ਮਾਨਸਾ,(ਸੰਦੀਪ ਮਿੱਤਲ)- ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਖੁਲਾਸਾ ਕੀਤਾ ਕਿ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ ਕਰਤਾਰਪੁਰ ਵਿਖੇ ਦੋ ਹਿੱਸਿਆਂ 'ਚ ਵੰਡੇ ਜਾਣ ਮਗਰੋਂ ਇਸ ਦਾ ਇਕ ਹਿੱਸਾ ਅੰਮ੍ਰਿਤਸਰ 'ਚ ਦੀ ਹੋ ਕੇ ਲੰਘੇਗਾ, ਜਦਕਿ ਦੂਜਾ ਹਿੱਸਾ ਗੁਰਦਾਸਪੁਰ 'ਚੋਂ ਦੀ ਹੋ ਕੇ ਕਟੜਾ ਜਾਵੇਗਾ। ਇਸ ਬਾਰੇ ਖੁਲਾਸਾ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਅੰਮ੍ਰਿਤਸਰ ਵਿਕਾਸ ਮੰਚ ਅਤੇ ਕੁੱਝ ਹੋਰ ਸਮਾਜ ਸੇਵੀ ਸੰਗਠਨਾਂ ਵਲੋਂ ਹਾਲ ਹੀ 'ਚ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਇਹ ਐਕਸਪ੍ਰੈਸਵੇਅ ਅੰਮ੍ਰਿਤਸਰ 'ਚੋਂ ਦੀ ਹੋ ਕੇ ਨਹੀਂ ਲੰਘ ਰਿਹਾ ਹੈ ਅਤੇ ਉਹ ਕਾਫੀ ਚੁਕੰਨੇ ਹੋ ਗਏ ਸਨ। ਉਨ੍ਹਾਂ ਕਿਹਾ ਕਿ ਮੈਂ ਇਹ ਮਾਮਲਾ ਕੇਂਦਰੀ ਆਵਾਜਾਈ ਮੰਤਰੀ ਸ੍ਰੀ ਨਿਤਿਨ ਗਡਕਰੀ ਕੋਲ ਉਠਾਇਆ ਸੀ ਅਤੇ ਉਨ੍ਹਾਂ ਮੈਨੂੰ ਦੱਸਿਆ ਕਿ ਅੰਮ੍ਰਿਤਸਰ ਦੇ ਲੋਕਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ। ਇਹ ਐਕਸਪ੍ਰੈਸਵੇਅ ਸਿਰਫ ਇਸ ਪਵਿੱਤਰ ਸ਼ਹਿਰ 'ਚੋਂ ਦੀ ਹੀ ਹੋ ਕੇ ਨਹੀਂ ਲੰਘੇਗਾ, ਸਗੋਂ ਇਸ ਨੂੰ ਰਾਜਾ ਸਾਂਸੀ ਅੰਤਰਰਾਸ਼ਟਰੀ ਹਵਾਈ ਅੱਡੇ ਨਾਲ ਵੀ ਜੋੜਿਆ ਜਾਵੇਗਾ।
ਬੀਬਾ ਬਾਦਲ ਨੇ ਦੱਸਿਆ ਕਿ ਇਹ ਐਕਸਪ੍ਰੈਸਵੇਅ ਹਰਿਆਣਾ ਦੇ ਜੱਸਰ ਖੇੜੀ ਤੋਂ ਸ਼ੁਰੂ ਹੋ ਕੇ ਘਨਾ-ਕਾਲਾਇਤ 'ਚੋਂ ਦੀ ਗੁਜ਼ਰਦਾ ਹੋਇਆ ਪਾਤੜਾਂ ਨੇੜੇ ਪੰਜਾਬ 'ਚ ਦਾਖ਼ਲ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਇਹ ਭਵਾਨੀਗੜ੍ਹ ਅਤੇ ਨਕੋਦਰ 'ਚ ਦੀ ਨਿਕਲਦਾ ਹੋਇਆ ਕਰਤਾਰਪੁਰ ਜਾਵੇਗਾ ਅਤੇ ਫਿਰ ਇਸ ਦੇ ਦੋ ਹਿੱਸੇ ਹੋ ਜਾਣਗੇ, ਜਿੰਨ੍ਹਾਂ 'ਚੋਂ ਇਕ ਅੰਮ੍ਰਿਤਸਰ 'ਚ ਦੀ ਅਤੇ ਦੂਜਾ ਗੁਰਦਾਸਪੁਰ 'ਚ ਦੀ ਲੰਘੇਗਾ। ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਐਕਸਪ੍ਰੈਸਵੇਅ ਦੀ ਕੁੱਲ ਲੰਬਾਈ 658 ਕਿਲੋਮੀਟਰ ਹੋਵੇਗੀ ਅਤੇ ਇਸ ਦੇ ਨਿਰਮਾਣ ਉੱਤੇ 30 ਹਜ਼ਾਰ ਕਰੋੜ ਰੁਪਏ ਦਾ ਖਰਚਾ ਆਵੇਗਾ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਦਾ ਪਹਿਲਾ ਪੜਾਅ ਮੌਜੂਦਾ ਵਿੱਤੀ ਸਾਲ ਦੌਰਾਨ ਤਿਆਰ ਕਰਨ ਦਾ ਪ੍ਰਸਤਾਵ ਦਿੱਤਾ ਗਿਆ ਹੈ।
ਰਾਜਾਸਾਂਸੀ ਹਵਾਈ ਅੱਡੇ ਨੂੰ ਵੀ ਐਕਸਪ੍ਰੈਸ ਨਾਲ ਜੋੜਿਆ ਜਾਵੇਗਾ
ਬੀਬਾ ਬਾਦਲ ਨੇ ਦੱਸਿਆ ਕਿ ਐਕਸਪ੍ਰੈਸਵੇਅ ਦੇ ਕਰਤਾਰਪੁਰ ਵਿਖੇ ਦੋ ਹਿੱਸੇ ਹੋ ਜਾਣਗੇ। ਅੰਮ੍ਰਿਤਸਰ ਜਾਣ ਵਾਲਾ ਸੈਕਸ਼ਨ 50 ਕਿਲੋਮੀਟਰ ਤੱਕ ਮੌਜੂਦਾ ਹਾਈਵੇਅ ਦਾ ਇਸਤੇਮਾਲ ਕਰੇਗਾ, ਜਿਸ ਦੇ ਦੋਵੇਂ ਪਾਸੇ ਸੜਕਾਂ ਬਣਾ ਕੇ ਇਸ ਨੂੰ ਐਕਸਪ੍ਰੈਸ ਵੇਅ ਵਜੋਂ ਵਿਕਸਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਐਕਸਪ੍ਰੈਸਵੇਅ ਨੂੰ ਰਾਜਾਸਾਂਸੀ ਹਵਾਈ ਅੱਡੇ ਨਾਲ ਜੋੜਣ ਲਈ ਇਕ ਨਵੀਂ 30 ਕਿਲੋਮੀਟਰ ਲੰਬੀ ਸੜਕ ਬਣਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਦੂਜਾ ਸੈਕਸ਼ਨ 65 ਕਿਲੋਮੀਟਰ ਲੰਬਾ ਹੋਵੇਗਾ, ਜੋ ਕਿ ਐਕਸਪ੍ਰੈਸਵੇਅ ਨੂੰ ਕਰਤਾਰਪੁਰ ਤੋਂ ਗੁਰਦਾਸਪੁਰ ਲੈ ਕੇ ਜਾਵੇਗਾ ਅਤੇ ਇੱਥੋਂ ਇਸ ਨੂੰ ਕਟੜਾ ਜਾਣ ਵਾਲੇ 180 ਕਿਲੋਮੀਟਰ ਲੰਬੇ ਨੈਸ਼ਨਲ ਹਾਈਵੇਅ 44 ਨਾਲ ਜੋੜ ਦਿੱਤਾ ਜਾਵੇਗਾ।
ਜਲੰਧਰ : ਕਰਫਿਊ ਦੌਰਾਨ ਜੂਆ ਖੇਡ ਰਿਹੈ ਭਾਜਪਾ ਆਗੂ ਸਾਥੀਆਂ ਸਣੇ ਕਾਬੂ
NEXT STORY