ਪਟਿਆਲਾ, (ਬਲਜਿੰਦਰ)- ਪਿੰਡ ਨਲੀਨਾ ਜ਼ਿਲਾ ਫਤਿਹਗਡ਼੍ਹ ਸਹਿਬ ਵਾਸੀ 21 ਸਾਲਾ ਲਡ਼ਕੀ ਨੂੰ ਨਸ਼ੇੇ ਵਾਲੀ ਚੀਜ਼ ਪਿਆ ਕੇ ਜਬਰ-ਜ਼ਨਾਹ ਕਰਨ ਅਤੇ ਨਸ਼ੇ ਦੀ ਹਾਲਤ ਵਿਚ ਕਈ ਦਿਨ ਖੇਤਾਂ ’ਚ ਬਣੇ ਘਰ ਵਿਚ ਰੱਖਣ ਦੇ ਦੋਸ਼ ਹੇਠ ਥਾਣਾ ਸਿਵਲ ਲਾਈਨ ਦੀ ਪੁਲਸ ਨੇ 2 ਅੌਰਤਾਂ ਸਮੇਤ 5 ਵਿਅਕਤੀਅਾਂ ਖਿਲਾਫ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਵਿਚ ਅਮਨ ਵਰਮਾ ਵਾਸੀ ਸ਼ੇਰ ਸਿੰਘ ਮਾਜਰਾ ਜ਼ਿਲਾ ਪਟਿਆਲਾ, ਕਰਮਜੀਤ ਕੌਰ ਵਾਸੀ ਦਸਮੇਸ਼ ਨਗਰ ਨੇਡ਼ੇ ਸੂਲਰ, ਮੇਲਾ ਸਿੰਘ ਵਾਸੀ ਜੰਗਪੁਰਾ ਬਨੂਡ਼, ਸੁਖਪਾਲ ਸਿੰਘ ਵਾਸੀ ਬਨੂਡ਼ ਅਤੇ ਮਾਰਸ਼ਲ ਅਰੋਡ਼ਾ ਵਾਸੀ ਜ਼ੀਰਕਪੁਰ ਸ਼ਾਮਲ ਹਨ। ਲਡ਼ਕੀ ਵੱਲੋਂ ਪੁਲਸ ਦਰਜ ਕਰਵਾਈ ਗਈ ਸ਼ਿਕਾਇਤ ਮੁਤਾਬਕ ਅਮਨ ਵਰਮਾ ਨਾਂ ਦੀ ਲਡ਼ਕੀ ਨੇ ਉਸ ਨੂੰ ਚੱਢਾ ਕੰਪਲੈਕਸ ਤ੍ਰਿਪਡ਼ੀ ਰੋਡ ਉੱਤੇ ਕੰਮ ’ਤੇ ਲਵਾ ਦਿੱਤਾ, ਜਿੱਥੇ ਉਸ ਨੇ 2 ਮਹੀਨੇ ਕੰਮ ਕੀਤਾ। ਇਸ ਤੋਂ ਬਾਅਦ ਅਮਨ ਵਰਮਾ ਉਸ ਨੂੰ ਨਵੇਂ ਬਣੇ ਦਫਤਰ ਪ੍ਰਤਾਪ ਨਗਰ ਵਿਚ ਲੈ ਗਿਆ। ਉਸ ਨੂੰ ਕੋਲਡ ਡਰਿੰਕ ਵਿਚ ਕੋਈ ਨਸ਼ੇ ਵਾਲੀ ਵਸਤੂ ਪਿਆ ਕੇ ਬੇਹੋਸ਼ ਕਰ ਦਿੱਤਾ। ਜਦੋਂ ਉਸ ਨੂੰ ਹੋਸ਼ ਆਈ ਤਾਂ ਉਹ ਲਾਗੇ ਖੇਤਾਂ ਵਿਚ ਬਣੇ ਘਰ ਵਿਚ ਸੀ। ਜਿੱਥੇ ਅਮਨ ਵਰਮਾ ਇਕ ਅਣਪਛਾਤੇ ਵਿਅਕਤੀ ਨਾਲ ਮੌਜੂਦ ਸੀ। ਅਮਨ ਨੇ ਉਸ ਵਿਅਕਤੀ ਨਾਲ ਵਿਆਹ ਕਰਵਾਉਣ ਲਈ ਕਿਹਾ ਤਾਂ ਪੀੜਤ ਲਡ਼ਕੀ ਨੇ ਮਨ੍ਹਾ ਕਰ ਦਿੱਤਾ। ਇਸ ਤੋਂ ਬਾਅਦ ਉਸ ਨੂੰ 3-4 ਦਿਨਾਂ ਤੱਕ ਨਸ਼ੇ ਦੀ ਹਾਲਤ ਵਿਚ ਰੱਖਿਆ ਗਿਆ ਅਤੇ ਬਾਅਦ ਵਿਚ ਘਰ ਭੇਜ ਦਿੱਤਾ ਗਿਆ। ਹੁਣ ਪੀੜਤਾ ਚਰਨਾਥਲ ਹਸਪਤਾਲ ਵਿਚ ਜ਼ੇਰੇ-ਇਲਾਜ ਹੈ। ਪੁਲਸ ਨੇ ਇਸ ਮਾਮਲੇ ਵਿਚ ਉਕਤ ਪੰਜਾਂ ਖਿਲਾਫ 376 ਡੀ ਅਤੇ 328 ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸ਼ਰਾਬ ਪੀਣ ਤੋਂ ਰੋਕਣ ’ਤੇ ਪਤੀ ਨੇ ਪਤਨੀ ਨੂੰ ਮਾਰੀ ਗੋਲੀ
NEXT STORY