ਜਲੰਧਰ (ਖੁਰਾਣਾ)–10, 12 ਜਾਂ 15 ਹਜ਼ਾਰ ਦੀ ਆਬਾਦੀ ਵਾਲੇ ਵਾਰਡ ਦੇ ਲੋਕ ਵੋਟਾਂ ਪਾ ਕੇ ਆਪਣਾ ਇਕ ਜਨ-ਪ੍ਰਤੀਨਿਧੀ ਕੌਂਸਲਰ ਦੇ ਰੂਪ ਵਿਚ ਚੁਣਦੇ ਹਨ ਤਾਂ ਕਿ ਉਨ੍ਹਾਂ ਦੇ ਵਾਰਡ ਦੀ ਸੁਣਵਾਈ ਨਗਰ ਨਿਗਮ ਵਿਚ ਹੋਵੇ। ਇਸ ਤਰ੍ਹਾਂ 85 ਕੌਂਸਲਰ ਮਿਲ ਕੇ ਨਗਰ ਨਿਗਮ ਦੇ ਹਾਊਸ ਦਾ ਗਠਨ ਕਰਦੇ ਹਨ, ਜਿਸ ਨੂੰ ਪੂਰੇ ਸ਼ਹਿਰ ਦੀ ਚਿੰਤਾ ਹੁੰਦੀ ਹੈ ਅਤੇ ਇਹ ਹਾਊਸ 5 ਸਾਲ ਤਕ ਜਲੰਧਰ ਨਿਗਮ ਦੇ ਸਾਰੇ ਕੰਮਾਂ ਦਾ ਸੰਚਾਲਨ ਵੀ ਕਰਦਾ ਹੈ। ਕਹਿਣ ਨੂੰ ਤਾਂ ਕੌਂਸਲਰ ਹਾਊਸ ਕਾਫ਼ੀ ਸ਼ਕਤੀਸ਼ਾਲੀ ਮੰਨਿਆ ਜਾਂਦਾ ਹੈ ਪਰ ਅਸਲ ਵਿਚ ਹਾਊਸ ਦਾ ਪੱਧਰ ਕਿੰਨਾ ਡਿੱਗ ਚੁੱਕਾ ਹੈ, ਇਸ ਦਾ ਅੰਦਾਜ਼ਾ ਬੀਤੇ ਦਿਨ 27 ਮਹੀਨਿਆਂ ਬਾਅਦ ਹੋਈ ਕੌਂਸਲਰ ਹਾਊਸ ਦੀ ਮੀਟਿੰਗ ਤੋਂ ਆਸਾਨੀ ਨਾਲ ਲਾਇਆ ਜਾ ਸਕਦਾ ਹੈ। ਉਥੇ ਹੀ ਮੀਟਿੰਗ ਦੌਰਾਨ 531 ਕਰੋੜ ਦਾ ਬਜਟ ਅਤੇ 100 ਕਰੋੜ ਦੇ ਵਿਕਾਸ ਕਾਰਜ ਮਿੰਟਾਂ-ਸਕਿੰਟਾਂ ’ਚ ਪਾਸ ਕੀਤੇ ਗਏ।
ਹਾਊਸ ਦੀ ਇਹ ਮੀਟਿੰਗ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਪਹਿਲੀ ਵਾਰ ਹੋਈ ਅਤੇ ਮੇਅਰ ਵਿਨੀਤ ਧੀਰ ਨੇ ਪਹਿਲੀ ਵਾਰ ਅਜਿਹੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਵਿਚ ਸ਼ਹਿਰ ਦੇ ਲੱਗਭਗ ਸਾਰੇ 85 ਕੌਂਸਲਰ ਅਤੇ ਨਗਰ ਨਿਗਮ ਦੇ ਸਮੂਹ ਅਧਿਕਾਰੀ ਮੌਜੂਦ ਸਨ। ਮੀਟਿੰਗ ਦੀ ਕਾਰਵਾਈ ਦਾ ਸੰਚਾਲਨ ਮੈਡਮ ਰਮਨਦੀਪ ਕੌਰ ਨੇ ਕੀਤਾ, ਜਿਨ੍ਹਾਂ ਨੇ ਨਗਰ ਨਿਗਮ ਅਤੇ ਸ਼ਹਿਰ ਦੇ ਇਤਿਹਾਸ ਬਾਰੇ ਸੰਖੇਪ ਜਾਣਕਾਰੀ ਵੀ ਮੁਹੱਈਆ ਕਰਵਾਈ। ਇਸ ਦੇ ਬਾਅਦ ਸ਼ਰਧਾਂਜਲੀ ਸਮਾਰੋਹ ਕਰਵਾ ਕੇ ਪਿਛਲੇ ਕਾਰਜਕਾਲ ਦੌਰਾਨ ਵਿਛੜੀਆਂ ਸ਼ਖ਼ਸੀਅਤਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਮੀਟਿੰਗ ਦੇ ਸ਼ੁਰੂ ਵਿਚ ਨਗਰ ਨਿਗਮ ਕਮਿਸ਼ਨਰ ਗੌਤਮ ਜੈਨ ਨੇ ਮੇਅਰ ਅਤੇ ਹਾਊਸ ਦੇ ਸਾਰੇ ਪ੍ਰਤੀਨਿਧੀਆਂ ਦਾ ਸਵਾਗਤ ਕੀਤਾ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਐਕਸ਼ਨ, ਇਸ ਅਫ਼ਸਰ 'ਤੇ ਡਿੱਗੀ ਗਾਜ
ਹਾਊਸ ’ਚ ਔਰਤਾਂ ਦੀ ਗਿਣਤੀ ਮਰਦਾਂ ਤੋਂ ਜ਼ਿਆਦਾ
ਨਿਗਮ ਕਮਿਸ਼ਨਰ ਗੌਤਮ ਜੈਨ ਨੇ ਦੱਸਿਆ ਕਿ 85 ਕੌਂਸਲਰਾਂ ਵਾਲੇ ਇਸ ਨਿਗਮ ਹਾਊਸ ਵਿਚ 52 ਫ਼ੀਸਦੀ ਮਹਿਲਾ ਕੌਂਸਲਰ ਅਤੇ 48 ਫ਼ੀਸਦੀ ਮਰਦ ਕੌਂਸਲਰ ਹਨ। ਹਾਊਸ ਵਿਚ 68 ਫ਼ੀਸਦੀ ਯਾਨੀ 58 ਕੌਂਸਲਰ ਪਹਿਲੀ ਵਾਰ ਚੁਣ ਕੇ ਆਏ ਸਨ। ਸਭ ਤੋਂ ਨੌਜਵਾਨ ਕੌਂਸਲਰ ਸਿਰਫ਼ 28 ਸਾਲ ਅਤੇ ਸਭ ਤੋਂ ਬਜ਼ੁਰਗ ਕੌਂਸਲਰ 68 ਸਾਲ ਦੇ ਹਨ।
ਮੇਅਰ ਨੇ ਖ਼ੁਦ ਸ਼ਹਿਰ ਦੀਆਂ ਸਮੱਸਿਆਵਾਂ ਤੇ ਉਨ੍ਹਾਂ ਦੇ ਹੱਲ ਬਾਬਤ ਸ਼ੁਰੂ ਕੀਤੇ ਗਏ ਯਤਨਾਂ ਬਾਰੇ ਦੱਸਿਆ
27 ਮਹੀਨਿਆਂ ਬਾਅਦ ਹੋਣ ਜਾ ਰਹੀ ਕੌਂਸਲਰ ਹਾਊਸ ਦੀ ਮੀਟਿੰਗ ਵਿਚ ਕਈ ਕੌਂਸਲਰ ਸ਼ਹਿਰ ਦੀਆਂ ਸਮੱਸਿਆਵਾਂ ਦੇ ਰੂਪ ਵਿਚ ਆਪਣੇ ਦਿਲ ਦੀ ਗੱਲ ਰੱਖਣੀ ਚਾਹੁੰਦੇ ਸਨ ਪਰ ਜ਼ੀਰੋ ਆਵਰ ਸ਼ੁਰੂ ਕਰਨ ਤੋਂ ਪਹਿਲਾਂ ਹੀ ਮੇਅਰ ਵਿਨੀਤ ਧੀਰ ਨੇ ਸ਼ਹਿਰ ਦੀਆਂ ਸਮੱਸਿਆਵਾਂ ਦੇ ਹੱਲ ਸਬੰਧੀ ਯਤਨਾਂ ਬਾਰੇ ਜਾਣਕਾਰੀ ਦੇਣੀ ਸ਼ੁਰੂ ਕਰ ਦਿੱਤੀ। ਮੇਅਰ ਨੇ ਆਪਣੇ ਸੰਬੋਧਨ ਵਿਚ ਮੰਨਿਆ ਕਿ ਇਸ ਸਮੇਂ ਸ਼ਹਿਰ ਦੀ ਸੀਵਰ ਸਮੱਸਿਆ ਖ਼ਤਰਨਾਕ ਰੂਪ ਧਾਰਨ ਕਰ ਚੁੱਕੀ ਹੈ, ਇਸ ਲਈ ਮੇਨ ਸੀਵਰ ਲਾਈਨਾਂ ਦੀ ਸੁਪਰ ਸਕਸ਼ਨ ਮਸ਼ੀਨਾਂ ਨਾਲ ਸਫ਼ਾਈ ਦੇ ਹੁਕਮ ਦੇ ਦਿੱਤੇ ਗਏ ਹਨ। ਵਾਰਡ ਵਾਈਜ਼ ਅਜਿਹੀ ਸਫ਼ਾਈ ਦੇ ਟੈਂਡਰ ਵੀ ਲਾਏ ਜਾ ਰਹੇ ਹਨ।

ਇਹ ਵੀ ਪੜ੍ਹੋ : CM ਭਗਵੰਤ ਮਾਨ ਦੇ ਯਤਨ ਲਾਜਵਾਬ, ਦਿਨ ਰਾਤ ਮਾਨ ਸਰਕਾਰ ਬਣਾ ਰਹੀ ਰੰਗਲਾ ਪੰਜਾਬ
ਸੀਵਰ ਦੀ ਸਫ਼ਾਈ ਲਈ ਗ੍ਰੈਬ ਅਤੇ ਜੈਟਿੰਗ ਮਸ਼ੀਨਾਂ ਖ਼ਰੀਦੀਆਂ ਜਾ ਰਹੀਆਂ ਹਨ। ਗੰਦੇ ਪਾਣੀ ਸਬੰਧੀ ਫਾਲਟ ਲੱਭਣ ਲਈ 6 ਜੇ. ਸੀ. ਬੀ. ਮਸ਼ੀਨਾਂ ਦੀ ਵੀ ਖਰੀਦ ਕੀਤੀ ਜਾ ਰਹੀ ਹੈ। ਸ਼ਹਿਰ ਦੀ ਵਿਗੜ ਚੁੱਕੀ ਸੈਨੀਟੇਸ਼ਨ ਵਿਵਸਥਾ ਬਾਰੇ ਮੇਅਰ ਨੇ ਕਿਹਾ ਕਿ 4 ਵਿਧਾਨ ਸਭਾ ਹਲਕਿਆਂ ਵਿਚ ਰੋਡ ਸਵੀਪਿੰਗ ਮਸ਼ੀਨ ਜ਼ਰੀਏ ਐਂਡ ਟੂ ਐਂਡ ਸਫ਼ਾਈ ਦੀ ਯੋਜਨਾ ਬਣਾਈ ਗਈ ਹੈ। ਜਲਦ 1196 ਸਫ਼ਾਈ ਕਰਮਚਾਰੀਆਂ ਦੀ ਭਰਤੀ ਪ੍ਰਕਿਰਿਆ ਨੂੰ ਪੂਰਾ ਕਰ ਲਿਆ ਜਾਵੇਗਾ। ਸ਼ਹਿਰ ਦੀਆਂ ਮੇਨ ਸੜਕਾਂ ’ਤੇ ਜਿੰਨੇ ਡੰਪ ਹਨ, ਉਨ੍ਹਾਂ ਨੂੰ ਕਵਰ ਕੀਤਾ ਜਾਵੇਗਾ। ਹਰ ਕੌਂਸਲਰ ਦੇ ਵਾਰਡ ਨੂੰ ਇਕ-ਇਕ ਬੋਲੈਰੋ ਗੱਡੀ ਦਿੱਤੀ ਜਾਵੇਗੀ, ਜਿਸ ਦੇ ਲਈ 110 ਗੱਡੀਆਂ ਦੀ ਖਰੀਦ ਕੀਤੀ ਜਾ ਰਹੀ ਹੈ। ਹਰ ਵਾਰਡ ਵਿਚ ਇਕ ਮੋਟੀਵੇਟਰ ਤਾਇਨਾਤ ਕੀਤਾ ਜਾਵੇਗਾ। ਸਫਾਈ ਵਿਵਸਥਾ ਲਈ ਈ-ਰਿਕਸ਼ਾ ਅਤੇ 300 ਰੇਹੜੇ ਖਰੀਦੇ ਜਾ ਰਹੇ ਹਨ। ਬਿਸਤ ਦੋਆਬ ਨਹਿਰ ਦੀ ਫੈਂਸਿੰਗ ਕਰਵਾਈ ਜਾ ਰਹੀ ਹੈ ਅਤੇ ਬਾਇਓ-ਮਾਈਨਿੰਗ ਪ੍ਰਕਿਰਿਆ ਜ਼ਰੀਏ ਵਰਿਆਣਾ ਡੰਪ ਦੀ ਸਮੱਸਿਆ ਦਾ ਹੱਲ ਕੱਢਿਆ ਜਾ ਰਿਹਾ ਹੈ। ਮੇਅਰ ਨੇ ਆਪਣੇ ਸੰਬੋਧਨ ਵਿਚ ਆਵਾਰਾ ਕੁੱਤਿਆਂ ਦੀ ਸਮੱਸਿਆ ਦਾ ਵੀ ਜ਼ਿਕਰ ਕੀਤਾ ਅਤੇ ਦੱਸਿਆ ਕਿ ਨਸਬੰਦੀ ਆਪ੍ਰੇਸ਼ਨਾਂ ਦੀ ਸਮਰੱਥਾ ਵਧਾਉਣ ਲਈ ਨਵਾਂ ਟੈਂਡਰ ਲਾਇਆ ਜਾ ਰਿਹਾ ਹੈ ਅਤੇ ਡਾਗ ਕੰਪਾਊਂਡ ਦਾ ਵੀ ਵਿਸਤਾਰ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : Punjab: YouTuber ਦੇ ਘਰ 'ਤੇ ਹੋਏ ਗ੍ਰਨੇਡ ਹਮਲੇ ਦੇ ਮਾਮਲੇ 'ਚ ਨਵਾਂ ਮੋੜ, ਪੰਨੂ ਨਾਲ ਜੁੜੇ ਤਾਰ, ਹੋਏ ਵੱਡੇ ਖ਼ੁਲਾਸੇ
ਮੇਅਰ ਅਜੇ ਨਗਰ ਨਿਗਮ ਦੀ ਭਵਿੱਖ ਦੀ ਪਲਾਨਿੰਗ ਸਬੰਧੀ ਗੱਲ ਕਰ ਹੀ ਰਹੇ ਸਨ ਕਿ ਕਾਂਗਰਸੀ ਕੌਂਸਲਰ ਪਵਨ ਕੁਮਾਰ, ਬੰਟੀ ਨੀਲਕੰਠ, ਸ਼ੈਰੀ ਚੱਢਾ ਅਤੇ ਹੋਰਨਾਂ ਨੇ ਉੱਠ ਕੇ ਦੋਸ਼ ਲਾਇਆ ਕਿ ਮੇਅਰ ਨੇ ਤਾਂ ਜ਼ੀਰੋ ਆਵਰ ਦਿੱਤੇ ਬਗੈਰ ਹੀ ਏਜੰਡੇ ਦੀਆਂ ਆਈਟਮਾਂ ਪੜ੍ਹਨੀਆਂ ਸ਼ੁਰੂ ਕਰ ਦਿੱਤੀਆਂ ਹਨ। ਕਾਂਗਰਸੀਆਂ ਵੱਲੋਂ ਸ਼ੁਰੂ ਕੀਤਾ ਗਿਆ ਇਹ ਹੰਗਾਮਾ ਇੰਨਾ ਵਧ ਗਿਆ ਕਿ ਮੀਟਿੰਗ ਬਿਨਾਂ ਕਿਸੇ ਮੁੱਦੇ ’ਤੇ ਚਰਚਾ ਕੀਤੇ ਹੀ ਖਤਮ ਹੋ ਗਈ।
ਮਜ਼ਬੂਤ ਵਿਰੋਧ ਧਿਰ ਦੀ ਭੂਮਿਕਾ ’ਚ ਦਿਸੇ ਕੌਂਸਲਰ ਮਨਜੀਤ ਟੀਟੂ, ਉਠਾਏ ਕਈ ਮੁੱਦੇ
ਸਦਨ ਵਿਚ ਭਾਵੇਂ ਭਾਰਤੀ ਜਨਤਾ ਪਾਰਟੀ ਦੇ ਚੁਣੇ ਗਏ ਕੌਂਸਲਰਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ ਪਰ ਫਿਰ ਵੀ ਭਾਜਪਾ ਦੇ ਵਧੇਰੇ ਕੌਂਸਲਰਾਂ ਨੇ ਸਦਨ ਵਿਚ ਕੋਈ ਮੁੱਦਾ ਨਹੀਂ ਉਠਾਇਆ। ਕੌਂਸਲਰ ਟੀਟੂ ਨੇ ਕਿਹਾ ਕਿ ਨਗਰ ਨਿਗਮ ਵਿਚ ਲੋਕਾਂ ਦੀ ਸੁਣਵਾਈ ਬਿਲਕੁਲ ਬੰਦ ਹੋ ਗਈ ਹੈ ਅਤੇ ਵਧੇਰੇ ਸਮੱਸਿਆਵਾਂ ਪ੍ਰਤੀ ਧਿਆਨ ਨਹੀਂ ਦਿੱਤਾ ਜਾ ਰਿਹਾ। ਕੌਂਸਲਰ ਟੀਟੂ ਦਾ ਇਹ ਵੀ ਕਹਿਣਾ ਸੀ ਕਿ ਏਜੰਡੇ ਵਿਚ ਕਈ ਆਈਟਮਾਂ ਅਜਿਹੀਆਂ ਹਨ, ਜਿਨ੍ਹਾਂ ’ਤੇ ਵਿਚਾਰ ਚਰਚਾ ਕੀਤੀ ਜਾਣੀ ਚਾਹੀਦੀ। ਉਨ੍ਹਾਂ ਨੂੰ ਬਿਨਾਂ ਚਰਚਾ ਦੇ ਪਾਸ ਨਹੀਂ ਕੀਤਾ ਜਾਣਾ ਚਾਹੀਦਾ।
ਗੁਰੂ ਰਵਿਦਾਸ ਨਾਲ ਸਬੰਧਤ ਪ੍ਰਸਤਾਵ ਨਾਲ ਸ਼ੁਰੂ ਹੋਇਆ ਹੰਗਾਮਾ
ਸਦਨ ਵਿਚ ਇਕ ਵਾਰ ਮੇਅਰ ਵਿਨੀਤ ਧੀਰ ਨੇ ਜ਼ੀਰੋ ਆਵਰ ’ਤੇ ਬੋਲਣ ਲਈ ਕਾਂਗਰਸ ਪਾਰਟੀ ਦੇ ਕੌਂਸਲਰ ਪਵਨ ਕੁਮਾਰ ਨੂੰ ਸੱਦਾ ਦਿੱਤਾ, ਜਿਨ੍ਹਾਂ ਨੇ ਪ੍ਰਸਤਾਵ ਨੰਬਰ 17 ਵਿਚ ਗੁਰੂ ਰਵਿਦਾਸ ਸਬੰਧੀ ਨਾਂ ਵਿਚ ਗਲਤੀ ਦਾ ਮੁੱਦਾ ਉਠਾਇਆ। ਇਸ ਦਾ ਸਮਰਥਨ ਕਈ ਹੋਰ ਕੌਂਸਲਰਾਂ ਨੇ ਕੀਤਾ। ਕੌਂਸਲਰ ਪਵਨ ਦਾ ਕਹਿਣਾ ਸੀ ਕਿ ਇਸ ਨਾਲ ਪੂਰੇ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਸੀਨੀਅਰ ਡਿਪਟੀ ਮੇਅਰ ਬਲਬੀਰ ਬਿੱਟੂ ਨੇ ਪਵਨ ਕੁਮਾਰ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਨੂੰ ਇਸ ਪ੍ਰਸਤਾਵ ਵਿਚ ਗਲਤੀ ਸਬੰਧੀ ਕੁਝ ਦਿਨ ਪਹਿਲਾਂ ਪਤਾ ਲੱਗ ਗਿਆ ਸੀ ਤਾਂ ਉਨ੍ਹਾਂ ਇੰਤਜ਼ਾਰ ਕਿਉਂ ਕੀਤਾ ਅਤੇ ਅਧਿਕਾਰੀਆਂ ਨੂੰ ਜਾਣਕਾਰੀ ਕਿਉਂ ਨਹੀਂ ਦਿੱਤੀ ਤਾਂ ਕਿ ਮਾਮਲਾ ਤੂਲ ਨਾ ਫੜੇ ਅਤੇ ਭੁੱਲ ਸੁਧਾਰ ਲਈ ਜਾਵੇ। ਹਾਊਸ ਦੀ ਮੀਟਿੰਗ ਤੋਂ ਬਾਅਦ ਨਿਗਮ ਪ੍ਰਸ਼ਾਸਨ ਨੇ ਇਸ ਪ੍ਰਸਤਾਵ ਵਿਚ ਨਾਂ ਸਬੰਧੀ ਹੋਈ ਭੁੱਲ ਲਈ ਮੁਆਫ਼ੀ ਮੰਗ ਲਈ।

