ਕਪੂਰਥਲਾ (ਗੁਰਵਿੰਦਰ ਕੌਰ, ਮਲਹੋਤਰਾ)- ਕਮਾਲਪੁਰ ਗਊਸ਼ਾਲਾ ਕਮੇਟੀ ਦੀ ਵਿਸ਼ੇਸ਼ ਮੀਟਿੰਗ ਸਥਾਨਕ ਯੋਜਨਾ ਭਵਨ 'ਚ ਡਿਪਟੀ ਕਮਿਸ਼ਨਰ ਕਪੂਰਥਲਾ ਮੁਹੰਮਦ ਤਇਅਬ ਦੀ ਪ੍ਰਧਾਨਗੀ ਹੇਠ ਹੋਈ।
ਮੀਟਿੰਗ ਦੌਰਾਨ ਡੀ. ਸੀ. ਨੇ ਗਊਸ਼ਾਲਾ 'ਚ ਪਸ਼ੂਆਂ ਦੇ ਰੱਖ-ਰਖਾਅ, ਚਾਰਾ, ਤੂੜੀ, ਪੀਣ ਲਈ ਪਾਣੀ ਅਤੇ ਹੋਰ ਪ੍ਰਬੰਧਾਂ ਦਾ ਜਾਇਜ਼ਾ ਲਿਆ ਤੇ ਇਨ੍ਹਾਂ ਨੂੰ ਹੋਰ ਬਿਹਤਰ ਬਣਾਉਣ ਲਈ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਉਨ੍ਹਾਂ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਰੁਕੀ ਹੋਈ ਗਊਸ਼ਾਲਾ ਦੇ ਸ਼ੈੱਡ ਬਣਾਉਣ ਦੀ ਮਨਜ਼ੂਰੀ ਮਿਲ ਗਈ ਹੈ ਤੇ ਜਲਦ ਹੀ ਸ਼ੈੱਡ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।
ਇਸ ਮੌਕੇ ਉਨ੍ਹਾਂ ਗਊਸ਼ਾਲਾ 'ਚ ਚੱਲ ਰਹੇ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਤੇ ਅਧਿਕਾਰੀਆਂ ਨੂੰ ਵੱਖ-ਵੱਖ ਦਿਸ਼ਾ-ਨਿਰਦੇਸ਼ ਦਿੱਤੇ। ਉਨ੍ਹਾਂ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਗਊਸ਼ਾਲਾ ਲਈ ਬਾਲਣ ਦਾ ਜਲਦ ਪ੍ਰਬੰਧ ਕੀਤਾ ਜਾਵੇ ਤਾਂ ਜੋ ਠੰਡ ਕਾਰਨ ਪਸ਼ੂਆਂ ਨੂੰ ਕੋਈ ਪ੍ਰੇਸ਼ਾਨੀ ਪੇਸ਼ ਨਾ ਆ ਸਕੇ। ਇਸੇ ਤਰ੍ਹਾਂ ਉਨ੍ਹਾਂ ਉਥੇ ਬੂਟੇ ਲਾਉਣ ਤੇ ਬੈਰੀਕੇਡਿੰਗ ਕਰਨ ਤੋਂ ਇਲਾਵਾ ਪਸ਼ੂਆਂ ਦੀਆਂ ਦਵਾਈਆਂ ਸਟੋਰ ਕਰ ਕੇ ਰੱਖਣ ਦੀ ਵੀ ਹਦਾਇਤ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਲਗਾਤਾਰ ਗਊਸ਼ਾਲਾ ਦਾ ਦੌਰਾ ਕਰਦੇ ਰਹਿਣ ਅਤੇ ਹੋਰਨਾਂ ਗਊਸ਼ਾਲਾਵਾਂ ਦੇ ਪ੍ਰਬੰਧਕਾਂ ਦੇ ਵਡਮੁੱਲੇ ਸੁਝਾਅ ਲੈ ਕੇ ਗਊਸ਼ਾਲਾ ਦੀ ਬਿਹਤਰੀ ਲਈ ਢੁੱਕਵੇਂ ਕਦਮ ਚੁੱਕਣ ਤਾਂ ਜੋ ਪਸ਼ੂਆਂ ਦੀ ਵਧੀਆ ਢੰਗ ਨਾਲ ਸਾਂਭ-ਸੰਭਾਲ ਕੀਤੀ ਜਾ ਸਕੇ। ਇਸ ਮੌਕੇ ਏ. ਡੀ. ਸੀ. (ਵਿਕਾਸ) ਅਵਤਾਰ ਸਿੰਘ ਭੁੱਲਰ, ਐੱਸ. ਡੀ. ਐੱਮ. ਡਾ. ਚਾਰੂਮਿਤਾ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਸੁੱਚਾ ਸਿੰਘ, ਬੀ. ਡੀ. ਪੀ. ਓ. ਪਰਗਟ ਸਿੰਘ, ਸਾਹਿਲ ਓਬਰਾਏ ਤੋਂ ਇਲਾਵਾ ਗਊਸ਼ਾਲਾ ਕਮੇਟੀ ਦੇ ਨਾਮਜ਼ਦ ਮੈਂਬਰ ਹਾਜ਼ਰ ਸਨ।
ਬਿਨਾਂ ਸੰਪਾਦਕੀ ਤੋਂ ਪ੍ਰਕਾਸ਼ਿਤ ਹੋਈਆਂ ਇੰਫਾਲ ਦੀਆਂ ਅਖਬਾਰਾਂ
NEXT STORY