ਨਵੀਂ ਦਿੱਲੀ (ਬਿਊਰੋ)-ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ (ਡੀ. ਜੀ. ਐੱਮ. ਸੀ.) ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਿੱਲੀ ਕਮੇਟੀ ਨੇ ਯੂਕ੍ਰੇਨ ’ਚ ਫਸੇ ਭਾਰਤੀਆਂ ਲਈ ਹੈਲਪਲਾਈਨ ਸ਼ੁਰੂ ਕੀਤੀ ਹੈ। ਸੰਕਟ ਦਾ ਸਾਹਮਣਾ ਕਰ ਰਹੇ ਭਾਰਤੀ ਪਰਿਵਾਰਾਂ ਨੂੰ ਵਿਦੇਸ਼ ਮੰਤਰਾਲੇ ਤੇ ਯੂਕ੍ਰੇਨ ਦੇ ਸਫ਼ਾਰਤਖਾਨੇ ਨਾਲ ਸੰਪਰਕ ਕਰਨਾ ਪੈਂਦਾ ਹੈ, ਜਿਸ ਲਈ ਉਨ੍ਹਾਂ ਨੂੰ ਵਾਰ-ਵਾਰ ਦਿੱਲੀ ਆਉਣਾ ਪੈਂਦਾ ਹੈ ਅਤੇ ਕੁਝ ਪਰਿਵਾਰ ਅਜਿਹੇ ਹਨ, ਜੋ ਆਰਥਿਕ ਤੌਰ ’ਤੇ ਸਮਰੱਥ ਨਹੀਂ ਹਨ। ਉਨ੍ਹਾਂ ਲਈ ਦਿੱਲੀ ਕਮੇਟੀ ਵੱਲੋਂ ਹੈਲਪਲਾਈਨ ਬਣਾਈ ਗਈ ਹੈ।
ਇਹ ਵੀ ਪੜ੍ਹੋ : ਕੇਂਦਰ ਸਰਕਾਰ ਯੂਕ੍ਰੇਨ ’ਚ ਫਸੇ ਭਾਰਤੀਆਂ ਨੂੰ ਸੁਰੱਖਿਅਤ ਵਾਪਸ ਲਿਆਏ : ਪ੍ਰਕਾਸ਼ ਸਿੰਘ ਬਾਦਲ
ਉਨ੍ਹਾਂ ਦੱਸਿਆ ਕਿ ਹੈਲਪਲਾਈਨ ਤੋਂ ਇਲਾਵਾ ਦਿੱਲੀ ਕਮੇਟੀ ਅਜਿਹੇ ਪਰਿਵਾਰਾਂ ਨੂੰ ਮੁਫ਼ਤ ਰਿਹਾਇਸ਼, ਭੋਜਨ ਅਤੇ ਟਰਾਂਸਪੋਰਟ ਸਹਾਇਤਾ ਪ੍ਰਦਾਨ ਕਰੇਗੀ ਅਤੇ ਲੋੜ ਪੈਣ ’ਤੇ ਦਿੱਲੀ ਕਮੇਟੀ ਦਾ ਵਫ਼ਦ ਮੰਤਰਾਲੇ ਅਤੇ ਦੂਤਘਰ ਵੀ ਉਨ੍ਹਾਂ ਨਾਲ ਜਾਏਗਾ। ਕਾਲਕਾ ਨੇ ਕਿਹਾ ਕਿ ਫਸੇ ਹੋਏ ਜ਼ਿਆਦਾਤਰ ਭਾਰਤੀ ਵਿਦਿਆਰਥੀ ਤੇ ਕੰਮਗਾਰ ਹਨ, ਜੋ ਰੋਜ਼ੀ-ਰੋਟੀ ਤੇ ਸਿੱਖਿਆ ਦੇ ਉਦੇਸ਼ ਨਾਲ ਯੂਕ੍ਰੇਨ ਗਏ ਸਨ। ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਉਹ ਸੁਰੱਖਿਅਤ ਭਾਰਤ ਪਰਤਣ। ਕਾਹਲੋਂ ਨੇ ਕਿਹਾ ਕਿ ਯੂਕ੍ਰੇਨ ਵਿਚ ਜੋ ਕੁਝ ਹੋ ਰਿਹਾ ਹੈ, ਉਹ ਮੰਦਭਾਗਾ ਹੈ, ਇਸ ਲਈ ਦਿੱਲੀ ਕਮੇਟੀ ਵੱਲੋਂ ਭਾਰਤੀਆਂ ਦੀ ਸੁਰੱਖਿਅਤ ਵਾਪਸੀ ਅਤੇ ਵਿਸ਼ਵ ਸ਼ਾਂਤੀ ਲਈ 27 ਫਰਵਰੀ ਯਾਨੀ ਕਿ ਕੱਲ੍ਹ ਸਵੇਰੇ 10 ਵਜੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਰੱਖਿਆ ਜਾਵੇਗਾ।
ਇਹ ਵੀ ਪੜ੍ਹੋ : ਕਦੇ ਕਾਮੇਡੀਅਨ ਸਨ ਯੂਕ੍ਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ, ਅੱਜ ਆਪਣੇ ਹੀ ਲੋਕਾਂ ਦੇ ਦੇਖਣੇ ਪੈ ਰਹੇ ਹੰਝੂ
ਕਾਹਲੋਂ ਨੇ ਦੱਸਿਆ ਕਿ ਦਿੱਲੀ ਕਮੇਟੀ ਵੱਲੋਂ ਇਕ ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ ’ਚ ਆਤਮਾ ਸਿੰਘ ਲੁਬਾਣਾ ਮੀਤ ਪ੍ਰਧਾਨ (9868854548, 9971170833), ਪਰਮਜੀਤ ਸਿੰਘ ਚੰਢੋਕ ਮੁੱਖ ਸਲਾਹਕਾਰ (9810070597), ਰਣਧੀਰ ਸਿੰਘ ਮੈਨੇਜਰ (9810785420) ਸ਼ਾਮਲ ਹਨ। ਇਸ ਤੋਂ ਇਲਾਵਾ ਹੈਲਪਲਾਈਨ ਨੰਬਰ ’ਤੇ ਸੰਪਰਕ ਕਰਨ ਲਈ 011-2372580-81-82, 23737328-29 ਨੰਬਰਾਂ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।
ਯੂਕ੍ਰੇਨ ’ਚ ਫਸੇ ਸ਼ੇਰਪੁਰ ਤੇ ਮਹਿਲ ਕਲਾਂ ਦੇ 7 ਕਈ ਵਿਦਿਆਰਥੀ, ਮਾਪੇ ਚਿੰਤਤ
NEXT STORY