ਜੈਤੋ, (ਜਿੰਦਲ)- ਅੱਜ ਬਲਾਕ ਜੈਤੋ ਦੇ ਵੱਖ-ਵੱਖ ਪਿੰਡਾਂ 'ਚ ਕੰਮ ਕਰ ਰਹੇ ਮਨਰੇਗਾ ਰੋਜ਼ਗਾਰ ਪ੍ਰਾਪਤ ਮਜ਼ਦੂਰਾਂ ਨੇ ਪ੍ਰਧਾਨ ਬਲਵੀਰ ਸਿੰਘ ਔਲਖ ਅਤੇ ਜ਼ਿਲਾ ਸਕੱਤਰ ਗੋਰਾ ਸਿੰਘ ਪਿਪਲੀ ਦੀ ਅਗਵਾਈ ਹੇਠ ਸਬੰਧਤ ਦਫ਼ਤਰ ਅੱਗੇ ਧਰਨਾ ਦਿੱਤਾ। ਇਸ ਸਮੇਂ ਆਗੂਆਂ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ 'ਚ ਕਾਂਗਰਸ ਦੀ ਸਰਕਾਰ ਬਣਨ 'ਤੇ ਰਾਜਨੀਤਕ ਦਖਲ-ਅੰਦਾਜ਼ੀ ਇਸ ਕਦਰ ਵੱਧ ਚੁੱਕੀ ਹੈ ਕਿ ਹੁਣ ਉਨ੍ਹਾਂ ਦੀ ਮਨਮਰਜ਼ੀ ਅਨੁਸਾਰ ਕੰਮ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਨ੍ਹਾਂ ਪਿੰਡਾਂ ਵਿਚ ਇਨ੍ਹਾਂ ਦੀ ਸੁਣਵਾਈ ਨਹੀਂ ਹੋਈ, ਉੱਥੇ ਮਜ਼ਦੂਰਾਂ ਨੂੰ ਕੰਮ ਨਹੀਂ ਦਿੱਤਾ ਜਾਂਦਾ ਅਤੇ ਅਦਾਇਗੀ 'ਚ ਵੀ ਗੜਬੜੀ ਕੀਤੀ ਜਾ ਰਹੀ ਹੈ। ਅਨੇਕਾਂ ਵਾਰ ਬੀ. ਡੀ. ਪੀ. ਓ. ਨੂੰ ਮਿਲਣ ਦੇ ਬਾਵਜੂਦ ਉਨ੍ਹਾਂ ਨੂੰ ਕੰਮ ਤੋਂ ਜਵਾਬ ਦਿੱਤਾ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਯੂਨੀਅਨ ਇਹ ਸਭ ਕੁਝ ਬਰਦਾਸ਼ਤ ਨਹੀਂ ਕਰੇਗੀ। ਪਿੰਡਾਂ 'ਚ ਕੁਝ ਕੁ ਮਜ਼ਦੂਰਾਂ ਨੂੰ ਕੰਮ ਦੇ ਕੇ ਬਾਕੀ ਮਜ਼ਦੂਰਾਂ ਨੂੰ ਖਾਲੀ ਹੱਥ ਘਰ ਭੇਜ ਦਿੱਤਾ ਜਾਂਦਾ ਹੈ। ਪਿੰਡ ਮੱਲਾ ਵਿਚ ਛੱਪੜ ਦੀ ਪੁਟਾਈ ਕਰਵਾ ਕੇ ਪੈਸੇ ਦੇਣ ਤੋਂ ਇਨਕਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਯੂਨੀਅਨ ਵੱਲੋਂ ਸੰਘਰਸ਼ ਹੋਰ ਤੇਜ਼ ਕਰ ਦਿੱਤਾ ਜਾਵੇਗਾ ਅਤੇ ਭੁੱਖ ਹੜਤਾਲ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਵੇਗਾ।
ਇਸ ਦੌਰਾਨ ਬਲਾਕ ਪ੍ਰਧਾਨ ਗੁਰਚਰਨ ਸਿੰਘ, ਰਾਜਿੰਦਰ ਸਿੰਘ, ਰਾਮ ਸਿੰਘ ਚੈਨਾ, ਰਾਣੀ ਕੌਰ ਮੱਲਾ, ਇਕਬਾਲ ਸਿੰਘ, ਗੁਰਮੀਤ ਕੌਰ ਚੰਦਭਾਨ ਆਦਿ ਹਾਜ਼ਰ ਸਨ।
ਕੰਪਿਊਟਰ ਅਧਿਆਪਕਾਂ ਦੀ ਤਨਖਾਹ 'ਚ ਕਟੌਤੀ ਦੇ ਫੈਸਲੇ ਦਾ ਵਿਰੋਧ
NEXT STORY