ਚੰਡੀਗੜ੍ਹ (ਬਿਊਰੋ) - ਪੰਜਾਬ ਦੇ ਵੱਡੇ ਸ਼ਹਿਰਾਂ ਵਿਚ ਵਗਦੇ ਖੁੱਲ੍ਹੇ ਨਾਲਿਆਂ ਦੀ ਸਮੱਸਿਆ ਨੂੰ ਢੁੱਕਵੇਂ ਢੰਗ ਨਾਲ ਹੱਲ ਕੀਤਾ ਜਾਵੇਗਾ ਤੇ ਇਨ੍ਹਾਂ ਨਾਲਿਆਂ ਨੂੰ ਗਰੀਨ ਬੈਲਟ ਵਿਚ ਤਬਦੀਲ ਕੀਤਾ ਜਾਵੇਗਾ। ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਇਥੇ ਇਹ ਪ੍ਰਗਟਾਵਾ ਪੰਜਾਬ ਸਰਕਾਰ ਤੇ ਨੈਸ਼ਨਲ ਇਨਵਾਇਰਨਮੈਂਟਲ ਇੰਜੀਨੀਅਰਿੰਗ ਰਿਸਰਚ ਇੰਸਟੀਚਿਊਟ (ਨੀਰੀ) ਦਰਮਿਆਨ ਸਹੀਬੱਧ ਕੀਤੇ ਗਏ ਇਕ ਸਮਝੌਤੇ ਮੌਕੇ ਕੀਤਾ। ਇਸ ਸਮਝੌਤੇ 'ਤੇ ਪੰਜਾਬ ਦੇ ਸਥਾਨਕ ਸਰਕਾਰਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਏ. ਵੇਣੂ ਪ੍ਰਸਾਦ ਤੇ 'ਨੀਰੀ' ਦੇ ਮੁਖੀ ਤੇ ਸਾਇੰਸਦਾਨ ਡਾ. ਐੱਸ. ਕੇ. ਗੋਇਲ ਵੱਲੋਂ ਸਹੀ ਪਾਈ ਗਈ। ਇਸ ਮੌਕੇ ਸਥਾਨਕ ਸਰਕਾਰ ਵਿਭਾਗ ਪੰਜਾਬ ਦੇ ਸਲਾਹਕਾਰ ਡਾ. ਅਮਰ ਸਿੰਘ, ਡਾਇਰੈਕਟਰ ਕਰਨੇਸ਼ ਸ਼ਰਮਾ, ਸੀ. ਈ. ਓ. ਪੰਜਾਬ ਮਿਊਂਸੀਪਲ ਇਨਫ੍ਰਾਸਟਰੱਕਚਰ ਡਿਵੈੱਲਪਮੈਂਟ ਕੰਪਨੀ (ਪੀ. ਐੱਮ. ਆਈ. ਡੀ. ਸੀ.) ਅਜੋਏ ਸ਼ਰਮਾ ਤੇ 'ਨੀਰੀ' ਦੇ ਸੀਨੀਅਰ ਸਾਇੰਸਦਾਨ ਡਾ. ਰਮਨ ਸ਼ਰਮਾ ਵੀ ਮੌਜੂਦ ਸਨ। ਸਥਾਨਕ ਸਰਕਾਰਾਂ ਮੰਤਰੀ ਨੇ ਅੱਗੇ ਦੱਸਿਆ ਕਿ ਇਨ੍ਹਾਂ ਨਾਲਿਆਂ ਦੀ ਸਫਾਈ ਦਾ ਪ੍ਰਾਜੈਕਟ ਇਸ ਵਰ੍ਹੇ ਦੇ ਮਾਰਚ ਮਹੀਨੇ ਤੋਂ ਪੜਾਅਵਾਰ ਪੰਜਾਬ ਦੇ ਸ਼ਹਿਰਾਂ 'ਚ ਸ਼ੁਰੂ ਕੀਤਾ ਜਾਵੇਗਾ, ਜਿਨ੍ਹਾਂ 'ਚ ਅੰਮ੍ਰਿਤਸਰ, ਪਟਿਆਲਾ, ਜਲੰਧਰ ਤੇ ਲੁਧਿਆਣਾ ਦਾ ਬੁੱਢਾ ਨਾਲਾ ਸ਼ਾਮਲ ਹੋਵੇਗਾ।
ਇਸ ਮੌਕੇ ਨੀਰੀ ਦੀ ਟੀਮ ਵੱਲੋਂ ਇਸ ਪ੍ਰਾਜੈਕਟ ਸਬੰਧੀ ਇਕ ਪ੍ਰੈਜ਼ੈਂਟੇਸ਼ਨ ਦਿਖਾਈ ਗਈ। ਸਿੱਧੂ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਪ੍ਰਾਜੈਕਟ ਦੇ ਮੁਕੰਮਲ ਹੋਣ ਨਾਲ ਅੱਖਾਂ ਦੀ ਕਿਰਕਿਰੀ ਬਣੇ ਗੰਦੇ ਨਾਲੇ ਸਾਫ਼ ਹੋ ਜਾਣਗੇ ਅਤੇ ਨੀਰੀ ਦੀ ਤਕਨੀਕ ਸਦਕਾ ਇਨ੍ਹਾਂ ਨਾਲਿਆਂ 'ਚ ਪੌਦੇ ਵੀ ਉਗਾਏ ਜਾਣਗੇ। ਇੰਨਾ ਹੀ ਨਹੀਂ ਸਗੋਂ ਉੱਚ ਪੱਧਰੀ ਤਕਨੀਕ ਦੀ ਮਦਦ ਨਾਲ ਪਾਣੀ ਦੀ ਸਫਾਈ ਦਾ ਕੰਮ ਵੀ ਨੇਪਰੇ ਚਾੜ੍ਹਿਆ ਜਾਵੇਗਾ।
ਸਰਕਾਰ ਦੀ ਬੇਰੁਖੀ ਖਿਲਾਫ ਪੈਨਸ਼ਨਰਾਂ ਨੇ ਕੱਢਿਆ ਰੋਸ ਮਾਰਚ
NEXT STORY