ਮੋਗਾ, (ਆਜ਼ਾਦ)- ਪਿੰਡ ਲੋਹਗੜ੍ਹ ਨਿਵਾਸੀ ਇੰਦਰਜੀਤ ਸਿੰਘ (22) ਦੀ ਭੇਤਭਰੇ ਹਾਲਾਤ 'ਚ ਮੌਤ ਹੋ ਜਾਣ ਦਾ ਪਤਾ ਲੱਗਾ ਹੈ, ਜਿਸ ਦੀ ਲਾਸ਼ ਪਿੰਡ ਇੰਦਗੜ੍ਹ ਕੋਲੋਂ ਖੇਤਾਂ 'ਚੋਂ ਮਿਲੀ। ਜਾਣਕਾਰੀ ਅਨੁਸਾਰ ਮ੍ਰਿਤਕ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀ ਅਤੇ ਉਸ ਦਾ ਪੰਜ ਦਿਨਾਂ ਦਾ ਇਕ ਪੁੱਤਰ ਹੈ। ਬੀਤੇ ਦਿਨ ਸ਼ਾਮ ਸਮੇਂ ਉਹ ਕੰਮ ਤੋਂ ਵਾਪਸ ਆਇਆ ਤਾਂ ਇਹ ਕਹਿ ਕੇ ਘਰੋਂ ਚਲਾ ਗਿਆ ਕਿ ਉਹ ਵਾਲ ਕਟਾਉਣ ਲਈ ਜਾ ਰਿਹਾ ਹੈ ਪਰ ਉਹ ਘਰ ਵਾਪਸ ਨਹੀਂ ਆਇਆ। ਘਰ ਵਾਲਿਆਂ ਨੇ ਉਸ ਦੀ ਭਾਲ ਕੀਤੀ ਤਾਂ ਉਸ ਦੀ ਲਾਸ਼ ਅੱਜ ਪਿੰਡ ਇੰਦਗੜ੍ਹ ਦੇ ਖੇਤਾਂ 'ਚੋਂ ਮਿਲੀ, ਜਿਸ 'ਤੇ ਉਨ੍ਹਾਂ ਪੁਲਸ ਨੂੰ ਸੂਚਿਤ ਕੀਤਾ, ਜਿਸ 'ਤੇ ਥਾਣਾ ਧਰਮਕੋਟ ਦੇ ਮੁੱਖ ਅਫਸਰ ਇੰਸਪੈਕਟਰ ਜਤਿੰਦਰ ਸਿੰਘ, ਹੌਲਦਾਰ ਸੁਖਦੇਵ ਸਿੰਘ ਤੇ ਹੋਰ ਪੁਲਸ ਕਰਮਚਾਰੀ ਉਥੇ ਪੁੱਜੇ ਤੇ ਜਾਂਚ ਤੋਂ ਬਾਅਦ ਮ੍ਰਿਤਕ ਦੇ ਪਿਤਾ ਨਿੱਕਾ ਸਿੰਘ ਦੇ ਬਿਆਨਾਂ 'ਤੇ ਅ/ਧ 174 ਦੀ ਕਾਰਵਾਈ ਕਰਨ ਉਪਰੰਤ ਲਾਸ਼ ਸਿਵਲ ਹਸਪਤਾਲ ਮੋਗਾ 'ਚੋਂ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਵਾਰਿਸਾਂ ਦੇ ਹਵਾਲੇ ਕਰ ਦਿੱਤੀ। ਇਸ ਸਬੰਧ 'ਚ ਥਾਣਾ ਮੁਖੀ ਜਤਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਡਾਕਟਰਾਂ ਵੱਲੋਂ ਵਿਸਰਾ ਰਿਪੋਰਟ ਮੈਡੀਕਲ ਲੈਬਾਰਟਰੀ ਨੂੰ ਭੇਜੀ ਜਾ ਰਹੀ ਹੈ, ਜਿਸ ਦੀ ਰਿਪੋਰਟ ਆਉਣ ਉਪਰੰਤ ਮੌਤ ਦੇ ਅਸਲੀ ਕਾਰਨਾਂ ਦਾ ਪਤਾ ਲੱਗ ਸਕੇਗਾ।
ਕੜਾਕੇ ਦੀ ਠੰਡ ਕਾਰਨ ਪੱਕੇ ਮੋਰਚੇ 'ਚ ਸ਼ਾਮਲ ਬੱਚੇ ਹੋਣ ਲੱਗੇ ਬੀਮਾਰ
NEXT STORY