ਲੁਧਿਆਣਾ(ਪੰਕਜ)-ਮੁੱਲਾਂਪੁਰ ਸਬ-ਰਜਿਸਟ੍ਰਾਰ ਦਫਤਰ ਵਿਚ ਜਾਅਲੀ ਰਸੀਦਾਂ ਰਾਹੀਂ ਹੋਏ ਲੱਖਾਂ ਰੁਪਏ ਦੇ ਘਪਲੇ ਨੂੰ ਜਿਵੇਂ ਜਿਵੇਂ ਜਾਂਚ ਅਧਿਕਾਰੀ ਚੈੱਕ ਕਰ ਰਹੇ ਹਨ, ਕਈ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆ ਰਹੇ ਹਨ। ਸਭ ਤੋਂ ਹੈਰਾਨ ਕਰਨ ਵਾਲੀ ਜਾਣਕਾਰੀ ਇਹ ਸਾਹਮਣੇ ਆਈ ਹੈ ਕਿ ਜੋ ਮੁਲਜ਼ਮ ਸਾਲਾਂ ਤੱਕ ਦਫਤਰ ਵਿਚ ਅਹਿਮ ਦਸਤਾਵੇਜ਼ਾਂ ਅਤੇ ਸਰਕਾਰ ਦੇ ਕਾਨਫੀਡੈਂਸ਼ਲ ਸਾਫਟਵੇਅਰ ਦਾ ਕੋਡ ਸੰਭਾਲੀ ਬੈਠਾ ਸੀ, ਅਸਲ ਵਿਚ ਉਹ ਪੀ. ਐੱਲ. ਆਰ. ਦਾ ਮੁਲਾਜ਼ਮ ਹੀ ਨਹੀਂ ਸੀ। ਇਕ ਪ੍ਰਾਈਵੇਟ ਵਿਅਕਤੀ ਇੰਨੇ ਲੰਬੇ ਸਮੇਂ ਤੱਕ ਨਾ ਸਿਰਫ ਦਫਤਰ ਵਿਚ ਮੁਲਾਜ਼ਮ ਬਣ ਕੇ ਕੰਮ ਕਰਦਾ ਰਿਹਾ ਬਲਕਿ ਅਧਿਕਾਰੀਆਂ ਦਾ ਚਹੇਤਾ ਬਣ ਕੇ ਆਪਣਾ ਡੰਕਾ ਵੀ ਵਜਾਉਂਦਾ ਰਿਹਾ। ਉਹ ਪੀ. ਐੱਲ. ਆਰ. ਦਾ ਮੁਲਾਜ਼ਮ ਹੈ ਜਾਂ ਨਹੀਂ, ਇਸ ਨੂੰ ਲੈ ਕੇ ਕਿਸੇ ਵੀ ਅਧਿਕਾਰੀ ਨੇ ਜਾਣਨ ਦੀ ਲੋੜ ਨਹੀਂ ਸਮਝੀ। ਉਨ੍ਹਾਂ ਦੀ ਇਸ ਲਾਪ੍ਰਵਾਹੀ ਦਾ ਨਤੀਜਾ ਹੈ ਕਿ ਇਕ ਆਮ ਨੌਜਵਾਨ ਸਾਰੇ ਸਿਸਟਮ ਨੂੰ ਹੈਕ ਕਰ ਕੇ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲਾ ਗਿਆ ਅਤੇ ਕਿਸੇ ਨੂੰ ਖ਼ਬਰ ਤੱਕ ਨਹੀਂ ਹੋਈ। ਮੁਲਜ਼ਮ ਪੀ. ਐੱਲ. ਆਰ. ਦਾ ਕਦੇ ਵੀ ਕਰਮਚਾਰੀ ਨਹੀਂ ਸੀ, ਇਸ ਦੀ ਪੁਸ਼ਟੀ ਕਰਦੇ ਹੋਏ ਜਾਂਚ ਅਧਿਕਾਰੀ ਐੱਸ. ਡੀ. ਐੱਮ. ਪਰਮਜੀਤ ਸਿੰਘ ਨੇ ਦੱਸਿਆ ਕਿ ਕੇਸ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜੋ ਵੀ ਇਸ ਵਿਚ ਸ਼ਾਮਲ ਪਾਇਆ ਗਿਆ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।
ਵਸੀਕਾ ਰਜਿਸਟਰਡ ਹੋਣ ਦੇ ਕਈ ਦਿਨਾਂ ਬਾਅਦ ਕੱਟੀਆਂ ਜਾਂਦੀਆਂ ਸਨ ਰਸੀਦਾਂ
