ਭਿੱਖੀਵਿੰਡ, ਬੀੜ ਸਾਹਿਬ (ਭਾਟੀਆ, ਬਖਤਾਵਰ, ਲਾਲੂ ਘੁੰਮਣ) — ਜੇਲ 'ਚ ਵਰਤੇ ਜਾਦੇ ਮੋਬਾਈਲ ਫੋਨ ਦਾ ਰੀਚਾਰਜ ਕਰਨ ਤੋ ਨਾਂਹ ਕਰਨ ਤੇ ਪਿੰਡ ਮਾੜੀ ਗੋੜ ਸਿੰਘ ਨਿਵਾਸੀ ਇਕ ਨੌਜਵਾਨ ਨੂੰ ਕੁਝ ਹਥਿਆਰ ਬੰਦ ਨੌਜਵਾਨਾਂ ਵੱਲੋ ਦੁਕਾਨ ਅੰਦਰ ਦਾਖਲ ਹੋ ਕੇ ਗੰਭੀਰ ਜਖਮੀ ਕਰ ਦੇਣ ਦੀ ਘਟਨਾ ਸਾਹਮਨੇ ਆਈ ਹੈ। ਇਸ ਸਾਬੰਧੀ ਜਾਣਕਾਰੀ ਦਿੰਦਿਆ ਰਣਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਿੰਡ ਵਿਖੇ ਟੈਲੀਕਾਮ ਦੀ ਦੁਕਾਨ ਪਿਛਲੇ ਲਗਭਗ 6 ਸਾਲਾ ਤੋ ਚਲਾ ਰਿਹਾ ਹਾਂ। ਉਸਦੇ ਪਿੰਡ ਦਾ ਨੌਜਵਾਨ ਗੁਰਚਰਨ ਸਿੰਘ ਕਿਸੇ ਕੇਸ 'ਚ ਕੇਂਦਰੀ ਜੇਲ ਫਤਾਹਪੁਰ ਅੰਮ੍ਰਿਤਸਰ ਵਿਖੇ ਬੰਦ ਹੈ। ਉਸਨੇ ਦੱਸਿਆ ਕਿ ਗੁਰਚਰਨ ਸਿੰਘ ਦੀ ਮਾਤਾ ਮੇਰੇ ਕੋਲੋ ਇਕ ਮੋਬਾਈਲ ਫੋਨ 'ਚ ਰੀਚਾਰਜ ਕਰਵਾਉਦੀ ਸੀ, ਜਿਸ ਬਾਰੇ ਜਦੋਂ ਮੈਨੂੰ ਪਤਾ ਲੱਗਾ ਕਿ ਇਸ ਮੋਬਾਈਲ ਦੀ ਵਰਤੋ ਗੁਰਚਰਨ ਸਿੰਘ ਵੱਲੋ ਜੇਲ 'ਚ ਕੀਤੀ ਜਾ ਰਹੀ ਹੈ ਤਾਂ ਮੈਂ ਰੀਚਾਰਜ ਕਰਨ ਤੋਂ ਨਾਂਹ ਕਰ ਦਿੱਤੀ, ਜਿਸ ਤੋਂ ਬਾਅਦ ਉਸ ਨੂੰ ਜੇਲ 'ਚੋਂ ਬਾਰ ਬਾਰ ਵੱਖ ਵੱਖ ਨੰਬਰਾਂ ਤੋਂ ਗੁਰਚਰਨ ਸਿੰਘ ਦੇ ਫੋਨ ਆ ਰਹੇ ਸਨ ਕਿ ਤੂੰ ਰੀਚਾਰਜ ਕਿਉਂ ਨਹੀ ਕਰਕੇ ਦੇ ਰਿਹਾ। ਜਦੋਂ ਉਸ ਨੇ ਰੀਚਾਰਜ ਕਰਨ ਤੋਂ ਸਾਫ ਨਾਹ ਕਰ ਦਿੱਤੀ ਤਾਂ ਸ਼ਾਮ 7-30 ਵਜੇ ਦੇ ਕਰੀਬ ਕੁਝ ਅਣਪਛਾਤੇ ਨੌਜਵਾਨ ਮੂੰਹ ਬੰਨ ਕੇ ਉਸ ਦੀ ਦੁਕਾਨ ਅੰਦਰ ਦਾਖਿਲ ਹੋਏ। ਉਸ ਵਕਤ ਮੇਰੇ ਕੋਲ ਮੇਰਾ ਦੋਸਤ ਗੁਰਬੀਰ ਸਿੰਘ ਬੈਠਾ ਹੋਇਆ ਸੀ। ਉਨ੍ਹਾਂ ਨੇ ਆਉਦਿਆਂ ਮੈਨੂੰ ਪੁਛਿਆ ਕਿ ਰਾਣਾ ਤੇਰਾ ਨਾਮ ਹੈ। ਮੇਰੇ ਵੱਲੋ ਹਾਂ ਕਹਿਣ ਤੇ ਉਨ੍ਹਾਂ ਨੇ ਮੇਰੇ ਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਮੇਰਾ ਦੋਸਤ ਜਦੋਂ ਜਾਨ ਬਚਾਉਣ ਲਈ ਬਾਹਰ ਦੋੜਿਆ ਤਾ ਹਮਲਾਵਰਾਂ ਨੇ ਉਸ ਦੇ ਪਿਛੇ ਹਵਾਈ ਫਾਇਰ ਵੀ ਕੀਤੇ। ਮੇਰੇ ਦੋਸਤ ਵੱਲੋ ਰੋਲਾ ਪਾਉਣ 'ਤੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਤੇ ਮੈਨੂੰ ਮੇਰੇ ਦੋਸਤ ਤੇ ਪਰਿਵਾਰਕ ਮੈਂਬਰਾਂ ਨੇ ਭਿੱਖੀਵਿੰਡ ਦੇ ਹਸਪਤਾਲ ਵਿਖੇ ਦਾਖਿਲ ਕਰਵਾਇਆ ਹੈ। ਉਸ ਨੇ ਦੱਸਿਆ ਕਿ ਜਦੋਂ ਮੈਨੂੰ ਇਥੇ ਹਸਪਤਾਲ ਲਿਆਂਦਾ ਗਿਆ ਤਾ ਜੇਲ 'ਚੋ ਫੋਨ ਕਰਕੇ ਗੁਰਚਰਨ ਸਿੰਘ ਨੇ ਕਿਹਾ ਕਿ ਜਾਨ ਬੱਚ ਗਈ ਹੈ ? ਰੱਬ ਦਾ ਸ਼ੁਕਰ ਮਨਾ! ਹਸਪਤਾਲ ਵਿਖੇ ਪੁੱਜੇ ਥਾਣਾ ਭਿੱਖੀਵਿੰਡ ਦੇ ਐਸ.ਐਚ.ਓ ਕਸ਼ਮੀਰ ਸਿੰਘ ਵੱਲੋ ਜ਼ਖਮੀ ਨੌਜਵਾਨ ਤੋਂ ਘਟਨਾ ਸੰਬੰਧੀ ਪੁੱਛ ਪੜਤਾਲ ਕੀਤੀ ਗਈ। ਥਾਣਾ ਮੁਖੀ ਨੇ ਜਗਬਾਣੀ ਨਾਲ ਗੱਲਬਾਤ ਕਰਦਿਆ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਗੁਰਚਰਨ 'ਤੇ ਮਾਮਲਾ ਦਰਜ ਕਰਕੇ ਤਰੁੰਤ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ । ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਸਰਕਾਰ ਵੱਲੋ ਨਿਤ ਦਿਨ ਕੀਤੇ ਜਾਂਦੇ ਦਾਅਵਿਆਂ ਦੇ ਬਾਵਜੂਦ ਜੇਲ ਅੰਦਰ ਬੈਠੇ ਲੋਕਾਂ ਕੋਲ ਮਬਾਈਲ ਫੋਨ ਕਿਵੇਂ ਪਹੁੰਚ ਜਾਦੇ ਹਨ, ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ ।
ਰਾਸ ਨਹੀਂ ਆਇਆ ਕੇਜਰੀਵਾਲ ਦਾ ਨਰਮ ਰਵੱਈਆ, ਮੁਆਫੀਨਾਮੇ 'ਤੇ ਵਿਰੋਧੀਆਂ ਦੇ ਹਮਲੇ ਹੋਏ ਤੇਜ਼
NEXT STORY