ਬੁਢਲਾਡਾ (ਰਾਮ ਰਤਨ ਬਾਂਸਲ) : ਦਿਨੋ-ਦਿਨ ਵੱਧ ਰਹੇ ਨਸ਼ਿਆਂ ਅਤੇ ਸਟਰੀਟ ਕ੍ਰਾਈਮ ਨੂੰ ਨੱਥ ਪਾਉਣ ਲਈ ਪੁਲਸ ਨੇ ਕਮਰ ਕੱਸ ਲਈ ਹੈ। ਇਸ ਸੰਬੰਧੀ ਡੀ.ਆਈ.ਜੀ. ਬਠਿੰਡਾ ਰੇਜ ਹਰਚਰਨ ਸਿੰਘ ਭੁੱਲਰ ਨੇ ਜਗਬਾਣੀ ਨਾਲ ਇਕ ਵਿਸ਼ੇਸ਼ ਇੰਟਰਵਿਊ ਰਾਹੀਂ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬੀ ਕਦੇ ਹਾਰ ਨਹੀਂ ਮੰਨਦੇ, ਪਹਿਲਾਂ ਅੱਤਵਾਦ ਖ਼ਤਮ ਕੀਤਾ ਸੀ ਹੁਣ ਨਸ਼ਿਆਂ 'ਤੇ ਸ਼ਿਕੰਜਾ ਕਸਦਿਆਂ ਸਟਰੀਟ ਕ੍ਰਾਈਮ ਨੂੰ ਖ਼ਤਮ ਕਰਾਂਗੇ। ਇਹ ਆਮ ਜਨਤਾ ਦਾ ਸਹਿਯੋਗ ਨਾਲ ਹੀ ਸੰਭਵ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਪੁਲਸ ਦੁਨੀਆਂ ਭਰ ਦੀ ਸਭ ਤੋਂ ਬਹਾਦਰ ਫੋਰਸ ਹੈ ਜੋ ਹਰ ਕੰਮ ਵਿਚ ਤਤਪਰ ਰਹਿੰਦੀ ਹੈ।
ਸੇਫ ਪੰਜਾਬ ਐਂਟੀ ਡਰੱਗ ਹੈਲਪਾਲਾਇਨ ਕੀ ਹੈ ?
ਭੁੱਲਰ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਡੀ.ਜੀ.ਪੀ. ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੇਫ ਪੰਜਾਬ ਦੇ ਬੈਨਰ ਹੇਠ ਐਂਟੀ ਡਰੱਗ ਹੈਲਪਲਾਈਨ ਨਸ਼ਿਆਂ ਖ਼ਿਲਾਫ ਸ਼ੁਰੂ ਕਰਦਿਆਂ ਤੁਹਾਡੇ ਸਾਥ ਲਈ ਇਕ ਨੰਬਰ 9779100200 ਜਾਰੀ ਕੀਤਾ ਗਿਆ ਹੈ। ਜਿਸ 'ਤੇ ਤੁਸੀਂ ਨਸ਼ਾ ਖ੍ਰੀਦਣ ਜਾਂ ਵੇਚਣ ਵਾਲੇ ਖ਼ਿਲਾਫ ਫੋਨ ਕਰਕੇ ਜਾਂ ਵਟਸਅਐਪ ਕਰਕੇ ਜਾਣਕਾਰੀ ਦੇ ਸਕਦੇ ਹੋ। ਕਾਲ ਕਰਨ ਵਾਲੇ ਸੰਬੰਧੀ ਜਾਣਕਾਰੀ ਨੂੰ ਗੁਪਤ ਰੱਖਿਆ ਜਾਵੇਗਾ। ਇਹ ਹੈਲਪਲਾਈਨ ਕਾਫੀ ਲਾਹੇਬੰਦ ਸਾਬਿਤ ਹੋ ਰਹੀ ਹੈ।
ਸਟਰੀਟ ਕ੍ਰਾਈਮ ਕੀ ਹੈ ?
