ਹੁਸ਼ਿਆਰਪੁਰ, (ਘੁੰਮਣ)- ਮੰਡੀਆਂ ਵਿਚ ਕਣਕ ਦੀ ਨਿਰਵਿਘਨ ਖਰੀਦ ਪ੍ਰਤੀ ਪੰਜਾਬ ਸਰਕਾਰ ਦੀ ਵਚਨਬੱਧਤਾ ਦੁਹਰਾਉਂਦਿਆਂ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸ਼੍ਰੀ ਵਿਪੁਲ ਉੱਜਵਲ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੰਡੀਆਂ ਵਿਚ ਕਿਸਾਨਾਂ ਦੀ ਖੱਜਲ-ਖੁਆਰੀ ਕਿਸੇ ਵੀ ਕੀਮਤ 'ਤੇ ਸਹਿਣ ਨਹੀਂ ਕੀਤੀ ਜਾਵੇਗੀ। ਉਹ ਅੱਜ ਜ਼ਿਲੇ ਦੀਆਂ ਮੰਡੀਆਂ ਵਿਚ ਕਣਕ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈ ਰਹੇ ਸਨ।
ਸ਼੍ਰੀ ਵਿਪੁਲ ਨੇ ਦੱਸਿਆ ਕਿ ਪੰਜਾਬ ਸਰਕਾਰ ਕਣਕ ਦੇ ਸੀਜ਼ਨ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਵਚਨਬੱਧ ਹੈ ਅਤੇ ਖਰੀਦ ਦੌਰਾਨ ਕਿਸਾਨਾਂ ਨੂੰ ਅਦਾਇਗੀ, ਲਿਫਟਿੰਗ ਅਤੇ ਬਾਰਦਾਨੇ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਾਲ ਜੂਝਣ ਨਹੀਂ ਦਿੱਤਾ ਜਾਵੇਗਾ। ਸੂਬਾ ਸਰਕਾਰ ਵੱਲੋਂ ਇਸ ਵਾਰ ਟਰਾਂਸਪੋਰਟੇਸ਼ਨ ਟੈਂਡਰ ਪ੍ਰਕਿਰਿਆ ਵਿਚ ਪੂਰੀ ਤਰ੍ਹਾਂ ਪਾਰਦਰਸ਼ਿਤਾ ਲਿਆ ਕੇ ਸਰਕਾਰ ਨੂੰ ਢੋਆ-ਢੁਆਈ ਵਿਚ ਪੈਂਦੇ ਘਾਟੇ ਨੂੰ ਪੂਰਾ ਕਰਨ ਦਾ ਯਤਨ ਵੀ ਕੀਤਾ ਗਿਆ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕਣਕ ਦੇ ਨਾੜ ਨੂੰ ਅੱਗ ਨਾ ਲਾਉਣ, ਸਗੋਂ ਖੇਤਾਂ ਵਿਚ ਹੀ ਦਬਾਉਣ ਨੂੰ ਤਰਜੀਹ ਦੇਣ। ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਨਾਲ ਜਿੱਥੇ ਵਾਤਾਵਰਣ ਦੂਸ਼ਿਤ ਹੁੰਦਾ ਹੈ, ਉਥੇ ਹੀ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘਟਦੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਸ਼ਿਆਰਪੁਰ ਜ਼ਿਲੇ ਦੀਆਂ 62 ਮੰਡੀਆਂ ਵਿਚ ਹੁਣ ਤੱਕ 1 ਲੱਖ 72 ਹਜ਼ਾਰ 210 ਮੀਟਰਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ ਅਤੇ ਬੀਤੀ ਸ਼ਾਮ ਤੱਕ 1 ਲੱਖ 70 ਹਜ਼ਾਰ 979 ਮੀਟਰਕ ਟਨ ਕਣਕ ਦੀ ਖਰੀਦ ਵੱਖ-ਵੱਖ ਏਜੰਸੀਆਂ ਵੱਲੋਂ ਕਰ ਲਈ ਗਈ ਹੈ। ਪਨਗਰੇਨ ਵੱਲੋਂ 36063, ਮਾਰਕਫੈੱਡ ਵੱਲੋਂ 32917, ਪਨਸਪ ਵੱਲੋਂ 28404, ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਵੱਲੋਂ 21768, ਪੰਜਾਬ ਐਗਰੋ ਵੱਲੋਂ 14185, ਐੱਫ. ਸੀ. ਆਈ. ਵੱਲੋਂ 36855, ਜਦਕਿ ਵਪਾਰੀਆਂ ਵੱਲੋਂ ਪ੍ਰਾਈਵੇਟ ਤੌਰ 'ਤੇ 787 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ।
ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਕਣਕ ਦੀ ਲਿਫਟਿੰਗ ਵਿਚ ਹੋਰ ਤੇਜ਼ੀ ਲਿਆਉਣ ਦੀ ਹਦਾਇਤ ਕਰਦਿਆਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਐੱਸ. ਡੀ.ਐੱਮਜ਼ ਨੂੰ ਆਪੋ-ਆਪਣੇ ਅਧਿਕਾਰਤ ਖੇਤਰਾਂ ਵਿਚ ਆਉਂਦੀਆਂ ਮੰਡੀਆਂ ਦੀ ਲਗਾਤਾਰ ਨਿਗਰਾਨੀ ਰੱਖਣ ਲਈ ਆਖਿਆ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕਮੀ-ਪੇਸ਼ੀ ਨਾ ਰਹੇ। ਉਨ੍ਹਾਂ ਦੱਸਿਆ ਕਿ ਜ਼ਿਲੇ ਵਿਚ 203.27 ਕਰੋੜ ਰੁਪਏ (100 ਫੀਸਦੀ) ਕਣਕ ਦੀ ਅਦਾਇਗੀ ਵੀ ਆੜ੍ਹਤੀਆਂ ਨੂੰ ਕਰ ਦਿੱਤੀ ਗਈ ਹੈ, ਜਦਕਿ ਕਰੀਬ 70 ਫੀਸਦੀ ਲਿਫਟਿੰਗ ਵੀ ਯਕੀਨੀ ਬਣਾ ਲਈ ਗਈ ਹੈ। ਜ਼ਿਲੇ ਵਿਚ ਇਸ ਸਾਲ 3,28,554 ਲੱਖ ਮੀਟਰਕ ਟਨ ਦੇ ਕਰੀਬ ਕਣਕ ਦੀ ਆਮਦ ਦੀ ਆਸ ਹੈ। ਪਿਛਲੇ ਸਾਲ ਕੁੱਲ 2,98,696 ਮੀਟਰਕ ਟਨ ਕਣਕ ਦੀ ਖਰੀਦ ਹੋਈ ਸੀ, ਜਿਸ ਵਿਚੋਂ ਖਰੀਦ ਏਜੰਸੀਆਂ ਵੱਲੋਂ 2,85,727 ਮੀਟਰਕ ਟਨ, ਜਦਕਿ ਵਪਾਰੀਆਂ ਵੱਲੋਂ 12,969 ਮੀਟਰਕ ਟਨ ਕਣਕ ਖਰੀਦੀ ਗਈ ਸੀ।
ਕਾਲਜ ਅਧਿਆਪਕਾਂ ਕੀਤੀ ਰੈਲੀ
NEXT STORY