ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਜ਼ਿਲਾ ਸਿਹਤ ਵਿਭਾਗ ਸ੍ਰੀ ਮੁਕਤਸਰ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝਬੇਲਵਾਲੀ ਵਿਖੇ ਨਸ਼ਾ ਮੁਕਤੀ ਸਬੰਧੀ ਸੈਮੀਨਰ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ 'ਚ ਡਾ. ਸੁਖਪਾਲ ਸਿੰਘ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਸਮੇਂ ਡਾ. ਸਤੀਸ਼ ਗੋਇਲ ਡਿਪਟੀ ਮੈਡੀਕਲ ਕਮਿਸ਼ਨਰ, ਡਾ. ਜਾਗ੍ਰਿਤੀ ਚੰਦਰ ਜ਼ਿਲਾ ਟੀਕਾਕਰਣ ਅਫ਼ਸਰ, ਪ੍ਰਿੰਸੀਪਲ ਸਰਬਜੀਤ ਕੌਰ ਹਾਜ਼ਰ ਸਨ। ਇਸ ਸਮੇਂ ਡਾ. ਸੁਖਪਾਲ ਸਿੰਘ ਨੇ ਦੱਸਿਆ ਕਿ ਕਿਸੇ ਵੀ ਦਵਾਈ ਨੂੰ ਜ਼ਰੂਰਤ ਤੋਂ ਜ਼ਿਆਦਾ ਅਤੇ ਡਾਕਟਰ ਦੀ ਸਲਾਹ ਤੋਂ ਬਗੈਰ ਲੈਣਾ ਨਸ਼ਾ ਕਹਾਉਂਦਾ ਹੈ। ਇਹ ਇਕ ਮਾਨਸਿਕ ਸਮੱਸਿਆ ਹੈ, ਜਿਸ ਨੂੰ ਨਸ਼ਾ ਕਰਨ ਵਾਲੇ ਲੋਕ ਸਰੀਰਕ ਸਮੱਸਿਆ ਨਾਲ ਜੋੜ ਕੇ ਵਾਰ-ਵਾਰ ਵਰਤੋਂ ਕਰਨ ਨਾਲ ਇਸ ਦੇ ਆਦੀ ਹੋ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਕਮਜ਼ੋਰ ਮਾਨਸਿਕਤਾ ਕਾਰਨ ਨੌਜਵਾਨ ਪੀੜੀ ਵੱਖ-ਵੱਖ ਤਰ੍ਹਾਂ ਦੇ ਨਸ਼ੇ ਜਿਵੇਂ ਕਿ ਪੋਸਤ, ਅਫੀਮ, ਸਮੈਕ, ਹੈਰੋਇਨ, ਸ਼ਰਾਬ ਅਤੇ ਹੋਰ ਨਸ਼ਿਆਂ ਦਾ ਸੇਵਨ ਕਰਨ ਦੇ ਆਦੀ ਹੋ ਜਾਂਦੇ ਹਨ, ਜੋ ਕਿ ਉਨ੍ਹਾਂ ਦੀ ਜ਼ਿੰਦਗੀ ਨਸ਼ਟ ਕਰ ਦਿੰਦੀ ਹੈ। ਉਨ੍ਹਾਂ ਕਿਹਾ ਕਿ ਗੋਲੀਆਂ, ਕੈਪਸੂਲ, ਸਿਰਪ ਜਾਂ ਕੋਈ ਹੋਰ ਮੈਡੀਸਨ ਡਾਕਟਰ ਦੀ ਸਲਾਹ ਤੋ ਬਿਨਾਂ ਨਹੀਂ ਲੈਣੀ ਚਾਹੀਦੀ ਕਿਉਂਕਿ ਡਾਕਟਰ ਦੀ ਸਲਾਹ ਤੋਂ ਬਿਨ੍ਹਾ ਕਿਸੇ ਵੀ ਦਵਾਈ ਦੀ ਵਰਤੋਂ ਘਾਤਕ ਹੋ ਸਕਦੀ ਹੈ ਅਤੇ ਇਸ ਨਾਲ ਮਨੁੱਖ ਦੀ ਸਰੀਰਕ ਅਤੇ ਮਾਨਸਿਕ ਸਥਿਤੀ ਵਿਗੜ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਜ਼ਿਲੇ 'ਚ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ, ਸਿਵਲ ਹਸਪਤਾਲ ਮਲੋਟ ਅਤੇ ਬਾਦਲ ਵਿਖੇ ਮਾਹਿਰ ਮਨੋਰੋਗ ਡਾਕਟਰਾਂ ਦੀ ਨਿਗਰਾਨੀ ਹੇਠ ਨਸ਼ਾ ਛੁਡਾਉ ਕੇਂਦਰ ਖੋਲੇ ਗਏ ਹਨ, ਜਿਥੇ ਮਰੀਜਾਂ ਦਾ ਓ.