ਚੰਡੀਗੜ੍ਹ: ਪੰਜਾਬ ਵਿਚ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਜਿਗਰੀ ਦੋਸਤ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਹੁਣ ਜਾਨੀ ਦੁਸ਼ਮਣ ਬਣ ਚੁੱਕੇ ਹਨ। ਇਸੇ ਦਾ ਨਤੀਜਾ ਹੈ ਕਿ ਐਤਵਾਰ ਨੂੰ ਗੋਇੰਦਵਾਲ ਸਾਹਿਬ ਦੀ ਕੇਂਦਰੀ ਜੇਲ੍ਹ ਵਿਚ ਲਾਰੈਂਸ ਅਤੇ ਜੱਗੂ ਭਗਵਾਨਪੁਰੀਆ ਦੇ ਗੁਰਗਿਆਂ ਵਿਚਾਲੇ ਜ਼ਬਰਦਸਤ ਝੜਪ ਹੋਈ, ਇਸ ਗੈਂਗਵਾਰ ਵਿਚ ਲਾਰੈਂਸ ਗੈਂਗ ਵਲੋਂ ਜੱਗੂ ਦੇ ਦੋ ਖਾਸਮ-ਖਾਸ ਮਨਦੀਪ ਤੂਫ਼ਾਨ ਅਤੇ ਮੋਹਨਾ ਮਾਨਸਾ ਦਾ ਕਤਲ ਕਰ ਦਿੱਤਾ ਗਿਆ। ਇਸ ਕਤਲ ਦੀ ਜ਼ਿੰਮੇਵਾਰੀ ਲਾਰੈਂਸ ਦੀ ਗੈਂਗ ਆਪਰੇਟ ਕਰ ਰਹੇ ਗੋਲਡੀ ਬਰਾੜ ਨੇ ਫੇਸਬੁੱਕ ’ਤੇ ਪੋਸਟ ਪਾ ਕੇ ਲਈ ਪਰ ਇਹ ਦੋਵਾਂ ਗੈਂਗ ਜਿਹੜੇ ਕਿਸੇ ਸਮੇਂ ਇਕ ਦੂਜੇ ਦੀ ਢਾਲ ਬਣ ਕੇ ਚੱਲ ਰਹੇ ਸਨ, ਇਕ ਦੂਜੇ ਦੇ ਜਾਨੀ ਦੁਸ਼ਮਣ ਕਿਵੇਂ ਬਣ ਗਏ, ਇਹ ਵੱਡਾ ਸਵਾਲ ਹੈ।
ਇਹ ਵੀ ਪੜ੍ਹੋ : ਲਾਰੈਂਸ ਤੇ ਭਗਵਾਨਪੁਰੀਆ ਗੈਂਗ ਦੀ ਤਕਰਾਰ ’ਚ ਬੰਬੀਹਾ ਗਰੁੱਪ ਦੀ ਐਂਟਰੀ, ਫੇਸਬੁੱਕ ’ਤੇ ਪੋਸਟ ਪਾ ਦਿੱਤੀ ਧਮਕੀ
ਕਿਵੇਂ ਪਈ ਦੋਵਾਂ ਧੜਿਆਂ ਵਿਚਾਲੇ ਦੁਸ਼ਮਣੀ
ਦਰਅਸਲ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿਚ ਉਸ ਨੂੰ ਗੋਲ਼ੀਆਂ ਮਾਰਨ ਵਾਲੇ ਦੋ ਸ਼ਾਰਪ ਸ਼ੂਟਰਾਂ ਮਨਪ੍ਰੀਤ ਉਰਫ ਮੰਨੂੰ ਕੁੱਸਾ ਅਤੇ ਜਗਰੂਪ ਰੂਪਾ ਦਾ ਪੰਜਾਬ ਪੁਲਸ ਨੇ ਐਨਕਾਊਂਟਰ ਕਰ ਦਿੱਤਾ ਸੀ। ਇਹ ਦੋਵੇਂ ਅੰਮ੍ਰਿਤਸਰ ਦੇ ਅਟਾਰੀ ਨੇੜੇ ਪਾਕਿਸਤਾਨ ਬਾਰਡਰ ਤੋਂ 10 ਕਿਲੋਮੀਟਰ ਦੂਰ ਇਕ ਪਿੰਡ ਦੇ ਖੇਤਾਂ ਵਿਚ ਬਣੇ ਮਕਾਨ ਵਿਚ ਲੁੱਕ ਕੇ ਬੈਠੇ ਸਨ। ਜਿਨ੍ਹਾਂ ਦਾ ਪੁਲਸ ਨੇ ਐਨਕਾਊਂਟਰ ਕਰ ਦਿੱਤਾ ਸੀ। ਦਰਅਸਲ ਲਾਰੈਂਸ ਗੈਂਗ ਨੂੰ ਲੱਗਦਾ ਸੀ ਕਿ ਜੱਗੂ ਭਗਵਾਨਪੁਰੀਆ ਵਲੋਂ ਹੀ ਮੰਨੂੰ ਕੁੱਸਾ ਅਤੇ ਜਗਰੂਪ ਰੂਪਾ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਗਈ, ਅਤੇ ਜੱਗੂ ਨੇ ਹੀ ਦੋਵਾਂ ਨੂੰ ਟਰੈਪ ਲਗਵਾ ਕੇ ਮਰਵਾਇਆ ਹੈ। ਸੂਤਰਾਂ ਮੁਤਾਬਕ ਇਸੇ ਗੱਲ ਦਾ ਲਾਰੈਂਸ ਜੱਗੂ ਤੋਂ ਬਦਲਾ ਲੈਣਾ ਚਾਹੁੰਦਾ ਸੀ। ਇਸ ਤੋਂ ਇਲਾਵਾ ਲਾਰੈਂਸ ਗੈਂਗ ਨੂੰ ਇਹ ਵੀ ਲੱਗਦਾ ਸੀ ਕਿ ਜੱਗੂ ਉਨ੍ਹਾਂ ਦੀਆਂ ਅੰਦਰਲੀਆਂ ਗੱਲਾਂ ਲੀਕ ਕਰਦਾ ਸੀ ਅਤੇ ਸੰਦੀਪ ਨੰਗਲ ਅੰਬੀਆਂ ਵਾਲੇ ਕੇਸ ’ਚ ਵੀ ਉਨ੍ਹਾਂ ਨੂੰ ਅਸਲਾ ਦਿੱਤਾ ਸੀ।
ਇਹ ਵੀ ਪੜ੍ਹੋ : ਮੂਸੇਵਾਲਾ ਕਤਲ ਕਾਂਡ ਨੂੰ ਲੈ ਕੇ ਗੋਇੰਦਵਾਲ ਜੇਲ੍ਹ ’ਚ ਵੱਡੀ ਗੈਂਗਵਾਰ, ਲਾਰੈਂਸ ਗੈਂਗ ਦੇ 2 ਗੈਂਗਸਟਰਾਂ ਦਾ ਕਤਲ
ਗੋਲਡੀ ਬਰਾੜ ਨੇ ਖੁਦ ਕਿਹਾ ਜੱਗੂ ਦੋਗਲੀ ਨੀਤੀ ’ਤੇ ਚੱਲ ਰਿਹਾ
ਗੈਂਗਸਟਰ ਗੋਲਡੀ ਬਰਾੜ ਨੇ ਗੋਇੰਦਵਾਲ ਸਾਹਿਬ ਜੇਲ੍ਹ ’ਚ ਹੋਈ ਗੈਂਗਵਾਰ ਦੀ ਜ਼ਿੰਮੇਵਾਰੀ ਫੇਸਬੁੱਕ ’ਤੇ ਪੋਸਟ ਪਾ ਕੇ ਲਈ ਸੀ। ਸੋਸ਼ਲ ਮੀਡੀਆ ’ਤੇ ਗੋਲਡੀ ਬਰਾੜ ਦੇ ਨਾਂ ’ਤੇ ਚੱਲ ਰਹੇ ਅਕਾਊਂਟ ’ਤੇ ਪਾਈ ਗਈ ਪੋਸਟ ਲਿਖਿਆ ਗਿਆ ਸੀ ਗੋਇੰਦਵਾਲ ਸਾਹਿਬ ਜੇਲ੍ਹ ਦੀ ਬੈਰਕ ’ਚ ਮੋਹਨਾ ਮਾਨਸਾ ਤੇ ਮਨਦੀਪ ਤੂਫ਼ਾਨ ਦੇ ਕਤਲ ਦੀ ਜ਼ਿੰਮੇਵਾਰੀ ਅਸੀਂ (ਲਾਰੈਂਸ ਬਿਸ਼ਨੋਈ ਗਰੁੱਪ) ਲੈਂਦੇ ਹਾਂ। ਗੋਲਡੀ ਨੇ ਕਿਹਾ ਕਿ ਇਨ੍ਹਾਂ ਦੋਵਾਂ ਨੂੰ ਸਾਡੇ ਭਰਾ ਸਚਿਨ ਭਿਵਾਨੀ, ਅੰਕਿਤ ਸਿਰਸਾ, ਦੀਪਕ ਮੁੰਡੀ, ਮਨਪ੍ਰੀਤ ਭਾਊ, ਕਸ਼ਿਸ਼, ਅਰਸ਼ਦ ਬੀਕਾਨੇਰ, ਮਾਮਾ ਕੀਤਾ ਨੇ ਮਾਰਿਆ ਹੈ। ਇਹ ਦੋਵੇਂ ਜੱਗੂ ਦੇ ਬੰਦੇ ਸੀ। ਅਸੀਂ ਇਨ੍ਹਾਂ ਨਾਲ ਕੋਈ ਵੀ ਵੱਧ-ਘੱਟ ਗੱਲ ਨਹੀਂ ਕੀਤੀ ਸੀ ਕਿਉਂਕਿ ਹੁਣ ਤਕ ਅਸੀਂ ਇਕੱਠੇ ਰਹੇ ਆ ਪਰ ਇਨ੍ਹਾਂ ਨੇ ਜੱਗੂ ਦੇ ਕਹਿਣ ’ਤੇ ਦੋ ਦਿਨ ਪਹਿਲਾਂ ਬੈਰਕ ’ਚ ਸਾਡੇ ਭਰਾ ਮਨਪ੍ਰੀਤ ਭਾਊ ਦੀ ਕੁੱਟਮਾਰ ਕੀਤੀ ਸੀ ਤੇ ਅੱਜ ਸਾਡੇ ਭਰਾਵਾਂ ਨੇ ਇਕ ਪਾਸੇ ਹੋ ਕੇ ਇਨ੍ਹਾਂ ਨੂੰ ਮਾਰ ਦਿੱਤਾ। ਗੋਲਡੀ ਨੇ ਅੱਗੇ ਕਿਹਾ ਕਿ ਜੱਗੂ ਨੇ ਸਾਡੇ ਭਰਾਵਾਂ ਮੰਨੂੰ ਤੇ ਰੂਪੇ ਦਾ ਆਪ ਟ੍ਰੈਪ ਲਵਾ ਕੇ ਐਨਕਾਊਂਟਰ ਕਰਵਾਇਆ ਤੇ ਸਾਡੀ ਵਿਰੋਧੀ ਪਾਰਟੀ ਨਾਲ ਮਿਲਿਆ ਹੋਇਆ ਸੀ।
ਇਹ ਵੀ ਪੜ੍ਹੋ : ਅਜਨਾਲਾ ਝੜਪ ’ਤੇ ਬੋਲੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ, ਦਿੱਤਾ ਵੱਡਾ ਬਿਆਨ