ਸੂਤਰਾਂ ਦੀ ਮੰਨੀਏ ਤਾਂ ਇਸ ਘਪਲੇ ਦੀ ਜਾਂਚ ਜਿਵੇਂ-ਜਿਵੇਂ ਅੱਗੇ ਵਧਦੀ ਜਾ ਰਹੀ ਹੈ, ਦਫਤਰ ਵਿਚ ਅਧਿਕਾਰੀਆਂ ਦੀ ਲਾਪ੍ਰਵਾਹੀ ਅਤੇ ਬੇਨਿਯਮੀਆਂ ਸਾਹਮਣੇ ਆ ਰਹੀਆਂ ਹਨ। ਜਾਂਚ ਦੌਰਾਨ ਸਾਹਮਣੇ ਆਇਆ ਕਿ ਵਸੀਕਾ ਰਜਿਸਟਰਡ ਕਰਦੇ ਸਮੇਂ ਸਬ-ਰਜਿਸਟ੍ਰਾਰ ਨੂੰ ਨਾ ਸਿਰਫ ਨਾਲ ਲੱਗੀ ਰਸੀਦ ਦੀ ਵੈਧਤਾ ਚੈੱਕ ਕਰਨੀ ਹੁੰਦੀ ਹੈ ਬਲਕਿ ਉਸੇ ਸਮੇਂ ਉਸ ਨੂੰ ਫੀਡ ਕਰਨਾ ਪੈਂਦਾ ਹੈ ਤਾਂ ਕਿ ਉਸ ਦੀ ਦੂਜੀ ਵਾਰ ਵਰਤੋਂ ਨਾ ਹੋ ਸਕੇ। ਹੈਰਾਨੀ ਦੀ ਗੱਲ ਹੈ ਕਿ ਉਥੇ ਤਾਇਨਾਤ ਅਧਿਕਾਰੀਆਂ ਨੇ ਰਸੀਦ ਦੀ ਵੈਧਤਾ ਤਾਂ ਕੀ ਚੈੱਕ ਕਰਨੀ ਸੀ, ਉਲਟਾ ਵਸੀਕਿਆਂ ਦੀ ਰਸੀਦ ਹੀ ਕਈ-ਕਈ ਦਿਨਾਂ ਬਾਅਦ ਕੱਟੀ ਜਾਂਦੀ ਰਹੀ, ਉਹ ਵੀ ਜਾਅਲੀ। ਇਸ ਤੋਂ ਸਾਫ ਹੁੰਦਾ ਹੈ ਕਿ ਖੇਡ ਵਿਚ ਮੋਹਰਾ ਕੋਈ ਹੋਰ ਅਤੇ ਆਕਾ ਕੋਈ ਹੋਰ ਸੀ।
ਅਧਿਕਾਰੀ ਬਦਲੇ ਨਹੀਂ, ਬਦਲਿਆ ਸਿਸਟਮ
ਤਹਿਸੀਲ ਵਿਚ ਸਮੇਂ-ਸਮੇਂ 'ਤੇ ਅਧਿਕਾਰੀ ਤਾਂ ਬਦਲਦੇ ਰਹੇ ਅਤੇ ਨਵੇਂ ਆਉਂਦੇ ਰਹੇ ਪਰ ਖੇਡ ਇਸੇ ਤਰ੍ਹਾਂ ਹੀ ਚੱਲਦੀ ਰਹੀ। ਕਿਸੇ ਨੇ ਵੀ ਨਿਯਮਾਂ ਮੁਤਾਬਕ ਕੰਮ ਨਹੀਂ ਕੀਤਾ। ਨਤੀਜੇ ਵਜੋਂ ਦਫਤਰ ਵਿਚ ਲੱਖਾਂ ਰੁਪਏ ਦਾ ਘੋਟਾਲਾ ਹੋ ਗਿਆ। ਉਧਰ, ਸੂਤਰਾਂ ਦੀ ਮੰਨੀਏ ਤਾਂ ਇਸ ਕੇਸ ਨੂੰ ਲੈ ਕੇ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਬੇਹੱਦ ਗੰਭੀਰ ਹਨ ਅਤੇ ਉਨ੍ਹਾਂ ਵੱਲੋਂ ਜਾਂਚ ਅਧਿਕਾਰੀ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਗਏ ਹਨ ਕਿ ਇਸ ਵਿਚ ਜਿਸ ਕਿਸੇ ਦੀ ਵੀ ਸ਼ਮੂਲੀਅਤ ਜਾਂ ਲਾਪ੍ਰਵਾਹੀ ਸਾਹਮਣੇ ਆਈ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।
ਮਾਮਲਾ ਮੁੱਖ ਮੰਤਰੀ ਸਾਹਮਣੇ ਚੁੱਕਣ ਦਾ ਐਲਾਨ
ਸਰਕਾਰ ਦੇ ਘਰ ਵਿਚ ਲੱਗੀ ਲੱਖਾਂ ਰੁਪਏ ਦੀ ਸੰਨ੍ਹ ਅਤੇ ਅਧਿਕਾਰੀਆਂ ਵੱਲੋਂ ਦਿਖਾਈ ਲਾਪ੍ਰਵਾਹੀ ਤੋਂ ਨਿਰਾਸ਼ ਕਾਂਗਰਸੀ ਆਗੂਆਂ ਅਮਰਜੀਤ ਸਿੰਘ ਟਿੱਕਾ, ਇਸ਼ਵਰਜੋਤ ਚੀਮਾ ਅਤੇ ਮੋਹਨ ਸਿੰਘ ਭੈਣੀ ਸਾਹਿਬ ਨੇ ਸਾਰਾ ਮਾਮਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ਵਿਚ ਲਿਆਉਣ ਅਤੇ ਜਾਂਚ ਕਰਵਾਉਣ ਦਾ ਐਲਾਨ ਕੀਤਾ ਹੈ।
ਨਾਜਾਇਜ਼ ਸ਼ਰਾਬ ਸਣੇ 2 ਗ੍ਰਿਫਤਾਰ
NEXT STORY