ਬਟਾਲਾ/ਫਤਿਹਗੜ੍ਹ ਚੂੜੀਆਂ, (ਬੇਰੀ, ਬਿਕਰਮਜੀਤ, ਸਾਰੰਗਲ) - 3 ਬੱਚਿਆਂ ਦੀ ਮਾਂ ਨੂੰ ਸਹੁਰਾ ਪਰਿਵਾਰ ਵੱਲੋਂ ਕਰੰਟ ਲਾ ਕੇ ਮਾਰ ਦੇਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਅਨੁਸਾਰ ਫਤਿਹਗੜ੍ਹ ਚੂੜੀਆਂ ਦੇ ਨਜ਼ਦੀਕ ਪਿੰਡ ਵੀਲ੍ਹਾ ਤੇਜਾ ਦੇ ਜਗਰੂਪ ਸਿੰਘ ਦੀ ਪੁੱਤਰੀ ਅਮਰਜੀਤ ਕੌਰ ਦਾ ਉਸ ਦੇ ਸਹੁਰੇ ਪਰਿਵਾਰ ਵੱਲੋਂ ਬਿਜਲੀ ਦਾ ਕਰੰਟ ਲਾ ਕੇ ਉਸਦੀ ਜੀਵਣ ਲੀਲਾ ਸਮਾਪਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਲੜਕੀ ਅਮਰਜੀਤ ਕੌਰ (26) ਦੇ ਪਿਤਾ ਜਗਰੂਪ ਸਿੰਘ ਵਾਸੀ ਵੀਲ੍ਹਾ ਤੇਜਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸਦੀ ਧੀ ਅਮਰਜੀਤ ਕੌਰ ਥਾਣਾ ਰਮਦਾਸ ਅਧੀਨ ਆਉਂਦੇ ਪਿੰਡ ਮੱਤੇਨੰਗਲ ਦੇ ਲਖਵਿੰਦਰ ਸਿੰਘ ਨਾਲ ਵਿਆਹੀ ਹੋਈ ਸੀ ਅਤੇ ਕੁਝ ਸਾਲਾਂ ਤੋਂ ਲਖਵਿੰਦਰ ਸਿੰਘ ਦੇ ਕਥਿਤ ਤੌਰ 'ਤੇ ਆਪਣੀ ਕਿਸੇ ਰਿਸ਼ਤੇਦਾਰ ਲੜਕੀ ਨਾਲ ਨਾਜਾਇਜ਼ ਸਬੰਧ ਚੱਲਦੇ ਆ ਰਹੇ ਸਨ, ਜਿਸ ਕਾਰਨ ਉਨ੍ਹਾਂ ਦੇ ਘਰ 'ਚ ਅਕਸਰ ਕਲੇਸ਼ ਰਹਿੰਦਾ ਸੀ। ਇਸ ਸਬੰਧੀ ਲਖਵਿੰਦਰ ਸਿੰਘ ਨੂੰ ਕਈ ਵਾਰ ਸਮਝਾਇਆ ਪਰ ਉਹ ਨਾ ਸੁਧਰਿਆ।
ਜਗਰੂਪ ਸਿੰਘ ਨੇ ਅੱਗੇ ਦੱਸਿਆ ਕਿ ਬੁੱਧਵਾਰ ਸਵੇਰੇ ਉਨ੍ਹਾਂ ਨੂੰ ਆਪਣੀ ਧੀ ਦੀ ਜਠਾਣੀ ਦਾ ਫੋਨ ਆਇਆ ਕਿ ਉਨ੍ਹਾਂ ਦੀ ਲੜਕੀ ਅਮਰਜੀਤ ਨੂੰ ਕਰੰਟ ਲੱਗ ਗਿਆ ਹੈ ਅਤੇ ਉਸ ਨੂੰ ਪਰਿਵਾਰ ਵਾਲੇ ਫਤਿਹਗੜ੍ਹ ਚੂੜੀਆਂ ਦੇ ਹਸਪਤਾਲ 'ਚ ਲੈ ਕੇ ਚਲੇ ਗਏ ਹਨ, ਜਿਸ ਨੂੰ ਸੁਣਦੇ ਸਾਰ ਹੀ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਉਨ੍ਹਾਂ ਦੱਸਿਆ ਕਿ ਕਿ ਜਦੋਂ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਫਤਿਹਗੜ੍ਹ ਚੂੜੀਆਂ ਦੇ ਹਸਪਤਾਲ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਉਨ੍ਹਾਂ ਦੀ ਲੜਕੀ ਮ੍ਰਿਤਕ ਹਾਲਤ 'ਚ ਪਈ ਸੀ ਅਤੇ ਉਸਦਾ ਪਤੀ ਲਖਵਿੰਦਰ ਸਿੰਘ, ਨਨਾਣ ਆਦਿ ਫਰਾਰ ਹੋ ਚੁੱਕੇ ਸਨ ਪਰ ਸਾਡੇ ਪਰਿਵਾਰਕ ਮੈਂਬਰਾਂ ਨੇ ਲੜਕੀ ਦੀ ਸੱਸ ਨੂੰ ਉਥੇ ਕਾਬੂ ਕਰ ਲਿਆ। ਇਸ ਸਾਰੀ ਘਟਨਾ ਦਾ ਪਤਾ ਲੱਗਦਿਆਂ ਹੀ ਥਾਣਾ ਰਮਦਾਸ ਦੇ ਐੱਸ. ਐੱਚ. ਓ. ਪੁਲਸ ਪਾਰਟੀ ਸਮੇਤ ਹਸਪਤਾਲ 'ਚ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਮ੍ਰਿਤਕਾ ਦੀ ਸੱਸ ਨੂੰ ਆਪਣੇ ਕਬਜ਼ੇ 'ਚ ਲੈ ਲਿਆ। ਐੱਸ. ਐੱਚ. ਓ. ਨੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਪੁਲਸ ਨੇ ਥਾਣਾ ਰਮਦਾਸ 'ਚ ਸਹੁਰੇ ਪਰਿਵਾਰ ਵਿਰੁੱਧ ਕੇਸ ਦਰਜ ਕਰ ਦਿੱਤਾ ਹੈ।
ਨਾਕੇ 'ਤੇ ਤਾਇਨਾਤ ਪੁਲਸ ਮੁਲਾਜ਼ਮਾਂ ਨਾਲ ਸਵਿਫ਼ਟ ਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਕੀਤੀ ਬਦਸਲੂਕੀ
NEXT STORY