ਜੱਗੂ ਸਾਡੇ ਗਰੁੱਪ ਦੇ ਅੰਦਰਲੀਆਂ ਗੱਲਾਂ ਲੀਕ ਕਰਦਾ ਸੀ। ਇਨ੍ਹਾਂ ਨੇ ਸੰਦੀਪ ਨੰਗਲ ਅੰਬੀਆਂ ਵਾਲੇ ਕੇਸ ’ਚ ਵੀ ਉਨ੍ਹਾਂ ਨੂੰ ਅਸਲਾ ਦਿੱਤਾ ਤੇ ਹੁਣ ਸਾਡੀ ਵਿਰੋਧੀ ਪਾਰਟੀ ਦਾ ਬਾਏ ਬੁੱਕਸ ਕੇਸਵਾਰ ਆ, ਦਿੱਲੀ UAPA ਕੇਸ ’ਚ ਕਿਉਂਕਿ ਉਨ੍ਹਾਂ ਨੇ ਬਿਆਨਾਂ ’ਚ ਕਿਹਾ ਕਿ ਜੱਗੂ ਉਨ੍ਹਾਂ ਨਾਲ ਗੱਲਾਂ ਕਰਦਾ ਸੀ। ਜੱਗੂ ਦੋਗਲਾ ਹੋ ਕੇ ਚੱਲ ਰਿਹਾ ਸੀ ਤੇ ਨਾਲ ਪੁਲਸ ਨੂੰ ਸਾਰੇ ਗਰੁੱਪ ਦੀਆਂ ਮੁਖ਼ਬਰੀਆਂ ਕਰ ਰਿਹਾ ਸੀ। ਗੋਲਡੀ ਨੇ ਕਿਹਾ ਕਿ ਜਿਹੜਾ ਜੱਗੂ ਦਾ ਸਾਥ ਦੇਵੇਗਾ, ਉਹ ਸਾਡਾ ਵਿਰੋਧੀ ਆ ਤੇ ਨਾਲੇ ਕੋਈ ਲਾਰੈਂਸ ਬਿਸ਼ਨੋਈ ਗਰੁੱਪ, ਕਾਲਾ ਜਠੇੜੀ ਗਰੁੱਪ ਦੇ ਕਿਸੇ ਬੰਦੇ ’ਤੇ ਹੱਥ ਵੀ ਚੁੱਕੇਗਾ, ਉਹ ਕੋਈ ਵੀ ਹੋਵੇ, ਉਸ ਦਾ ਇਹੀ ਹਾਲ ਹੋਵੇਗਾ। ਇਨ੍ਹਾਂ ਨੇ ਪਹਿਲ ਕੀਤੀ ਸੀ ਤਾਂ ਜਵਾਬ ਮਿਲ ਗਿਆ। ਅਸੀਂ ਕਿਸੇ ਵੀ ਗ਼ਲਤ ਬੰਦੇ ਨੂੰ ਆਪਣੇ ਗਰੁੱਪ ’ਚ ਨਹੀਂ ਰੱਖਾਂਗੇ ਤੇ ਜੋ ਗ਼ਲਤੀ ਕਰੇਗਾ, ਉਸ ਨੂੰ ਭੁਗਤਣਾ ਪਵੇਗਾ। ਉਸ ਨੇ ਕਿਹਾ ਕਿ ਭਾਈਚਾਰੇ ’ਚ ਧੋਖਾ ਬਿਲਕੁਲ ਮੁਆਫ਼ੀ ਦੇ ਲਾਇਕ ਨਹੀਂ ਹੈ ਤੇ ਜੱਗੂ ਦੇ ਜਿਹੜੇ ਬੰਦੇ ਚਿੱਟਾ ਵੇਚਦੇ ਆ ਉਹ ਵੀ ਆਪਣੀ ਤਿਆਰੀ ਰੱਖਣ, ਹੁਣ ਸਭ ਦੀ ਵਾਰੀ ਆਏਗੀ।
ਇਹ ਵੀ ਪੜ੍ਹੋ : ਭਵਾਨੀਗੜ੍ਹ ’ਚ ਦਿਲ ਕੰਬਾਊ ਘਟਨਾ, ਦਿਨ-ਦਿਹਾੜੇ ਘਰ ’ਚ ਦਾਖਲ ਹੋ ਕੇ ਕੁਹਾੜੇ ਨਾਲ ਵੱਢੀ ਜਨਾਨੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਫਗਵਾੜਾ 'ਚ ਵੱਡੀ ਵਾਰਦਾਤ, ਤੇਜ਼ਧਾਰ ਹਥਿਆਰਾਂ ਨਾਲ ਪੰਚਾਇਤ ਮੈਂਬਰ ਦਵਿੰਦਰ ਪਾਲ 'ਤੇ ਹਮਲਾ
NEXT STORY