ਪੀ.ਡੀ. ਅਤੇ ਲੋੜ ਪੈਣ ਤੇ ਦਾਖਲ ਕਰਕੇ ਬਿਨ੍ਹਾਂ ਤਕਲੀਫ਼ ਮੁਫਤ ਇਲਾਜ ਕੀਤਾ ਜਾਂਦਾ ਹੈ। ਇਨ੍ਹਾਂ ਸੈਂਟਰਾਂ 'ਚ ਮਰੀਜ ਅਤੇ ਪਰਿਵਾਰ ਦੀ ਇੱਛਾ ਸ਼ਕਤੀ ਵਧਾਉਣ ਲਈ ਕਾਉਂਸਲਿੰਗ ਵੀ ਕੀਤੀ ਜਾਂਦੀ ਹੈ। ਇਸ ਸਮੇਂ ਡਾ. ਸਤੀਸ਼ ਗੋਇਲ ਡਿਪਟੀ ਮੈਡੀਕਲ ਕਮਿਸ਼ਨਰ ਨੇ ਦੱਸਿਆ ਕਿ ਨਸ਼ਾ ਛੱਡਣ ਲਈ ਇੱਛਾ ਸ਼ਕਤੀ ਨੂੰ ਮਜ਼ਬੂਤ ਕਰਨਾ ਅਤੇ ਮਨੋਰੋਗ ਮਾਹਿਰ ਡਾਕਟਰ ਦੀ ਰਾਇ ਨਾਲ ਨਸ਼ਾ ਛੱਡਣ ਤੇ ਕਿਸੇ ਕਿਸਮ ਦੀ ਕੋਈ ਵੀ ਸਰੀਰਕ ਜਾਂ ਮਾਨਸਿਕ ਤਕਲੀਫ਼ ਨਹੀਂ ਹੁੰਦੀ। ਉਨ੍ਹਾਂ ਦੱਸਿਆ ਕਿ ਘੱਟ ਨਸ਼ਾ ਲੈਣ ਵਾਲੇ ਵਿਅਕਤੀ ਬਿਨ੍ਹਾਂ ਦਾਖਲ ਹੋਏ ਡਾਕਟਰ ਦੀ ਸਲਾਹ ਨਾਲ ਬਿਨਾਂ ਤਕਲੀਫ਼ ਨਸ਼ਾ ਛੱਡ ਸਕਦੇ ਹਨ। ਸ੍ਰੀ ਗੁਰਨਾਮ ਸਿੰਘ ਕੌਂਸਲਰ ਨੇ ਦੱਸਿਆ ਕਿ ਨਸ਼ਾ ਛੱਡਣ ਤੋਂ ਬਾਅਦ ਮਰੀਜ ਦਾ ਪੁਨਰਵਾਸ ਕਰਨ ਲਈ ਸਿਹਤ ਵਿਭਾਗ ਦੁਆਰਾ ਪਿੰਡ ਥੇੜੀ ਵਿਖੇ ਪੁਨਰਵਾਸ ਸੈਂਟਰ ਬਨਾਇਆ ਗਿਆ, ਜਿਥੇ ਕਿ ਮਰੀਜ਼ ਨੂੰ ਹਰੇਕ ਤਰ੍ਹਾਂ ਦੀ ਸਹੂਲਤ ਜਿਵੇ ਕਿ ਕਾਉਂਸਲਿੰਗ, ਜਿਮ, ਟੀ.ਵੀ., ਗਰਾਉਂਡ, ਆਰ.ਓ. ਆਦਿ ਦਾ ਪ੍ਰਬੰਧ ਹੈ। ਸ੍ਰੀ ਗੁਰਤੇਜ਼ ਸਿੰਘ ਜ਼ਿਲਾ ਮਾਸ ਮੀਡੀਆ ਅਫਸਰ ਨੇ ਅਪੀਲ ਕੀਤੀ ਕਿ ਨਸ਼ਾ ਛੱਡਣ ਵਾਲੇ ਵਿਅਕਤੀ ਨਾਲ ਪਰਿਵਾਰ ਅਤੇ ਸਮਾਜ ਵੱਲੋਂ ਹਮਦਰਦੀ ਅਤੇ ਸਹਿਯੋਗ ਦੀ ਬਹੁਤ ਮਹੱਤਤਾ ਹੈ। ਇਸ ਮੌਕੇ ਸੁਖਮੰਦਰ ਸਿੰਘ ਅਤੇ ਵਿਨੋਦ ਖੁਰਾਣਾ ਮਾਸ ਮੀਡੀਆ ਅਫ਼ਸਰ, ਭਗਵਾਨ ਦਾਸ ਜ਼ਿਲਾ ਹੈਲਥ ਇੰਸਪੈਕਟਰ, ਸਕੂਲ ਅਧਿਆਪਕ, ਸਕੂਲੀ ਬੱਚੇ, ਰਾਜ ਕੁਮਾਰ, ਬਲੌਰ ਸਿੰਘ ਆਦਿ ਹਾਜ਼ਰ ਸਨ।
ਵਾਵਰੋਲੇ ਨੇ ਕੀਤਾ ਕਸਬਾ ਫਤਿਹਗੜ ਪੰਜਤੂਰ ਅਤੇ ਇਲਾਕੇ ਚ ਵੱਡਾ ਨੁਕਸਾਨ
NEXT STORY