ਮਾਲੇਰਕੋਟਲਾ (ਮਹਿਬੂਬ, ਯਾਸੀਨ, ਜ਼ਹੂਰ, ਸ਼ਹਾਬੂਦੀਨ) - ਪਵਿੱਤਰ ਕੁਰਾਨ ਸ਼ਰੀਫ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਸਥਾਨਕ ਵਿਧਾਇਕਾ ਤੇ ਪੰਜਾਬ ਦੀ ਲੋਕ ਨਿਰਮਾਣ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਨੇ ਰੈਸਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਵਿੱਤਰ ਕੁਰਾਨ ਦੀ ਹੋਈ ਬੇਅਦਬੀ 'ਤੇ ਗਹਿਰੇ ਦੁੱਖ ਅਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਸ਼ਰਾਰਤੀ ਅਨਸਰਾਂ ਵੱਲੋਂ ਅਮਨ-ਸ਼ਾਂਤੀ ਤੇ ਆਪਸੀ ਭਾਈਚਾਰਕ ਸਾਂਝ ਨੂੰ ਤੋੜਨ ਦੀ ਨਾਪਾਕ ਸਾਜ਼ਿਸ਼ ਕਰਾਰ ਦਿੱਤਾ।
ਉਨ੍ਹਾਂ ਕਿਹਾ ਕਿ ਇਹ ਘਟਨਾ ਬਹੁਤ ਹੀ ਨਿੰਦਣਯੋਗ ਅਤੇ ਨਾ ਕਾਬਿਲੇ ਬਰਦਾਸ਼ਤ ਹੈ । ਪੰਜਾਬ ਸਰਕਾਰ ਪਹਿਲਾਂ ਹੀ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਬਹੁਤ ਹੀ ਸੰਜੀਦਾ ਅਤੇ ਸਖਤ ਹੈ । ਅਜਿਹੀਆਂ ਘਟਨਾਵਾਂ ਸਿਰਫ ਅਤੇ ਸਿਰਫ ਪੰਜਾਬ ਦੇ ਅਮਨ ਨੂੰ ਲਾਂਬੂ ਲਾਉਣ ਦੀਆਂ ਕੋਝੀਆਂ ਸਾਜ਼ਿਸ਼ਾਂ ਦਾ ਨਤੀਜਾ ਹਨ, ਜਿਨ੍ਹਾਂ ਨੂੰ ਕਿਸੇ ਕੀਮਤ 'ਤੇ ਵੀ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ ।
ਉਨ੍ਹਾਂ ਕਿਹਾ ਕਿ ਇਸ ਮੰਦਭਾਗੀ ਘਟਨਾ ਦਾ ਦੋਸ਼ੀ ਕੋਈ ਵੀ ਹੋਵੇ, ਉਸ ਨੂੰ ਛੇਤੀ ਤੋਂ ਛੇਤੀ ਤਲਾਸ਼ ਕਰ ਕੇ ਸਖਤ ਤੋਂ ਸਖਤ ਕਾਨੂੰਨੀ ਸਜ਼ਾ ਦਿੱਤੀ ਜਾਵੇਗੀ । ਇਸ ਨਾਜ਼ੁਕ ਮਾਹੌਲ 'ਚ ਕਿਸੇ ਨੂੰ ਵੀ ਆਪਣੇ ਨਿੱਜੀ ਸਵਾਰਥਾਂ ਲਈ ਸਿਆਸੀ ਰੋਟੀਆਂ ਸੇਕਣ ਦਾ ਮੌਕਾ ਨਹੀਂ ਦਿੱਤਾ ਜਾਵੇਗਾ । ਉਨ੍ਹਾਂ ਦੱਸਿਆ ਕਿ ਅਜਿਹੀਆਂ ਮੰਦਭਾਗੀਆਂ ਘਟਨਾਵਾਂ 'ਤੇ ਨਜ਼ਰ ਰੱਖਣ ਲਈ ਜਲਦ ਸ਼ਹਿਰ 'ਚ ਸੀ. ਸੀ. ਟੀ. ਵੀ. ਕੈਮਰੇ ਲਾਏ ਜਾ ਰਹੇ ਹਨ, ਜਿਸ ਲਈ 50 ਲੱਖ ਰੁਪਏ ਮਨਜ਼ੂਰ ਹੋ ਚੁਕੇ ਹਨ।
ਇਸ ਮੌਕੇ ਐੈੱਸ. ਪੀ. ਰਾਜਕੁਮਾਰ ਨੇ ਦੱਸਿਆ ਕਿ ਪੁਲਸ ਪ੍ਰਸ਼ਾਸਨ ਨੇ ਦੋਸ਼ੀਆਂ ਨੂੰ ਫੜਨ ਲਈ 15 ਟੀਮਾਂ ਦਾ ਗਠਨ ਕੀਤਾ ਹੈ, ਜਿਨ੍ਹਾਂ ਦੀ ਅਗਵਾਈ ਉਹ ਖੁਦ, ਡੀ. ਐੱਸ. ਪੀ. ਯੋਗੀ ਰਾਜ, ਡੀ. ਐੈੱਸ. ਪੀ. ਅਮਰਗੜ੍ਹ ਪਲਵਿੰਦਰ ਚੀਮਾ, ਸੀ. ਆਈ. ਏ. ਇੰਚਾਰਜ ਇੰਸਪੈਕਟਰ ਹਰਵਿੰਦਰ ਖਹਿਰਾ ਕਰ ਰਹੇ ਹਨ ।
ਇਸ ਦੌਰਾਨ ਐੱਸ. ਡੀ. ਐੱਮ. ਡਾ. ਪ੍ਰੀਤੀ ਯਾਦਵ ਤੋਂ ਇਲਾਵਾ ਨਿਸ਼ਾਂਤ ਅਖਤਰ, ਅਕੀਲ ਅਖਤਰ, ਨਗਰ ਕੌਂਸਲ ਦੇ ਪ੍ਰਧਾਨ ਮੁਹੰਮਦ ਇਕਬਾਲ ਫੌਜੀ, ਸਟੇਟ ਹੱਜ ਕਮੇਟੀ ਦੇ ਚੇਅਰਮੈਨ ਅਬਦੁਲ ਰਸ਼ੀਦ ਖਿਲਜੀ, ਪੰਜਾਬ ਵਕਫ ਬੋਰਡ ਦੇ ਮੈਂਬਰ ਸੱਜਾਦ ਹੁਸੈਨ, ਅਜ਼ਾਦਾਰ ਹੁਸੈਨ, ਬਾਰ ਐਸੋਸੀਏਸ਼ਨ ਦੇ ਸਕੱਤਰ ਐਡਵੋਕੇਟ ਮੁਹੰਮਦ ਅਯਾਜ਼, ਐਡਵੋਕੇਟ ਮੁਹੰਮਦ ਸਲੀਮ ਖਿਲਜੀ, ਮੁਹੰਮਦ ਤਾਰਿਕ ਪੀ. ਏ., ਫਾਰੂਕ ਅਨਸਾਰੀ, ਇਕਬਾਲ ਲਾਲਾ, ਮਹਿੰਦਰ ਸਿੰਘ ਪਰੂਥੀ, ਕਾਮਰੇਡ ਸੁਲੇਮਾਨ ਜੋਸ਼, ਚੌਧਰੀ ਮੁਹੰਮਦ ਬਸ਼ੀਰ, ਅਜੇ ਕੁਮਾਰ ਅੱਜੂ, ਗੁਲਾਮ ਹੁਸੈਨ, ਸਚਿਨ ਕੁਮਾਰ, ਪੱਪੂ ਕਲਿਆਣ ਆਦਿ ਮੌਜੂਦ ਸਨ ।
ਬਿਜਲੀ ਦੀ ਘਟੀਆ ਸਪਲਾਈ ਤੇ ਖਸਤਾਹਾਲ ਟ੍ਰਾਂਸਫਾਰਮਰ ਤੋਂ ਲੋਕ ਪ੍ਰੇਸ਼ਾਨ
NEXT STORY