ਡੇਰਾਬੱਸੀ (ਅਨਿਲ) : ਡੇਰਾਬੱਸੀ ਦੇ ਨਜ਼ਦੀਕੀ ਪਿੰਡ ਜਵਾਹਰਪੁਰ ਵਿਖੇ ਕਰੰਟ ਲੱਗਣ ਨਾਲ ਅੱਧੀ ਦਰਜਨ ਤੋਂ ਵੱਧ ਗਊਆਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਗਊਆਂ ਪਿੰਡ ਦੇ ਮੱਕੀ ਦੇ ਖੇਤਾਂ ਤੋਂ ਕੁਝ ਦੂਰ ਨਾਲ ਲੱਗਦੀ ਨਦੀ 'ਚ ਮਰੀਆਂ ਹੋਈਆਂ ਮਿਲੀਆਂ ਹਨ। ਗਊਆਂ ਦੀ ਸੂਚਨਾ ਘੋਲੂ ਮਾਜਰਾ ਦੇ ਵਸਨੀਕ ਰਾਮ ਕਰਨ ਨੇ ਸਮਾਜ ਸੇਵੀ ਸੰਗਠਨਾਂ ਨੂੰ ਦਿੱਤੀ, ਜਿਨ੍ਹਾਂ ਪੁਲਸ ਨੂੰ ਕਾਰਵਾਈ ਕਰਨ ਲਈ ਸ਼ਿਕਾਇਤ ਦਿੱਤੀ ਹੈ।
ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹਿੰਦੂ ਸ਼ਕਤੀ ਸੰਗਠਨ ਦੇ ਪ੍ਰਧਾਨ ਰਵਿੰਦਰ ਵੈਸ਼ਨਵ, ਸ਼ਾਮ ਕੁਮਾਰ ਸਮਾਜ ਸੇਵੀ ਨੇ ਦੱਸਿਆ ਕਿ ਰਾਮਕਰਨ ਚੌਧਰੀ ਦੀ ਪਿੰਡ ਜਵਾਹਰਪੁਰ ਨੇੜੇ ਜ਼ਮੀਨ ਪੈਂਦੀ ਹੈ, ਜਿੱਥੇ ਉਹ ਆਪਣੀ ਜ਼ਮੀਨ 'ਚ ਚਾਰਾ ਲੈਣ ਲਈ ਗਿਆ ਸੀ ਤਾਂ ਉਸ ਨੂੰ ਗਲੇ-ਸੜੇ ਮਾਸ ਦੀ ਬਦਬੂ ਆਉਣ ਲੱਗੀ। ਉਸ ਨੇ ਅੱਗੇ ਜਾ ਕੇ ਦੇਖਿਆ ਤਾਂ ਤਿੰਨ ਗਊਆਂ, ਇਕ ਸਾਨ੍ਹ ਅਤੇ ਦੋ ਕੱਟੜੂ ਮਰੇ ਹੋਏ ਪਏ ਸਨ।
ਉਸ ਨੇ ਲੋਕਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਖ਼ਦਸ਼ਾ ਜ਼ਾਹਰ ਕੀਤਾ ਕਿ ਮੱਕੀ ਦੇ ਖੇਤ 'ਚ ਲਾਏ ਕਰੰਟ ਨਾਲ ਉਕਤ ਗਊਆਂ ਦੀ ਮੌਤ ਹੋਈ ਹੈ, ਜਿਨ੍ਹਾਂ ਨੂੰ ਟਰੈਕਟਰ ਦਾ ਟੋਚਨ ਪਾ ਕੇ ਨਦੀ 'ਚ ਸੁੱਟ ਦਿੱਤਾ ਗਿਆ ਹੈ। ਇਨ੍ਹਾਂ ਦੀ ਮੌਤ ਕੁੱਝ ਦਿਨ ਪਹਿਲਾਂ ਹੋਈ ਜਾਪਦੀ ਹੈ। ਉਨ੍ਹਾਂ ਇਸ ਦੀ ਸ਼ਿਕਾਇਤ ਡੇਰਾਬੱਸੀ ਪੁਲਸ ਥਾਣੇ 'ਚ ਦਿੱਤੀ ਹੈ। ਉਨ੍ਹਾਂ ਮੰਗ ਕੀਤੀ ਕਿ ਬੇਜ਼ੁਬਾਨ ਗਊਆਂ ਨੂੰ ਕਰੰਟ ਨਾਲ ਮਾਰਨ ਵਾਲੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਇਸ ਸਬੰਧੀ ਡੇਰਾਬੱਸੀ ਥਾਣਾ ਮੁਖੀ ਸਤਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਸੂਚਨਾ ਮਿਲਣ ’ਤੇ ਮੌਕੇ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਮ੍ਰਿਤਕ ਗਊਆਂ ਪਿੰਡ ਨੇੜੇ ਲੰਘਦੀ ਨਦੀ 'ਚ ਮਰੀਆਂ ਪਈਆਂ ਮਿਲੀਆਂ ਹਨ। ਗਊਆਂ ਦੀ ਮੌਤ ਕਈ ਦਿਨ ਪਹਿਲਾਂ ਹੋਈ ਹੋਣ ਕਾਰਣ ਉਨ੍ਹਾਂ ਦੇ ਸਰੀਰ ’ਤੇ ਕੀੜੇ ਚੱਲ ਰਹੇ ਸਨ। ਉਨ੍ਹਾਂ ਕਿਹਾ ਕਿ ਗਊਆਂ ਦੀ ਮੌਤ ਦੇ ਕਾਰਣਾਂ ਦੀ ਜਾਂਚ ਕਰਨ ਲਈ ਫਿਲਹਾਲ ਪੋਸਟਮਾਰਟਮ ਕਰਵਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਜਿਸ ਦੀ ਰਿਪੋਰਟ ਆਉਣ ਮਗਰੋਂ ਅਗਲੀ ਕਾਰਵਾਈ ਕੀਤੀ ਜਾਵੇਗੀ ।
ਸੁਨਾਮ ਰੋਡ 'ਤੇ ਅੱਗ ਲੱਗਣ ਕਾਰਨ ਗੱਡੀ ਸੜ ਕੇ ਹੋਈ ਸੁਆਹ
NEXT STORY