ਚੰਡੀਗੜ੍ਹ (ਬਾਂਸਲ/ ਪਾਂਡੇ)-ਆਪਣੇ ਕਰੋੜਾਂ ਭਗਤਾਂ ਜ਼ਰੀਏ ਸਿਆਸਤ 'ਚ ਡੰਕਾ ਵਜਾਉਣ ਵਾਲੇ ਡੇਰਾ ਮੁਖੀ ਨੂੰ ਸ਼ਾਇਦ ਇਹ ਯਕੀਨ ਨਹੀਂ ਸੀ ਕਿ ਕਾਨੂੰਨ ਦੇ ਅੱਗੇ ਵੱਡੇ ਤੋਂ ਵੱਡਾ ਦੋਸ਼ੀ ਵੀ ਬੇਵੱਸ ਹੋ ਜਾਂਦਾ ਹੈ। ਡੇਰਾ ਮੁਖੀ ਨੂੰ ਸੀਖਾਂ ਪਿੱਛੇ ਜਾਣ ਤੋਂ ਰੋਕਣ 'ਚ ਨਾ ਤਾਂ ਕੋਈ ਸਿਆਸਤਦਾਨ ਨਜ਼ਰ ਆਇਆ ਤੇ ਨਾ ਹੀ ਭਗਤਾਂ ਦਾ ਦਬਾਅ। ਭਗਤਾਂ ਨੇ ਆਪਣੇ ਮਹਾਰਾਜ ਦੇ ਸਮਰਥਨ 'ਚ ਤਾਂਡਵ ਤਾਂ ਖੂਬ ਮਚਾਇਆ ਪਰ ਉਨ੍ਹਾਂ ਨੂੰ ਜਾਨ ਗੁਆਉਣ ਤੇ ਕਾਨੂੰਨ ਦੇ ਸ਼ਿਕੰਜੇ 'ਚ ਫਸਣ ਤੋਂ ਇਲਾਵਾ ਕੁਝ ਹਾਸਲ ਨਹੀਂ ਹੋਇਆ। ਚਰਚਾ ਹੈ ਕਿ ਆਪਣੇ ਮੁਖੀ ਨੂੰ ਕਾਨੂੰਨ ਦੇ ਸ਼ਿਕੰਜੇ 'ਚੋਂ ਕੱਢਣ ਲਈ ਡੇਰੇ ਦੇ ਸਿਆਸੀ ਵਿੰਗ ਨੇ ਹਰਿਆਣਾ ਦੇ ਕਈ ਮੰਤਰੀਆਂ-ਵਿਧਾਇਕਾਂ ਕੋਲ ਵੀ ਮਦਦ ਲਈ ਅਪੀਲ ਕੀਤੀ ਸੀ ਪਰ ਇਨ੍ਹਾਂ ਮੰਤਰੀਆਂ ਨੇ ਵੀ ਅਦਾਲਤੀ ਪ੍ਰਕਿਰਿਆ ਅੱਗੇ ਗੋਡੇ ਟੇਕ ਦਿੱਤੇ।
ਡੇਰੇ ਦੀ ਸਿਆਸੀ ਵਿੰਗ ਦੇ ਕਾਰਜਕਰਤਾ ਉਨ੍ਹਾਂ ਮੰਤਰੀਆਂ ਨੂੰ ਇਹ ਦੱਸ ਰਹੇ ਸਨ ਕਿ ਆਖਿਰ ਉਨ੍ਹਾਂ ਦੀਆਂ ਵੋਟਾਂ ਜ਼ਰੀਏ ਹੀ ਕਈ ਲੋਕਾਂ ਨੂੰ ਸੱਤਾ 'ਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਹੈ। ਅਜਿਹੇ 'ਚ ਉਨ੍ਹਾਂ ਦੀ ਮਦਦ ਕੀਤੀ ਜਾਣੀ ਚਾਹੀਦੀ ਹੈ ਪਰ ਡੇਰਾ ਮੁਖੀ ਨੂੰ ਸ਼ਾਇਦ ਇਹ ਪਤਾ ਨਹੀਂ ਸੀ ਕਿ ਸਿਆਸਤ ਤਾਂ ਸਿਆਸਤ ਹੈ। ਡੇਰਾ ਮੁਖੀ ਆਪਣੇ ਭਗਤਾਂ ਦੀ ਗਿਣਤੀ ਜ਼ਰੀਏ ਹੀ ਸਰਕਾਰਾਂ ਤੇ ਪ੍ਰਸ਼ਾਸਨ 'ਤੇ ਹੁਕਮ ਚਲਾਉਂਦਾ ਸੀ। ਸਾਰੀਆਂ ਚੋਣਾਂ 'ਚ ਆਗੂਆਂ ਦੇ ਡੇਰੇ 'ਚ ਨਤਮਸਤਕ ਹੋਣ ਨਾਲ ਡੇਰਾ ਮੁਖੀ ਨੂੰ ਇਹ ਲੱਗਦਾ ਸੀ ਕਿ ਕੋਈ ਵੀ ਉਨ੍ਹਾਂ ਦਾ ਕੁਝ ਵਿਗਾੜ ਨਹੀਂ ਸਕਦਾ। ਹਾਲਾਂਕਿ ਅਦਾਲਤੀ ਪ੍ਰਕਿਰਿਆ ਡੇਰਾ ਮੁਖੀ ਲਈ ਲੰਬੇ ਸਮੇਂ ਤੋਂ ਪ੍ਰੇਸ਼ਾਨੀ ਬਣੀ ਹੋਈ ਸੀ ਪਰ ਉਨ੍ਹਾਂ ਨੂੰ ਸਰਕਾਰਾਂ ਦੀ ਨੇੜਤਾ ਨਾਲ ਸਭ ਕੁਝ ਠੀਕ ਹੋਣ ਦੀ ਆਸ ਨਜ਼ਰ ਆ ਰਹੀ ਸੀ। ਖੈਰ, ਸਮੇਂ ਦੀ ਗੱਲ ਹੈ, ਜਦੋਂ ਸਮਾਂ ਖਰਾਬ ਹੋਵੇ ਤਾਂ ਹਰ ਸਿਸਟਮ ਫੇਲ ਹੋ ਜਾਂਦਾ ਹੈ। ਕੁਝ ਅਜਿਹਾ ਹੀ ਡੇਰਾ ਮੁਖੀ ਨਾਲ ਹੋਇਆ, ਜਿਸ ਨੂੰ ਹੁਣ ਆਪਣੇ ਕਰਮਾਂ ਦੀ ਬਦੌਲਤ 20 ਸਾਲ ਦੀ ਸਜ਼ਾ ਮਿਲੀ ਹੈ।
ਡੇਰਾ ਸਮਰਥਕਾਂ ਦੀ ਗੁੰਡਾਗਰਦੀ ਤੋਂ ਬਚਦੇ ਰਹੇ ਸਿਆਸੀ ਦਲ
ਹਰਿਆਣਾ ਦੀਆਂ ਸਿਆਸੀ ਪਾਰਟੀਆਂ ਦੀ ਤਾਜ਼ਾ ਉਦਾਹਰਣ ਦੇਖੀਏ ਤਾਂ 25 ਅਗਸਤ ਨੂੰ ਪੰਚਕੂਲਾ 'ਚ ਡੇਰਾ ਸਮਰਥਕਾਂ ਦੇ ਤਾਂਡਵ ਤੇ ਸਾੜ-ਫੂਕ ਦੀ ਘਟਨਾ 'ਤੇ ਕਿਸੇ ਵੀ ਪਾਰਟੀ ਨੇ ਨਿੰਦਾ ਨਹੀਂ ਕੀਤੀ। ਹਾਂ, ਸਰਕਾਰ 'ਤੇ ਫੇਲ ਹੋਣ ਦਾ ਦੋਸ਼ ਲਾ ਕੇ ਉਸ 'ਤੇ ਨਿਸ਼ਾਨਾ ਜ਼ਰੂਰ ਸਾਧਿਆ ਗਿਆ ਪਰ ਕਿਸੇ ਵੀ ਪਾਰਟੀ ਨੇ ਸਿੱਧੇ ਤੌਰ 'ਤੇ ਡੇਰੇ 'ਤੇ ਕਿਸੇ ਤਰ੍ਹਾਂ ਦਾ ਕੋਈ ਦੋਸ਼ ਨਹੀਂ ਲਾਇਆ। ਕਾਰਨ ਸਾਫ ਹੈ ਕਿ ਹਰ ਪਾਰਟੀ ਡੇਰੇ ਦੀਆਂ ਵੋਟਾਂ ਲੈਣ ਦੀ ਤਾਕ 'ਚ ਲੱਗੀ ਰਹਿੰਦੀ ਹੈ। ਸਾਰੀਆਂ ਸਿਆਸੀ ਪਾਰਟੀਆਂ ਨੂੰ ਇਹ ਆਸ ਰਹਿੰਦੀ ਹੈ ਕਿ ਚੋਣਾਂ 'ਚ ਡੇਰਾ ਸਮਰਥਕਾਂ ਦੀਆਂ ਵੋਟਾਂ ਉਨ੍ਹਾਂ ਨੂੰ ਮਿਲ ਜਾਣਗੀਆਂ।
ਰਾਮ ਰਹੀਮ ਮਾਮਲਾ : 7 ਜੱਜਾਂ ਨੇ ਕੀਤੀ ਸੁਣਵਾਈ, ਰੋਲ ਮਾਡਲ ਬਣੇ ਜਗਦੀਪ
NEXT STORY