ਇਹ ਵੀ ਪੜ੍ਹੋ : ਸਰੋਂ ਵੱਢਣ ਗਿਆ ਸੀ ਪਰਿਵਾਰ, ਘਰ ਪਰਤਿਆ ਤਾਂ ਅੰਦਰਲਾ ਹਾਲ ਵੇਖ ਰਹਿ ਗਿਆ ਹੈਰਾਨ
ਕਿਸੇ ਨਿਗਮ ਅਧਿਕਾਰੀ ਦੇ ਬੋਲਣ ਦੀ ਨੌਬਤ ਨਹੀਂ ਆਈ
ਬੀਤੇ ਦਿਨ ਕੌਂਸਲਰ ਹਾਊਸ ਦੀ ਮੀਟਿੰਗ ਦੌਰਾਨ ਸ਼ਹਿਰ ਨਾਲ ਜੁੜੇ ਨਾ ਕਿਸੇ ਮੁੱਦੇ ’ਤੇ ਚਰਚਾ ਹੋਈ ਅਤੇ ਨਾ ਹੀ ਕਿਸੇ ਨਿਗਮ ਅਧਿਕਾਰੀ ਵੱਲੋਂ ਬੋਲਣ ਜਾਂ ਜਵਾਬ ਦੇਣ ਦੀ ਨੌਬਤ ਆਈ। ਸਿਰਫ਼ ਕਮਿਸ਼ਨਰ ਨੇ ਸਾਰੇ ਨਵੇਂ ਕੌਂਸਲਰਾਂ ਅਤੇ ਹਾਊਸ ਦਾ ਵੈੱਲਕਮ ਕੀਤਾ। ਜ਼ਿਕਰਯੋਗ ਹੈ ਕਿ ਕੌਂਸਲਰ ਹਾਊਸ ਦਾ ਅਕਸਰ ਇਹੀ ਮਤਲਬ ਕੱਢਿਆ ਜਾਂਦਾ ਹੈ ਕਿ ਇਸ ਵਿਚ ਕੌਂਸਲਰਾਂ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਮਿਲਦਾ ਹੈ ਅਤੇ ਅਫ਼ਸਰਾਂ ਦੀ ਜਵਾਬਤਲਬੀ ਜਾਂ ਖਿਚਾਈ ਹੁੰਦੀ ਹੈ ਪਰ ਅੱਜ ਅਜਿਹੀ ਕੋਈ ਨੌਬਤ ਨਹੀਂ ਆਈ।
ਕਿਸੇ ਕੌਂਸਲਰ ਦੇ ਰਿਸ਼ਤੇਦਾਰ ਨੂੰ ਅੰਦਰ ਨਹੀਂ ਆਉਣ ਦਿੱਤਾ ਗਿਆ
ਭਾਵੇਂ ਹਾਊਸ ਦੀ ਮੀਟਿੰਗ ਰੈੱਡ ਕਰਾਸ ਭਵਨ ਦੇ ਖੁੱਲ੍ਹੇ ਹਾਲ ਵਿਚ ਰੱਖੀ ਗਈ ਸੀ ਪਰ ਫਿਰ ਵੀ ਕਿਸੇ ਕੌਂਸਲਰ ਦੇ ਰਿਸ਼ਤੇਦਾਰ ਨੂੰ ਮੀਟਿੰਗ ਸਥਾਨ ’ਤੇ ਨਹੀਂ ਆਉਣ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਬਾਹਰ ਹੀ ਰੋਕ ਲਿਆ ਗਿਆ। ਮੀਟਿੰਗ ਦੇ ਸ਼ੁਰੂ ਵਿਚ ਹੀ ਮੇਅਰ ਵੱਲੋਂ ਇਸ ਗੱਲ ਦਾ ਐਲਾਨ ਕਰ ਦਿੱਤਾ ਗਿਆ ਕਿ ਕੌਂਸਲਰ ਭਾਵੇਂ ਕਿਸੇ ਵੀ ਪਾਰਟੀ ਨਾਲ ਸਬੰਧਤ ਹੋਵੇ, ਸਿਰਫ ਉਹੀ ਮੀਟਿੰਗ ਦੀ ਕਾਰਵਾਈ ਦਾ ਹਿੱਸਾ ਬਣੇ ਅਤੇ ਬਾਕੀ ਸਾਰੇ ਲੋਕ ਮੀਟਿੰਗ ਸਥਾਨ ਤੋਂ ਬਾਹਰ ਚਲੇ ਜਾਣ। ਖ਼ਾਸ ਗੱਲ ਇਹ ਸੀ ਕਿ ਮੀਟਿੰਗ ਸਥਾਨ ਦੇ ਬਾਹਰ ਕੌਂਸਲਰ ਪਤੀਆਂ ਅਤੇ ਹੋਰਨਾਂ ਰਿਸ਼ਤੇਦਾਰਾਂ ਲਈ ਪਾਣੀ ਪੀਣ ਦੇ ਇੰਤਜ਼ਾਮ ਤਕ ਕੀਤੇ ਗਏ ਸਨ।