ਭੁੱਲਰ ਨੇ ਦੱਸਿਆ ਕਿ ਸ਼ਹਿਰਾਂ ਕਸਬਿਆਂ ਦੀਆਂ ਗਲੀਆਂ ਮੁਹੱਲਿਆਂ ਵਿਚ ਹੋਣ ਵਾਲੇ ਸਟਰੀਟ ਕ੍ਰਾਈਮ ਵਹੀਕਲ ਚੋਰੀ, ਲੁੱਟ ਖੋਹ, ਸਨੈਚਿੰਗ ਵਰਗੀਆਂ ਵਾਰਦਾਤਾਂ ਨੂੰ ਠੱਲ ਪਾਉਣ ਲਈ ਸਟਰੀਟ ਕ੍ਰਾਈਮ ਨੂੰ ਖ਼ਤਮ ਕਰਨ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਹ ਲੋਕਾਂ ਦੇ ਸਹਿਯੋਗ ਸਦਕਾ ਹੀ ਸੰਭਵ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਤੁਸੀਂ ਆਪਣੇ ਆਲੇ ਦੁਆਲੇ ਨੂੰ ਸੁਰੱਖਿਅਤ ਬਣਾਉਂਦਿਆਂ ਸੀ. ਸੀ. ਟੀ. ਵੀ. ਕੈਮਰੇ ਲਗਾਉਣ 'ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਦੱਸਿਆ ਕਿ ਲੋਕਾਂ ਦੇ ਸਹਿਯੋਗ ਨਾਲ ਸ਼ਹਿਰ ਦੇ ਮੁੱਖ ਬਾਜ਼ਾਰਾਂ ਨੂੰ ਸੀ.ਸੀ.ਟੀ.ਵੀ. ਕੈਮਰੇ ਲਗਾਏ ਜਾਣਗੇ ਤਾਂ ਜੋ ਸਟਰੀਟ ਕ੍ਰਾਈਮ ਨੂੰ ਖ਼ਤਮ ਕੀਤਾ ਜਾ ਸਕੇ।
ਲੋਕ ਅਧਿਕਾਰਾਂ ਬਾਰੇ ਤਾਂ ਜਾਣੂ ਹਨ ਪ੍ਰੰਤੂ ਆਪਣੇ ਕਰਤੱਵਾਂ ਨੂੰ ਨਹੀਂ ਨਿਭਾਉਂਦੇ
ਉਨ੍ਹਾਂ ਕਿਹਾ ਕਿ ਆਮ ਜਨਤਾ ਆਪਣੇ ਕਰਤੱਵਾਂ ਨੂੰ ਅਣਦੇਖਿਆ ਕਰਦਿਆਂ ਆਪਣੇ ਅਧਿਕਾਰ ਦੀ ਵਰਤੋਂ ਨਹੀਂ ਕਰਦੇ ਅਤੇ ਦੂਸਰੇ 'ਤੇ ਨਿਰਭਰ ਹੋ ਚੁੱਕੀ ਹੈ। ਪਬਲਿਕ ਲਈ ਸੜਕਾਂ ਆਦਿ ਬਣੇ ਹੋਏ ਹਨ ਪ੍ਰੰਤੂ ਉਨ੍ਹਾਂ ਨੂੰ ਸੁਰੱਖਿਅਤ ਕਰਨ ਵਿਚ ਅਸੀਂ ਅਕਸਰ ਅਣਦੇਖੀ ਕਰਦੇ ਹਾਂ। ਲੋੜ ਹੈ ਕਿ ਸੜਕਾਂ ਬਾਜ਼ਾਰਾਂ 'ਚ ਟ੍ਰੈਫਿਕ ਦੀ ਉਲੰਘਣਾ ਨਾ ਕੀਤੀ ਜਾਵੇ ਅਤੇ ਆਪਣੇ ਵਹੀਕਲਾਂ ਨੂੰ ਸੁਰੱਖਿਅਤ ਅਤੇ ਸੁਚਾਰੂ ਢੰਗ ਨਾਲ ਪਾਰਕ ਕੀਤਾ ਜਾਵੇ। ਕ੍ਰਾਈਮ ਨੂੰ ਰੋਕਣ ਲਈ ਟ੍ਰੈਫਿਕ ਨਿਯਮਾਂ ਦੀ ਪਾਲਣਾ ਸਮੇਂ ਦੀ ਮੁੱਖ ਲੋੜ ਹੈ। ਆਮ ਜਨਤਾ ਨੂੰ ਆਪਣੇ ਅਧਿਕਾਰਾਂ ਦੀ ਵਰਤੋਂ ਕਰਨੀ ਚਾਹੀਦੀ ਹੈ।
ਨਸ਼ਿਆਂ ਲਈ ਮਾਪੇ ਅਤੇ ਰਿਸ਼ਤੇਦਾਰ ਖੁਦ ਜ਼ਿੰਮੇਵਾਰ
ਪੰਜਾਬ ਅੰਦਰ ਨਸ਼ਿਆਂ ਦੇ ਵਗ ਰਹੇ 6ਵੇਂ ਦਰਿਆ 'ਤੇ ਹੁਣ ਪਰਿਵਾਰਿਕ ਮੈਂਬਰਾਂ ਨੂੰ ਵੀ ਆਪਣੀ ਨੈਤਿਕ ਜ਼ਿੰਮੇਵਾਰੀ ਨੂੰ ਸਮਝਣ ਦੀ ਲੋੜ ਹੈ। ਭੁੱਲਰ ਨੇ ਕਿਹਾ ਕਿ ਸਾਡੇ ਘਰ ਵਿਚ ਜਦੋਂ ਕੋਈ ਬੱਚਾ ਨਸ਼ਾ ਕਰਨ ਲੱਗਦਾ ਹੈ ਤਾਂ ਉਸ ਬਾਰੇ ਸਾਰਾ ਪਰਿਵਾਰ ਜਾਣਦੇ ਹੋਏ ਵੀ ਉਸ ਵੱਲੋਂ ਲਿਆਂਦੇ ਜਾ ਰਹੇ ਨਸ਼ੇ ਸੰਬੰਧੀ ਜਾਣਕਾਰੀ ਇਕੱਠੀ ਕਰਨ ਦੀ ਬਜਾਏ ਉਨ੍ਹਾਂ ਦੀਆਂ ਕਮੀਆਂ ਨੂੰ ਛੁਪਾਉਣ ਵਿਚ ਜੁਟ ਜਾਂਦਾ ਹੈ। ਮਾਂ ਆਪਣੇ ਬੱਚੇ ਦੇ ਮੋਹ ਵਿਚ ਪਿਓ ਤੋਂ ਚੋਰੀ ਆਪਣੇ ਬੱਚੇ ਨੂੰ ਪੈਸੇ ਦਿੰਦੀ ਹੈ। ਪੈਸੇ ਨਾ ਮਿਲਣ 'ਤੇ ਬੱਚਾ ਕ੍ਰਾਈਮ ਦੇ ਰਾਹ 'ਤੇ ਤੁਰ ਪੈਂਦਾ ਹੈ। ਜੇ ਪਰਿਵਾਰ ਪਹਿਲਾ ਹੀ ਉਸਦੀਆਂ ਗਤੀਵਿਧੀਆਂ ਤੇ ਕਾਬੂ ਕਰ ਲਵੇ ਤਾਂ ਬੱਚਾ ਨਸ਼ੇ ਤੋਂ ਦੂਰ ਰੱਖਿਆ ਜਾ ਸਕਦਾ ਸੀ।
ਨਸ਼ੇ ਕਾਰਨ ਪਵਿੱਤਰ ਰਿਸ਼ਤੇ ਖ਼ਤਮ
