ਬਠਿੰਡਾ(ਬਲਵਿੰਦਰ)-ਘਰੇਲੂ ਝਗੜੇ ਕਾਰਨ ਸਹੁਰੇ ਪਰਿਵਾਰ ਨੇ ਵਿਆਹੁਤਾ ਦੀ ਤੂਤ ਨਾਲ ਬੰਨ੍ਹ ਕੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਹ ਦੋਸ਼ ਵਿਆਹੁਤਾ ਵੱਲੋਂ ਲਾਏ ਗਏ ਹਨ। ਪੁਲਸ ਨੇ ਦਾਦੀ ਸੱਸ ਸਣੇ 7 ਨੂੰ ਨਾਮਜ਼ਦ ਕੀਤਾ ਹੈ, ਜੋ ਕਿ ਗ੍ਰਿਫ਼ਤਾਰੀ ਦੇ ਡਰੋਂ ਫਰਾਰ ਹੋ ਗਏ। ਪੁਲਸ ਵੱਲੋਂ ਉਕਤ ਦੀ ਭਾਲ ਕੀਤੀ ਜਾ ਰਹੀ ਹੈ। ਪੁਲਸ ਤੋਂ ਮਿਲੀ ਜਾਣਕਾਰੀ ਮੁਤਾਬਕ 5 ਸਾਲ ਪਹਿਲਾਂ ਮਨਜੀਤ ਕੌਰ ਦਾ ਵਿਆਹ ਬਲਵਿੰਦਰ ਸਿੰਘ ਵਾਸੀ ਬੀੜ ਤਲਾਬ ਨਾਲ ਹੋਇਆ ਸੀ। ਇਨ੍ਹਾਂ ਦੇ ਘਰ ਕੋਈ ਬੱਚਾ ਨਹੀਂ ਹੈ। ਕਰੀਬ ਡੇਢ ਸਾਲ ਤੋਂ ਮਨਜੀਤ ਕੌਰ ਤੇ ਸਹੁਰੇ ਪਰਿਵਾਰ ਦੀ ਅਣਬਣ ਰਹਿਣ ਲੱਗੀ, ਜਿਸ ਕਾਰਨ ਕਈ ਵਾਰ ਮਨਜੀਤ ਕੌਰ ਨੂੰ ਘਰੋਂ ਕੱਢਿਆ ਗਿਆ ਤੇ ਪ੍ਰੇਸ਼ਾਨ ਕੀਤਾ ਗਿਆ ਪਰ ਦੋਵੇਂ ਧਿਰਾਂ ਦੀਆਂ ਪੰਚਾਇਤਾਂ ਨੇ ਉਸ ਨੂੰ ਮੁੜ ਵਸਾ ਦਿੱਤਾ। ਕੁਝ ਮਹੀਨੇ ਪਹਿਲਾਂ ਕਲੇਸ਼ ਵਧ ਗਿਆ ਤਾਂ ਮਨਜੀਤ ਕੌਰ ਨੇ ਆਪਣੇ ਪਤੀ ਵਿਰੁੱਧ ਤਲਾਕ ਅਤੇ ਖਰਚਾ ਲੈਣ ਦਾ ਕੇਸ ਅਦਾਲਤ ਵਿਚ ਕਰ ਦਿੱਤਾ, ਜੋ ਹੁਣ ਚੱਲ ਰਿਹਾ ਹੈ। ਪੰਚਾਇਤੀ ਸਮਝੌਤੇ ਅਨੁਸਾਰ ਮਨਜੀਤ ਕੌਰ ਆਪਣੇ ਸਹੁਰੇ ਘਰ ਵਿਚ ਹੀ ਇਕ ਵੱਖਰੇ ਕਮਰੇ ਵਿਚ ਰਹਿ ਰਹੀ ਹੈ। ਉਹ ਅਕਸਰ ਆਪਣੇ ਪੇਕੇ ਪਿੰਡ ਜਾਂ ਹੋਰ ਰਿਸ਼ਤੇਦਾਰੀਆਂ ਵਿਚ ਜਾਂਦੀ ਰਹਿੰਦੀ ਹੈ। ਬੀਤੇ ਕੱਲ ਵੀ ਉਹ ਆਪਣੀ ਭੂਆ ਕੋਲ ਗਈ ਹੋਈ ਸੀ। ਜਦੋਂ ਉਹ ਸ਼ਾਮ ਨੂੰ ਵਾਪਸ ਪਰਤੀ ਤਾਂ ਸਹੁਰੇ ਪਰਿਵਾਰ ਨਾਲ ਬਹਿਸ ਹੋ ਗਈ, ਜਿਨ੍ਹਾਂ ਨੇ ਕਥਿਤ ਤੌਰ 'ਤੇ ਤੂਤ ਨਾਲ ਬੰਨ੍ਹ ਕੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਦਿੱਤੀ। ਅੰਤ ਆਸ-ਪਾਸ ਦੇ ਲੋਕਾਂ ਨੇ ਦਖਲ ਦੇ ਕੇ ਉਸ ਨੂੰ ਛੁਡਵਾਇਆ ਤੇ ਹਸਪਤਾਲ ਭਿਜਵਾਇਆ। ਮਨਜੀਤ ਕੌਰ ਨੇ ਆਪਣੀ ਸ਼ਿਕਾਇਤ 'ਚ ਪਤੀ ਬਲਵਿੰਦਰ ਸਿੰਘ, ਸੱਸ ਪ੍ਰਕਾਸ਼ ਕੌਰ, ਨਣਾਨ ਰਾਜ ਕੌਰ, ਦਾਦੀ ਸੱਸ ਵਿੱਦਿਆ ਕੌਰ, ਦਾਦੀ ਮਾਸੀ ਸੱਸ ਜੀਤ ਕੌਰ ਤੇ ਮਾਸੜ ਸਹੁਰਾ ਅਮਰ ਸਿੰਘ 'ਤੇ ਕੁੱਟਮਾਰ ਆਦਿ ਦਾ ਦੋਸ਼ ਲਗਾਇਆ ਹੈ। ਤਫਤੀਸ਼ੀ ਅਧਿਕਾਰੀ ਚਰਨਜੀਤ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਬਿਆਨ ਦਰਜ ਕਰ ਕੇ ਉਕਤ ਵਿਰੁੱਧ ਮੁਕੱਦਮਾ ਨੰ. 121, ਧਾਰਾ 342, 323, 506, 149 ਅਧੀਨ ਦਰਜ ਕਰ ਲਿਆ ਹੈ। ਮੁਕੱਦਮਾ ਦਰਜ ਹੋਣ ਤੋਂ ਬਾਅਦ ਮੁਲਜ਼ਮ ਫਰਾਰ ਹਨ, ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਉਪਰਾਲੇ ਜਾਰੀ ਹਨ। ਜਦਕਿ ਵੱਖਰੇ ਤੌਰ 'ਤੇ ਮਾਮਲੇ ਦੀ ਜਾਂਚ ਵੀ ਗੰਭੀਰਤਾ ਨਾਲ ਕੀਤੀ ਜਾ ਰਹੀ ਹੈ।
ਲਾਹਣ ਤੇ ਹਰਿਆਣਾ ਦੀ ਸ਼ਰਾਬ ਬਰਾਮਦ, 6 ਗ੍ਰਿਫਤਾਰ, 1 ਫਰਾਰ
NEXT STORY