲ 'ਚ ਕੌਂਸਲ ਦਾ ਦੀਵਾਲਾ ਨਿਕਲ ਚੁੱਕਾ ਹੈ। ਕੌਂਸਲ ਸਿਰ ਹਰ ਸਾਲ ਕਰਜ਼ਾ ਵਧਦਾ ਜਾ ਰਿਹਾ ਹੈ। ਸਿਰਫ ਬਿਜਲੀ ਦਾ ਹੀ ਤਿੰਨ ਕਰੋੜ ਬਕਾਇਆ ਪਿਆ ਹੈ, ਜਿਸ ਦੀ ਅਦਾਇਗੀ ਦਾ ਕੋਈ ਪ੍ਰਬੰਧ ਨਹੀਂ। ਕੌਂਸਲ ਪ੍ਰਧਾਨ ਵੱਲੋਂ ਵਿਕਾਸ ਦੇ ਨਾਂ 'ਤੇ ਸ਼ਹਿਰ 'ਚ ਲੱਖਾਂ ਰੁਪਏ ਦੇ ਘਪਲੇ ਹੋਏ ਹਨ, ਜਿਨ੍ਹਾਂ ਦੀ ਤੁਰੰਤ ਜਾਂਚ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਸੱਚਾਈ ਸਾਹਮਣੇ ਆ ਸਕੇ। ਨਗਰ ਕੌਂਸਲ ਦੇ ਪ੍ਰਧਾਨ ਨੂੰ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ।
ਵਾਟਰ ਵਰਕਸ 'ਤੇ ਕਰਵਾਈ ਜਾਵੇਗੀ ਸਫਾਈ : ਮਾਕੜ
ਨਗਰ ਕੌਂਸਲ ਦੇ ਪ੍ਰਧਾਨ ਪਰਮਜੀਤ ਸਿੰਘ ਮਾਕੜ ਨੇ ਕਿਹਾ ਕਿ ਵਾਟਰ ਵਰਕਸ 'ਤੇ ਜੋ ਗੰਦਗੀ ਹੈ, ਉਸ ਨੂੰ ਤੁਰੰਤ ਸਾਫ ਕੀਤਾ ਜਾਵੇਗਾ ਤੇ ਸ਼ਹਿਰ ਦੇ ਲੋਕਾਂ ਨੂੰ ਸਾਫ ਪਾਣੀ ਸਪਲਾਈ ਕੀਤਾ ਜਾਵੇਗਾ। ਸ਼ਹਿਰ 'ਚ ਸਫਾਈ ਲਈ ਵਿਸ਼ੇਸ਼ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ ਤਾਂ ਕਿ ਨਗਰ 'ਚ ਪੂਰਨ ਤੌਰ 'ਤੇ ਸਫਾਈ ਹੋ ਸਕੇ। ਇਸ ਸੰਬੰਧ 'ਚ ਨਗਰ ਕੌਂਸਲ ਦੇ ਕਰਮਚਾਰੀਆਂ ਨੂੰ ਸਫਾਈ, ਸਾਫ-ਸੁਥਰੇ ਪਾਣੀ ਨੂੰ ਸਪਲਾਈ ਕਰਨ ਤੇ ਸਟੀਰਟ ਲਾਈਟਾਂ ਦੇ ਸਾਰੇ ਪੁਆਇੰਟ ਚਾਲੂ ਕਰਨ ਦੇ ਆਦੇਸ਼ ਦਿੱਤੇ ਗਏ ਹਨ।
ਪ੍ਰਾਇਮਰੀ ਸਕੂਲ ਬੰਦ ਕਰਨ ਦੇ ਪੱਤਰ ਦੀਆਂ ਕਾਪੀਆਂ ਫੂਕੀਆਂ
NEXT STORY