ਇਹ ਵੀ ਪੜ੍ਹੋ : ਵੱਡੀ ਖ਼ਬਰ: ਖੋਲ੍ਹ ਦਿੱਤਾ ਗਿਆ ਸ਼ੰਭੂ ਬਾਰਡਰ, ਲੰਘਣ ਲੱਗੀਆਂ ਗੱਡੀਆਂ
ਹਰ ਪ੍ਰਸਤਾਵ ਇਕ-ਇਕ ਸੈਕਿੰਡ ’ਚ ਪਾਸ ਹੋਇਆ, ਬਜਟ ’ਤੇ ਕੋਈ ਚਰਚਾ ਨਹੀਂ ਹੋਈ
ਮੀਟਿੰਗ ਵਿਚ ਨਗਰ ਨਿਗਮ ਦੇ ਅਗਲੇ ਸਾਲ ਦੇ 531 ਕਰੋੜ ਦੇ ਬਜਟ ਨੂੰ ਭਾਵੇਂ ਪਾਸ ਕਰ ਦਿੱਤਾ ਗਿਆ ਪਰ ਕਿਸੇ ਵਿਵਸਥਾ ’ਤੇ ਚਰਚਾ ਨਹੀਂ ਹੋਈ, ਹਾਲਾਂਕਿ ਬਜਟ ਵਿਚ ਚਰਚਾ ਲਾਇਕ ਕਾਫ਼ੀ ਕੁਝ ਸੀ। ਨਿਗਮ ਦੇ ਪਿਛਲੇ ਬਜਟ ਦੀ ਆਮਦਨ ਵਿਚ 33 ਕਰੋੜ ਦੀ ਕਮੀ ਆਈ ਸੀ, ਜਿਸ ਬਾਬਤ ਵੀ ਅਧਿਕਾਰੀਆਂ ਨਾਲ ਕਿਸੇ ਨੇ ਕੋਈ ਸਵਾਲ ਨਹੀਂ ਪੁੱਛਿਆ। ਹਾਊਸ ਦੀ ਮੀਟਿੰਗ ਦਾ ਏਜੰਡਾ ਲੱਗਭਗ 100 ਕਰੋੜ ਰੁਪਏ ਦੇ ਐਸਟੀਮੇਟਾਂ ਨਾਲ ਸਬੰਧਤ ਸੀ, ਜਿਸ ਵਿਚੋਂ ਕਈ ਫਜ਼ੂਲ ਦੇ ਵੀ ਸਨ ਅਤੇ ਕਈ ਵਿਵਾਦਪ੍ਰਸਤ ਪਰ ਕਿਸੇ ਏਜੰਡੇ ’ਤੇ ਕੋਈ ਚਰਚਾ ਨਹੀਂ ਹੋਈ ਅਤੇ 1-1 ਸੈਕਿੰਡ ਵਿਚ 1-1 ਪ੍ਰਸਤਾਵ ਨੂੰ ਪਾਸ ਕਰ ਦਿੱਤਾ ਗਿਆ। ਕੁੱਲ੍ਹ ਮਿਲਾ ਕੇ ਕੌਂਸਲਰ ਹਾਊਸ ਦੀ ਮੀਟਿੰਗ ਸਿਰਫ਼ ਖਾਨਾਪੂਰਤੀ ਹੀ ਸਾਬਿਤ ਹੋਈ ਅਤੇ ਸ਼ਹਿਰ ਦੇ ਚੁਣੇ ਜਨ-ਪ੍ਰਤੀਨਿਧੀਆਂ ਨੇ ਸ਼ਹਿਰ ਦੇ ਵਿਕਾਸ ਬਾਰੇ ਜਾਂ ਸ਼ਹਿਰ ਦੀ ਕਿਸੇ ਸਮੱਸਿਆ ’ਤੇ ਕੋਈ ਚਰਚਾ ਨਹੀਂ ਕੀਤੀ।

ਮੇਅਰ, ਅਰੁਣਾ ਅਰੋੜਾ, ਰਮਨਦੀਪ ਬਾਲੀ ਅਤੇ ਕਵਿਤਾ ਸੇਠ ਨੇ ਹੰਗਾਮੇ ਨੂੰ ਨਿੰਦਣਯੋਗ ਦੱਸਿਆ