ਭੁੱਲਰ ਨੇ ਕਿਹਾ ਕਿ ਉਨ੍ਹਾਂ ਦਾ ਨੌਕਰੀ ਵਿਚ ਲੰਬਾ ਤਜ਼ਰਬਾ ਹੈ ਕਿ ਨਸ਼ੇ ਕਾਰਨ ਪਵਿੱਤਰ ਰਿਸ਼ਤੇ ਖ਼ਤਮ ਹੋ ਚੁੱਕੇ ਹਨ। ਅਜਿਹੇ ਮਾਮਲੇ ਸਾਡੇ ਧਿਆਨ ਵਿਚ ਨਿੱਤ ਆਏ ਹਨ ਕਿ ਨਸ਼ੇ ਕਾਰਨ ਆਪਣੇ ਸਕੇ ਸੰਬੰਧੀਆਂ ਦੇ ਕਤਲ ਤੱਕ ਵੀ ਕਰ ਦਿੰਦੇ ਹਨ। ਸਮਾਜਿਕ ਰਿਸ਼ਤੇ ਖ਼ਤਮ ਹੋ ਗਏ ਪ੍ਰੰਤੂ ਫਿਰ ਵੀ ਉਨ੍ਹਾਂ ਨੂੰ ਬਚਾਉਣ ਲਈ ਅਦਾਲਤਾਂ ਅੰਦਰ ਆਪਣੇ ਬੱਚਿਆਂ ਨੂੰ ਬਚਾਉਣ ਲਈ ਪਿੱਛੇ ਜਾਂਦੇ ਹਨ ਕਿ ਉਹ ਕਾਨੂੰਨੀ ਕਾਰਵਾਈ ਤੋਂ ਛੁਡਾਉਣ ਨਾਲ ਸੁਧਰ ਜਾਵੇਗਾ। ਇੱਥੇ ਹੀ ਬਸ ਨਹੀਂ ਅੱਜ ਨਸ਼ੇ ਦਾ ਆਦੀ ਨੌਜਵਾਨ ਦਾ ਵਿਆਹ ਤਾਂ ਕਰਵਾ ਦਿੰਦੇ ਹਨ ਪ੍ਰੰਤੂ 2 ਮਹੀਨਿਆਂ ਬਾਅਦ ਸੱਚਾਈ ਸਾਹਮਣੇ ਆਉਂਦੇ ਹੀ ਵਿਆਹ ਤਾਲਾਕ ਦੇ ਰੂਪ ਵਿਚ ਬਦਲ ਜਾਂਦਾ ਹੈ।
ਪੰਜਾਬ ਦਾ ਨੌਜਵਾਨ ਅੱਕਿਆ ਅਤੇ ਥੱਕਿਆ ਕਿਉਂ?
ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿਚ ਬਾਹਰਲੇ ਦੇਸ਼ਾਂ 'ਚ ਜਾਣ ਦੀ ਹੋੜ ਲੱਗੀ ਹੋਈ ਹੈ, ਨੌਕਰੀਆਂ ਦੀ ਭਾਲ ਕਾਰਨ ਨੌਜਵਾਨ ਅੱਕਿਆ ਥੱਕਿਆ ਨਜ਼ਰ ਆਉਂਦਾ ਹੈ। ਮਾਪੇ ਬੱਚਿਆ ਦੀ ਸਥਿਤੀ ਨੂੰ ਸਮਝਣ ਅਤੇ ਉਨ੍ਹਾਂ ਨੂੰ ਸਮੇਂ ਸਿਰ ਸੰਭਾਲਣ। ਪਹਿਲਾਂ ਸਮਾਂ ਸੀ ਜਦੋਂ ਘਰ ਦਾ ਨੌਜਵਾਨ ਕੋਈ ਗਲਤੀ ਕਰਦਾ ਸੀ ਤਾਂ ਲੋਕ ਉਸਦਾ ਉਲਾਂਭਾ ਲੈ ਕੇ ਪਰਿਵਾਰ ਕੋਲ ਪਹੁੰਚਦੇ ਸਨ। ਪ੍ਰੰਤੂ ਅੱਜ ਲੋਕ ਉਸਨੂੰ ਨਿੱਜੀ ਦਖਲ-ਅੰਦਾਜ਼ੀ ਸਮਝ ਕੇ ਦੱਸਣ ਵਾਲੇ ਖ਼ਿਲਾਫ ਆਪਣਾ ਮਤ ਬਣਾ ਲੈਂਦੇ ਹਨ।
ਨਸ਼ੇ ਕਰਨ ਵਾਲੇ ਨੌਜਵਾਨ ਨੂੰ ਮਾਨਸਿਕ ਤੌਰ 'ਤੇ ਮਜ਼ਬੂਤ ਕਰਨ ਦੀ ਲੋੜ
