ਨਵਾਂਸ਼ਹਿਰ, (ਤ੍ਰਿਪਾਠੀ, ਮਨੋਰੰਜਨ)- ਡਿਪਟੀ ਕਮਿਸ਼ਨਰ ਅਮਿਤ ਕੁਮਾਰ ਵੱਲੋਂ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਾਲੋਂ ਅਤੇ ਭੀਣ ਦੀ ਅਚਨਚੇਤ ਪੜਤਾਲ ਕੀਤੀ ਗਈ, ਜਿਸ ਦੌਰਾਨ ਉਨ੍ਹਾਂ ਨੇ ਸਟਾਫ਼ ਦੀ ਹਾਜ਼ਰੀ ਵੀ ਦੇਖੀ ਅਤੇ ਮਿਡ-ਡੇ ਮੀਲ ਵੀ ਖਾ ਕੇ ਦੇਖਿਆ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਵਿਦਿਆਰਥੀਆਂ ਨਾਲ ਗੱਲਬਾਤ ਕਰ ਕੇ ਜਿੱਥੇ ਉਨ੍ਹਾਂ ਦੀ ਪੜ੍ਹਾਈ ਬਾਬਤ ਪੁੱਛਿਆ, ਉੱਥੇ ਉਨ੍ਹਾਂ ਨੂੰ ਪੜ੍ਹਾਈ ਸਬੰਧੀ ਖੁਦ ਟਿਪਸ ਵੀ ਦਿੱਤੇ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਮਿਹਨਤ ਨਾਲ ਰੋਜ਼ਾਨਾ ਕਲਾਸ ਵਿਚ ਕੀਤੇ ਕੰਮ ਨੂੰ ਦੁਹਰਾਈਏ ਤੇ ਅਭਿਆਸ ਕਰੀਏ ਤਾਂ ਕਦੇ ਵੀ ਮਾਰ ਨਹੀਂ ਖਾਵਾਂਗੇ। ਉਨ੍ਹਾਂ ਆਪਣੀ ਉਦਾਹਰਣ ਦਿੰਦਿਆਂ ਕਿਹਾ ਕਿ ਉਹ ਅੱਠਵੀਂ ਤੋਂ ਪਹਿਲਾਂ ਕਦੇ ਵੀ ਕਲਾਸ ਵਿਚ ਕਿਸੇ ਪੁਜ਼ੀਸ਼ਨ 'ਤੇ ਨਹੀਂ ਆਏ ਸਨ ਪਰ ਅੱਠਵੀਂ ਤੋਂ ਬਾਅਦ ਉਨ੍ਹਾਂ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਇਸ ਦਾ ਨਤੀਜਾ ਇਹ ਨਿਕਲਿਆ ਕਿ ਉਹ ਸਿਵਲ ਸੇਵਾਵਾਂ ਦੀ ਪ੍ਰੀਖਿਆ ਪਾਸ ਕਰਨ ਵਿਚ ਸਫ਼ਲ ਰਹੇ।
ਉਨ੍ਹਾਂ ਵਿਦਿਆਰਥੀਆਂ ਨੂੰ ਭਵਿੱਖ ਦੀ ਸਫ਼ਲਤਾ ਦੇ ਗੁਰ ਦੱਸਦਿਆਂ ਕਿਹਾ ਕਿ ਜੇਕਰ ਅਸੀਂ ਰੋਜ਼ਾਨਾ ਸਮਾਂ-ਸਾਰਨੀ ਬਣਾ ਕੇ ਪੜ੍ਹਾਈ ਕਰਾਂਗੇ ਤਾਂ ਕਦੇ ਵੀ ਪੜ੍ਹਾਈ ਵਿਚ ਪਿੱਛੇ ਨਹੀਂ ਰਹਾਂਗੇ। ਉਨ੍ਹਾਂ ਕਿਹਾ ਕਿ ਜ਼ਰੂਰੀ ਨਹੀਂ ਕਿ ਸਿਵਲ ਸੇਵਾਵਾਂ ਜਿਹੇ ਇਮਤਿਹਾਨ ਨਾਨ-ਮੈਡੀਕਲ ਜਾਂ ਮੈਡੀਕਲ ਦੀ ਪੜ੍ਹਾਈ ਕਰ ਕੇ ਹੀ ਪਾਸ ਕੀਤੇ ਜਾ ਸਕਦੇ ਹਨ, ਇਸ ਲਈ ਆਰਟਸ ਵਿਸ਼ੇ ਵੀ ਬਹੁਤ ਮਦਦਗਾਰ ਸਿੱਧ ਹੋ ਸਕਦੇ ਹਨ। ਮਹਾਲੋਂ ਸਕੂਲ ਵਿਖੇ ਸਕੂਲ ਮੁਖੀ ਵੱਲੋਂ ਦੋ ਸਿੱਖਿਆ ਵਾਲੰਟੀਅਰਾਂ ਅਤੇ ਅੰਗਰੇਜ਼ੀ ਤੇ ਗਣਿਤ ਦੇ ਅਧਿਆਪਕਾਂ ਦੀ ਆਸਾਮੀ ਪੁਰ ਕਰਨ ਦੀ ਰੱਖੀ ਮੰਗ 'ਤੇ ਉਨ੍ਹਾਂ ਜ਼ਿਲਾ ਸਿੱਖਿਆ ਅਫ਼ਸਰ ਰਾਹੀਂ ਜਲਦ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ।
ਸ਼ਾਮਲਾਟ ਦੀ ਸਾਂਝੀ ਪਸ਼ੂ ਚਰਾਉਣ ਦੀ ਜ਼ਮੀਨ ਨੂੰ ਬਚਾਉਣ ਲਈ ਦਿੱਤਾ ਮੰਗ ਪੱਤਰ
NEXT STORY