ਗੜ੍ਹਦੀਵਾਲਾ, (ਜਤਿੰਦਰ)- ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੀ ਇਕ ਮੀਟਿੰਗ ਕੋ-ਕਨਵੀਨਰ ਕਰਮਜੀਤ ਸਿੰਘ ਦੀ ਅਗਵਾਈ ਵਿਚ ਹੋਈ, ਜਿਸ ਵਿਚ ਗੁਰਕ੍ਰਿਪਾਲ ਸਿੰਘ ਬੋਦਲ, ਸੰਜੀਵ ਧੂਤ ਅਤੇ ਤਿਲਕ ਰਾਜ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਇਸ ਮੌਕੇ ਕਰਮਚਾਰੀਆਂ ਵਲੋਂ ਸਖਤ ਰੋਸ ਜਾਹਿਰ ਕਰਦਿਆਂ ਸਰਕਾਰ ਤੋਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੀ ਮੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਕਰਮਜੀਤ ਸਿੰਘ ਨੇ ਕਿਹਾ ਕਿ ਸਰਕਾਰ ਨੇ ਸਾਲ 2004 ਤੋਂ ਬਾਅਦ ਭਰਤੀ ਹੋਏ ਸਾਰੇ ਹੀ ਕਰਮਚਾਰੀਆਂ 'ਤੇ ਪੁਰਾਣੀ ਪੈਨਸ਼ਨ ਦੀ ਥਾਂ 'ਤੇ ਨਵੀਂ ਪੈਨਸ਼ਨ ਸਕੀਮ ਲਾਗੂ ਕਰ ਦਿੱਤੀ ਹੈ ਜੋ ਕਿ ਸਰਾਸਰ ਗਲਤ ਹੈ। ਕਰਮਚਾਰੀਆਂ ਲਈ ਨਵੀਂ ਪੈਨਸ਼ਨ ਸਕੀਮ ਬਹੁਤ ਹੀ ਘਾਤਕ ਹੈ। ਇਸ ਸਕੀਮ ਤਹਿਤ ਕਰਮਚਾਰੀਆਂ ਦਾ ਮਿਹਨਤ ਨਾਲ ਕਮਾਇਆ ਪੈਸਾ ਸ਼ੇਅਰ ਬਾਜ਼ਾਰ ਵਿਚ ਲੱਗਦਾ ਹੈ ਤੇ ਸ਼ੇਅਰ ਬਾਜ਼ਾਰ ਕਰਮਚਾਰੀਆਂ ਦੇ ਪੈਸੇ ਦੀ ਕੋਈ ਗਾਰੰਟੀ ਨਹੀਂ ਦਿੰਦਾ।
ਗੁਰਕ੍ਰਿਪਾਲ ਬੋਦਲ ਨੇ ਕਿਹਾ ਕਿ ਮਾਣਯੋਗ ਸੁਪਰੀਮ ਕੋਰਟ ਇਹ ਕਹਿੰਦਾ ਹੈ ਕਿ ਪੈਨਸ਼ਨ ਨਾ ਤਾਂ ਕੋਈ ਅਹਿਸਾਨ ਹੈ ਤੇ ਨਾ ਹੀ ਕੋਈ ਖੈਰਾਤ। ਇਹ ਤਾਂ ਕਰਚਮਾਰੀ ਵਲੋਂ ਕੀਤੀ ਗਈ ਸੇਵਾ ਦੇ ਇਵਜ ਵਿਚ ਨੌਕਰੀਦਾਤਾ ਵਲੋਂ ਦਿੱਤਾ ਗਿਆ ਮੁਆਵਜ਼ਾ ਹੈ। ਰਾਜ ਕੁਮਾਰ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੇ ਕਰਮਚਾਰੀਆਂ ਦੀ ਪੁਰਾਣੀ ਪੈਨਸ਼ਨ ਖੋਹ ਕੇ ਉਨ੍ਹਾਂ ਦਾ ਬੁਢਾਪਾ ਅਸੁਰੱਖਿਅਤ ਕਰ ਦਿੱਤਾ ਹੈ। ਸਰਕਾਰਾਂ ਚਾਹੁੰਦੀਆਂ ਹਨ ਕਿ ਕਰਮਚਾਰੀ ਬੁਢਾਪੇ ਵਿਚ ਖੱਜਲ-ਖੁਆਰ ਹੋਣ। ਰਵਿੰਦਰ ਰਾਜੂ ਨੇ ਕਿਹਾ ਕਿ ਜਥੇਬੰਦੀ ਵਲੋਂ ਪਿਛਲੇ ਸਮੇਂ ਦੌਰਾਨ ਪੰਜਾਬ ਸਰਕਾਰ ਦੇ ਮੰਤਰੀਆਂ ਤੇ ਵਿਧਾਇਕਾਂ ਨੂੰ ਪੈਨਸ਼ਨ ਬਹਾਲੀ ਸਬੰਧੀ ਮੰਗ-ਪੱਤਰ ਦਿੱਤੇ ਗਏ ਸਨ ਪਰੰਤੂ ਇਸ ਦੇ ਬਾਵਜੂਦ ਵੀ ਅਜੇ ਤੱਕ ਸਰਕਾਰ ਦੀ ਇਸ ਸਬੰਧੀ ਕੋਈ ਪ੍ਰਤੀਕ੍ਰਿਆ ਨਹੀਂ ਆਈ। ਸੁਖਵਿੰਦਰ ਗੜ੍ਹਦੀਵਾਲਾ ਨੇ ਕਿਹਾ ਕਿ ਪੂਰੇ ਭਾਰਤ ਦੇ ਨਾਲ-ਨਾਲ ਪੰਜਾਬ ਵਿਚ ਵੀ ਇਸ ਵੇਲੇ ਪੁਰਾਣੀ ਪੈਨਸ਼ਨ ਬਹਾਲ ਕਰਵਾਉਣ ਲਈ ਸੰਘਰਸ਼ ਜ਼ੋਰਾਂ 'ਤੇ ਚੱਲ ਰਿਹਾ ਹੈ ਅਤੇ ਇਹ ਸੰਘਰਸ਼ ਉਸ ਸਮੇਂ ਤੱਕ ਚੱਲਦਾ ਰਹੇਗਾ ਜਦੋਂ ਤੱਕ ਪੰਜਾਬ ਸਰਕਾਰ ਪੁਰਾਣੀ ਪੈਨਸ਼ਨ ਬਹਾਲ ਨਹੀਂ ਕਰ ਦਿੰਦੀ। ਇਨ੍ਹਾਂ ਸੰਘਰਸ਼ਾਂ ਦੀ ਲੜੀ ਤਹਿਤ 24 ਦਸੰਬਰ ਨੂੰ ਹੁਸ਼ਿਆਰਪੁਰ ਵਿਖੇ ਇਕ ਵਿਸ਼ਾਲ ਕਨਵੈਨਸ਼ਨ ਰੱਖੀ ਗਈ ਹੈ ਜਿਸ ਵਿਚ ਗੜ੍ਹਦੀਵਾਲਾ ਅਤੇ ਭੂੰਗਾ ਖੇਤਰ ਦੇ ਸੈਂਕੜੇ ਕਰਮਚਾਰੀ ਸ਼ਾਮਲ ਹੋਣਗੇ। ਮੀਟਿੰਗ ਨੂੰ ਜਸਵੀਰ ਬੋਦਲ ਤੇ ਜਗਦੀਪ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਜਸਵੀਰ ਬੋਦਲ, ਗੁਰਭਜਨ ਸਿੰਘ, ਚਰਨਜੀਤ ਸਿੰਘ, ਅਰਪਿੰਦਰ ਭੂੰਗਾ, ਸਰਤਾਜ ਸਿੰਘ, ਸੁਰਜੀਤ ਸਿੰਘ ਅੱਭੋਵਾਲ, ਗਗਨ ਸਿਆਲ, ਜਸਵਿੰਦਰ ਸਿੰਘ, ਗੁਰਜਿੰਦਰ ਸਿੰਘ, ਅਨਿਲ ਕੁਮਾਰ, ਸੰਜੀਵ ਆਦਿ ਹਾਜ਼ਰ ਸਨ।