ਉਨ੍ਹਾਂ ਕਿਹਾ ਕਿ ਅੱਜ ਨੌਜਵਾਨਾਂ ਨੂੰ ਮਾਨਸਿਕ ਤੌਰ 'ਤੇ ਮਜ਼ਬੂਤ ਕਰਨ ਦੀ ਲੋੜ ਹੈ। ਇਸ ਲਈ ਸਰਕਾਰਾਂ ਵੱਲੋਂ ਖੇਡ ਗਰਾਊਂਡ ਬਣਾਏ ਗਏ, ਨਸ਼ਾ ਛਡਾਊ ਕੇਂਦਰ, ਰੁਜ਼ਗਾਰ ਲਈ ਭਰਤੀ ਦੇ ਸਾਧਨ ਪੈਦਾ ਕੀਤੇ ਗਏ ਹਨ। ਅੱਜ ਨਸ਼ੇ ਵਾਲੇ ਨੌਜਵਾਨ ਮਾਨਸਿਕ ਤੌਰ 'ਤੇ ਇੰਨੇ ਕਮਜ਼ੋਰ ਹੋ ਚੁੱਕੇ ਹਨ ਕਿ ਉਹ ਕਿਸੇ ਵੀ ਟੈਸਟ ਨੂੰ ਪਾਸ ਕਰਨ ਦੇ ਯੋਗ ਨਹੀਂ ਹਨ। ਪ੍ਰੰਤੂ ਹੁਣ ਸਾਨੂੰ ਇਕ ਮਤ ਹੋ ਕੇ ਇਸ ਨਸ਼ੇ ਦੇ ਕੋਹੜ ਨੂੰ ਖ਼ਤਮ ਕਰਨ ਲਈ ਨੌਜਵਾਨਾਂ ਨੂੰ ਮਾਨਸਿਕ ਤੌਰ 'ਤੇ ਮਜ਼ਬੂਤ ਕਰਨਾ ਪਵੇਗਾ।
ਬਦਲਣੀ ਹੋਵੇਗੀ ਸੋਚ
ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਸੋਚ ਬਦਲਣੀ ਪਵੇਗੀ। ਪੰਜਾਬ ਜਦੋਂ ਅੱਤਵਾਦ ਦੇ ਦੌਰ 'ਚ ਸੀ ਉਸ ਸਮੇਂ ਲੋਕਾਂ ਦੇ ਸਹਿਯੋਗ ਨਾਲ ਪੁਲਸ ਨੇ ਅੱਤਵਾਦ ਨੂੰ ਖ਼ਤਮ ਕੀਤਾ। ਇਸੇ ਤਰ੍ਹਾਂ ਜਦੋਂ ਤੱਕ ਸਮਾਜ ਖੁਦ ਉਠ ਕੇ ਅੱਗੇ ਨਹੀਂ ਆਵੇਗਾ ਅਤੇ ਆਪਣੀ ਸੋਚ ਨਹੀਂ ਬਦਲੇਗਾ, ਉਦੋਂ ਤਕ ਨਸ਼ੇ 'ਤੇ ਕਾਬੂ ਪਾਉਣਾ ਸੰਭਵ ਨਹੀਂ ਹੈ। ਪ੍ਰੰਤੂ ਹੁਣ ਮੁੱਖ ਮੰਤਰੀ ਪੰਜਾਬ, ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਲਈ ਗੰਭੀਰ ਹੁੰਦਿਆਂ ਹਰ ਪਹਿਲੂ 'ਤੇ ਲੋਕਾਂ ਦੇ ਸਹਿਯੋਗ ਨਾਲ ਇਕ ਚੰਗੇ ਸਮਾਜ ਦੀ ਸਿਰਜਨਾ ਲਈ ਕੰਮ ਕਰ ਰਹੇ ਹਨ। ਜਿਸ ਦੇ ਨਤੀਜੇ ਚੰਗੇ ਨਿਕਲ ਰਹੇ ਹਨ।
ਡੇਰਾਬੱਸੀ ਪੁਲਸ ਨੇ ਅਫ਼ੀਮ ਸਮੇਤ 2 ਨਸ਼ਾ ਤਸਕਰਾਂ ਨੂੰ ਕੀਤਾ ਕਾਬੂ
NEXT STORY