ਹਾਊਸ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੇਅਰ ਨੇ ਕਿਹਾ ਕਿ ਵਿਰੋਧੀ ਧਿਰ ਦਾ ਆਗੂ ਬਣਨ ਦੇ ਇੱਛੁਕ 2-3 ਕੌਂਸਲਰਾਂ ਨੇ ਜਿਸ ਤਰ੍ਹਾਂ ਸਦਨ ਵਿਚ ਹੰਗਾਮਾ ਕੀਤਾ ਅਤੇ ਮੀਟਿੰਗ ਨਹੀਂ ਚੱਲਣ ਦਿੱਤੀ, ਉਹ ਅਸਲ ਵਿਚ ਨਿੰਦਣਯੋਗ ਹੈ। ਇਸ ਤੋਂ ਸਪੱਸ਼ਟ ਹੋ ਗਿਆ ਹੈ ਕਿ ਨਿੱਜੀ ਹਿੱਤਾਂ ਖਾਤਰ ਸ਼ਹਿਰ ਦੇ ਵਿਕਾਸ ਦੀ ਵੀ ਬਲੀ ਚੜ੍ਹਾਈ ਜਾ ਸਕਦੀ ਹੈ। ‘ਆਪ’ ਕੌਂਸਲਰ ਅਰੁਣਾ ਅਰੋੜਾ ਨੇ ਕਿਹਾ ਕਿ ਜੇਕਰ ਜ਼ੀਰੋ ਆਵਰ ਸ਼ਾਂਤੀਪੂਰਵਕ ਢੰਗ ਨਾਲ ਚੱਲਦਾ ਤਾਂ ਸ਼ਹਿਰ ਨਾਲ ਸਬੰਧਤ ਕਈ ਸਮੱਸਿਆਵਾਂ ਨਿਗਮ ਅਧਿਕਾਰੀਆਂ ਦੇ ਸਾਹਮਣੇ ਆਉਂਦੀਆਂ ਅਤੇ ਉਨ੍ਹਾਂ ਦੇ ਹੱਲ ’ਤੇ ਚਰਚਾ ਹੁੰਦੀ ਪਰ ਅਜਿਹਾ ਹੋਇਆ ਨਹੀਂ। ‘ਆਪ’ ਕੌਂਸਲਰ ਰਮਨਦੀਪ ਕੌਰ ਬਾਲੀ ਅਤੇ ਕਵਿਤਾ ਸੇਠ ਨੇ ਵੀ ਮੇਅਰ ਦਾ ਜ਼ੋਰਦਾਰ ਪੱਖ ਲੈਂਦੇ ਹੋਏ ਕਿਹਾ ਕਿ ਵਾਰ-ਵਾਰ ਜ਼ੀਰੋ ਆਵਰ ’ਤੇ ਬੋਲਣ ਲਈ ਵਿਰੋਧੀ ਧਿਰ ਨੂੰ ਕਿਹਾ ਗਿਆ ਪਰ ਉਨ੍ਹਾਂ ਨੇ ਯੋਜਨਾ ਤਹਿਤ ਮਾਹੌਲ ਖਰਾਬ ਕੀਤਾ ਅਤੇ ਕਿਸੇ ਮੁੱਦੇ ’ਤੇ ਚਰਚਾ ਨਹੀਂ ਹੋਣ ਦਿੱਤੀ।
ਇਹ ਵੀ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ ਤੋਂ ਮੱਥਾ ਟੇਕ ਵਾਪਸ ਆ ਰਹੇ ਦੋਸਤਾਂ ਨਾਲ ਰੂਹ ਕੰਬਾਊ ਹਾਦਸਾ, ਚੱਲਦੀ Thar ਨੂੰ ਲੱਗੀ ਅੱਗ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਬਜਟ ਸੈਸ਼ਨ ਦੇ ਪਹਿਲੇ ਦਿਨ ਖੂਬ ਹੰਗਾਮਾ, ਗੂੰਜਿਆ ਕਰਨਲ ਬਾਠ ਦਾ ਮੁੱਦਾ
NEXT STORY