ਮੋਗਾ, (ਪਵਨ ਗਰੋਵਰ/ਗੋਪੀ ਰਾਊਕੇ)- ਇਕ ਪਾਸੇ ਜਿੱਥੇ ਮਾਰਚ ਮਹੀਨੇ ਸੂਬੇ ਦੀ ਨਵੀਂ ਬਣੀ ਕਾਂਗਰਸ ਹਕੂਮਤ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੱਤਾ ਸੰਭਾਲਦਿਆਂ ਹੀ ਸੂਬੇ ਭਰ ਦੇ ਜ਼ਿਲਾ ਟਰਾਂਸਪੋਰਟ ਦਫਤਰਾਂ 'ਚ ਫੈਲੇ ਕਥਿਤ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਡੀ. ਟੀ. ਓ. ਦੇ ਅਹੁਦੇ ਨੂੰ ਖਤਮ ਕਰਨ ਦੇ ਹੁਕਮ ਜਾਰੀ ਕੀਤੇ ਸਨ, ਉੱਥੇ ਹੀ ਦੂਜੇ ਪਾਸੇ ਇਨ੍ਹਾਂ ਹੁਕਮਾਂ ਕਰ ਕੇ ਕਈ ਥਾਵਾਂ 'ਤੇ ਲੋਕਾਂ ਦੀ ਪ੍ਰੇਸ਼ਾਨੀ ਘਟਣ ਦੀ ਬਜਾਏ ਵਧਣ ਲੱਗੀਆਂ ਹਨ, ਜਿਸ ਕਰ ਕੇ ਲੋਕ ਪ੍ਰੇਸ਼ਾਨੀ ਦੇ ਆਲਮ 'ਚੋਂ ਲੰਘ ਰਹੇ ਹਨ।
ਅਜਿਹਾ ਹੀ ਮਾਮਲਾ ਮਾਲਵਾ ਖਿੱਤੇ ਦੀ ਧੁੰਨੀ ਵਜੋਂ ਜਾਣੇ ਜਾਂਦੇ ਮੋਗਾ ਜ਼ਿਲੇ ਦਾ ਹੈ, ਜਿੱਥੋਂ ਦੇ ਜ਼ਿਲਾ ਟਰਾਂਸਪੋਰਟ ਦਫ਼ਤਰ 'ਚ 'ਹੈਵੀ' ਵਾਹਨਾਂ ਦੇ ਲਾਇਸੈਂਸ ਬਣਨ ਅਤੇ ਰੀਨਿਊ ਕਰਵਾਉਣ ਦੀ 'ਟਰਾਈ' ਦਾ ਕੰਮ ਬੰਦ ਹੋਣ ਨਾਲ ਜ਼ਿਲੇ ਦੇ ਵਸਨੀਕਾਂ ਨੂੰ ਲਗਭਗ 55 ਕਿਲੋਮੀਟਰ ਦੂਰ ਫਰੀਦਕੋਟ ਵਿਖੇ ਜਾਣਾ ਪੈਂਦਾ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜ਼ਿਲੇ 'ਚੋਂ ਡੀ. ਟੀ. ਓ. ਦੇ ਅਹੁਦੇ ਦੀ ਪੋਸਟ ਖ਼ਤਮ ਹੋਣ ਤੋਂ ਐਨ ਮਗਰੋਂ ਜ਼ਿਲੇ ਭਰ ਦੀਆਂ ਸਮਾਜਕ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਇਹ ਮੰਗ ਜ਼ੋਰਦਾਰ ਢੰਗ ਨਾਲ ਉਠਾਈ ਸੀ ਕਿ ਸਰਕਾਰ ਭਾਵੇਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੇ ਮਨੋਰਥ ਨਾਲ ਇਹ ਅਹੁਦਾ ਤਾਂ ਖਤਮ ਕਰ ਦੇਵੇ ਪਰ ਪਹਿਲਾਂ ਇਸ ਦਫਤਰ 'ਚ ਹੋ ਰਹੇ ਕੰਮਾਂ ਨੂੰ ਫਰੀਦਕੋਟ ਸ਼ਿਫਟ ਨਾ ਕੀਤਾ ਜਾਵੇ ਪਰ ਜ਼ਿਲੇ ਦੇ ਵਸਨੀਕਾਂ ਦੀ ਇਸ ਮੰਗ ਵੱਲ ਅਜੇ ਤੱਕ ਪੰਜਾਬ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ ਹੈ, ਜਿਸ ਕਾਰਨ ਹੈਵੀ ਵਾਹਨ ਚਾਲਕਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
'ਜਗ ਬਾਣੀ' ਵੱਲੋਂ ਹਾਸਲ ਕੀਤੀ ਗਈ ਜਾਣਕਾਰੀ ਅਨੁਸਾਰ ਐੱਲ. ਟੀ. ਵੀ. ਤੋਂ ਐੱਚ. ਟੀ. ਵੀ. ਤੱਕ ਲਾਇਸੈਂਸਾਂ ਦਾ ਕੰਮ ਫਰੀਦਕੋਟ ਵਿਖੇ ਤਬਦੀਲ ਹੋਣ ਕਰ ਕੇ ਹੈਵੀ ਵਾਹਨ ਚਾਲਕ ਟਰੱਕਾਂ, ਬੱਸਾਂ ਅਤੇ ਵੱਡੀਆਂ ਗੱਡੀਆਂ ਦੇ ਮਾਲਕਾਂ ਨੂੰ ਲਾਇਸੈਂਸ ਦੀ ਟਰਾਈ ਲਈ ਫਰੀਦਕੋਟ ਤਾਂ ਜਾਣਾ ਪੈ ਹੀ ਰਿਹਾ ਹੈ, ਇੱਥੋਂ ਤੱਕ ਕਿ ਇਸ ਫੈਸਲੇ ਦੇ ਕਈ ਮਹੀਨੇ ਬੀਤਣ ਤੋਂ ਬਾਅਦ ਵੀ ਲਰਨਿੰਗ ਲਾਇਸੈਂਸਾਂ ਦਾ ਕੰਮ ਵੀ ਕਈ ਥਾਵਾਂ 'ਤੇ ਅਜੇ ਵੀ ਬੰਦ ਪਿਆ ਹੈ, ਜਿਸ ਕਰ ਕੇ ਨਿਹਾਲ ਸਿੰਘ ਵਾਲਾ ਸਬ-ਡਵੀਜ਼ਨ ਨਾਲ ਸਬੰਧਿਤ ਲੋਕਾਂ ਨੂੰ 30-35 ਕਿਲੋਮੀਟਰ ਲੰਮਾ ਪੈਂਡਾ ਸਰ ਕਰ ਕੇ ਮੋਗਾ ਨੇੜਲੇ ਪਿੰਡ ਸਿੰਘਾਂਵਾਲਾ ਵਿਖੇ ਜਾਣਾ ਪੈ ਰਿਹਾ ਹੈ।
ਭਰਥਲਾ ਦੇ ਛਿੰਞ ਮੇਲੇ 'ਚ ਝੰਡੀ ਦੀ ਕੁਸ਼ਤੀ ਰਹੀ ਬਰਾਬਰ
NEXT STORY