ਕਪੂਰਥਲਾ, (ਭੂਸ਼ਣ)- ਕਾਰ ਦੀ ਖਾਤਰ ਇਕ ਵਿਆਹੁਤਾ ਨੂੰ ਬੱਚੀ ਸਮੇਤ ਘਰੋਂ ਕੱਢਣ ਦੇ ਮਾਮਲੇ 'ਚ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਇਕ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਮੁਖਤਿਆਰ ਕੌਰ ਪਤਨੀ ਸ਼ਾਰਦਾ ਰਾਮ ਨਿਵਾਸੀ ਮੁਹੱਲਾ ਰਾਇਕਾ ਕਪੂਰਥਲਾ ਨੇ ਐੱਸ. ਐੱਸ. ਪੀ. ਕਪੂਰਥਲਾ ਸੰਦੀਪ ਸ਼ਰਮਾ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਦੱਸਿਆ ਕਿ ਉਹ ਪੰਜਾਬ ਪੁਲਸ 'ਚੋਂ ਹੈੱਡ ਕਾਂਸਟੇਬਲ ਦੇ ਅਹੁਦੇ ਤੋਂ ਰਿਟਾਇਰ ਹੋਈ ਹੈ। ਉਸ ਦੇ ਕੋਲ ਉਨ੍ਹਾਂ ਦੀ ਦੋਹਤੀ ਰਹਿੰਦੀ ਹੈ, ਜਿਸ ਦਾ ਸਾਲ 2015 ਵਿਚ ਉਸ ਨੇ ਮਨਪ੍ਰੀਤ ਸਿੰਘ ਪੁੱਤਰ ਦਿਆਲ ਸਿੰਘ ਨਿਵਾਸੀ ਮੁਹੱਲਾ ਪ੍ਰਤਾਪ ਸਿੰਘ ਵਾਲਾ ਹੈਬੋਵਾਲ ਰੋਡ ਸਾਹਮਣੇ ਦਾਣਾ ਮੰਡੀ ਲੁਧਿਆਣਾ ਦੇ ਨਾਲ ਵਿਆਹ ਕੀਤਾ ਸੀ । ਵਿਆਹ ਵਿਚ ਉਸ ਨੇ ਆਪਣੀ ਹੈਸੀਅਤ ਤੋਂ ਜ਼ਿਆਦਾ ਦਾਜ ਦਿੱਤਾ ਸੀ। ਮੁਲਜ਼ਮ ਮਨਪ੍ਰੀਤ ਸਿੰਘ ਨੇ ਉਸ ਦੀ ਦੋਹਤੀ ਨੂੰ ਕੁੱਟ-ਮਾਰ ਕਰ ਕੇ ਦਾਜ ਦੀ ਖਾਤਰ ਘਰੋਂ ਕੱਢ ਦਿੱਤਾ। ਉਦੋਂ ਤੋਂ ਉਸ ਦੀ ਦੋਹਤੀ ਉਸ ਕੋਲ ਰਹਿ ਰਹੀ ਹੈ । ਉਸ ਦੀ ਦੋਹਤੀ ਇਕ ਬੱਚੀ ਦੀ ਮਾਂ ਵੀ ਹੈ ਪਰ ਮਨਪ੍ਰੀਤ ਆਪਣੀ ਧੀ ਅਤੇ ਪਤਨੀ ਨੂੰ ਆਪਣੇ ਕੋਲ ਨਹੀਂ ਲੈ ਕੇ ਗਿਆ। ਇਸ ਦੌਰਾਨ ਕਈ ਵਾਰ ਪੰਚਾਇਤੀ ਤੌਰ 'ਤੇ ਵੀ ਮਨਪ੍ਰੀਤ ਨੇ ਕੁੱਟ-ਮਾਰ ਨਾ ਕਰਨ ਦਾ ਵਾਅਦਾ ਕੀਤਾ ਅਤੇ ਖਰਚਾ ਦੇਣ ਦੀ ਵੀ ਗੱਲ ਕਹੀ ਪਰ ਇਸ ਦੇ ਬਾਵਜੂਦ ਵੀ ਮਨਪ੍ਰੀਤ ਆਪਣੇ ਵਾਅਦੇ 'ਤੇ ਖਰਾ ਨਹੀਂ ਉਤਰਿਆ ਅਤੇ ਉਸ ਦੀ ਦੋਹਤੀ ਦੇ ਨਾਲ ਬੁਰਾ ਸਲੂਕ ਕਰਦਾ ਰਿਹਾ। ਇਸ ਦੌਰਾਨ ਐੱਸ. ਐੱਸ. ਪੀ. ਨੇ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਵੂਮੈਨ ਸੈੱਲ ਨੂੰ ਜਾਂਚ ਦੇ ਹੁਕਮ ਦਿੱਤੇ। ਵੂਮੈਨ ਸੈੱਲ ਅਤੇ ਫੈਮਿਲੀ ਵੈੱਲਫੇਅਰ ਕਮੇਟੀ ਨੇ ਆਪਣੀ ਜਾਂਚ ਦੌਰਾਨ ਮਨਪ੍ਰੀਤ ਸਿੰਘ ਖਿਲਾਫ ਲੱਗੇ ਸਾਰੇ ਇਲਜ਼ਾਮ ਠੀਕ ਪਾਏ, ਜਿਸ ਦੇ ਆਧਾਰ 'ਤੇ ਮਨਪ੍ਰੀਤ ਸਿੰਘ ਖਿਲਾਫ ਥਾਣਾ ਸਿਟੀ ਵਿਚ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ, ਫਿਲਹਾਲ ਮੁਲਜ਼ਮ ਦੀ ਗ੍ਰਿਫਤਾਰੀ ਨਹੀਂ ਹੋਈ ਹੈ।
'ਇਨਸਾਫ ਮੋਰਚਾ ਬਰਗਾੜੀ' 24ਵੇਂ ਦਿਨ 'ਚ ਦਾਖਲ
NEXT STORY