ਟਾਂਡਾ ਉੜਮੁੜ, (ਪੰਡਿਤ)- ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਮੋਰਚੇ ਦੀ ਇਕ ਅਹਿਮ ਮੀਟਿੰਗ ਸਥਾਨਕ ਸ਼ਿਮਲਾ ਪਹਾੜੀ ਪਾਰਕ ਵਿਚ ਹੋਈ। ਜਿਸ ਵਿਚ ਨਵੀਂ ਪੈਨਸ਼ਨ ਸਕੀਮ ਅਧੀਨ ਭਰਤੀ ਮੁਲਾਜ਼ਮਾਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ ਅਤੇ ਆਪਣੀ ਮੰਗ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ। ਮੀਟਿੰਗ ਦੌਰਾਨ 24 ਦਸੰਬਰ ਨੂੰ ਜਥੇਬੰਦੀ ਵੱਲੋਂ ਹੁਸ਼ਿਆਰਪੁਰ ਵਿਖੇ ਕੀਤੀ ਜਾਣ ਵਾਲੀ ਦੋਆਬਾ ਜ਼ੋਨ ਦੀ ਕਨਵੈਨਸ਼ਨ ਲਈ ਲਾਮਬੰਦੀ ਕੀਤੀ ਗਈ ਅਤੇ ਡਿਊਟੀਆਂ ਲਾਈਆਂ ਗਈਆਂ। ਮੀਟਿੰਗ ਦੌਰਾਨ ਬੁਲਾਰਿਆਂ ਨੇ ਨਵੀਂ ਪੈਨਸ਼ਨ ਸਕੀਮ ਨੂੰ ਮੁਲਾਜ਼ਮ ਮਾਰੂ ਦੱਸਦਿਆਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੀ ਮੰਗ ਕੀਤੀ ਅਤੇ ਕਿਹਾ ਕਿ ਹੁਸ਼ਿਆਰਪੁਰ ਦੀ ਕਨਵੈਨਸ਼ਨ ਵਿਚ ਮੁਲਾਜ਼ਮ ਵੱਡੀ ਗਿਣਤੀ ਵਿਚ ਭਾਗ ਲੈਣਗੇ।
ਇਸ ਮੌਕੇ ਬਲਦੇਵ ਸਿੰਘ, ਹਰਿੰਦਰਪਾਲ ਸਿੰਘ, ਲੋਕੇਸ਼ ਵਸ਼ਿਸ਼ਟ, ਪ੍ਰਦੀਪ ਕੁਮਾਰ, ਦੀਪਕ ਸੋਂਧੀ, ਰਘੁਵੀਰ ਸਿੰਘ, ਹਰਦੀਪ ਸਿੰਘ, ਪਰਮਜੀਤ ਸਿੰਘ, ਪ੍ਰਦੀਪ ਵਿਰਲੀ, ਭਜਨੀਕ ਸਿੰਘ, ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਇੰਦਰਜੀਤ ਸਿੰਘ, ਹਰਚਰਨ ਸਿੰਘ, ਸੰਜੇ ਕੁਮਾਰ, ਰਕੇਸ਼ ਰੌਸ਼ਨ ਤੋਂ ਇਲਾਵਾ ਵੱਡੀ ਗਿਣਤੀ ਵਿਚ ਮੁਲਾਜ਼ਮ ਮੌਜੂਦ ਸਨ।
ਪਾਬੰਦੀ ਵਾਲੇ ਨਸ਼ੀਲੇ ਟੀਕਿਆਂ ਸਮੇਤ 1 ਕਾਬੂ
NEXT STORY