ਸ੍ਰੀ ਮੁਕਤਸਰ ਸਾਹਿਬ, (ਪਵਨ/ਭੁਪਿੰਦਰ, ਖੁਰਾਣਾ)- ਬੀਤੇ ਦਿਨੀਂ ਪਿੰਡ ਵੜਿੰਗ ਦੇ ਦੋ ਨੌਜਵਾਨਾਂ, ਜੋ ਪਾਈਪ ਫੈਕਟਰੀ 'ਚ ਕੰਮ ਕਰਦੇ ਸਨ, ਦੀਆਂ ਲਾਸ਼ਾਂ ਸ਼ੱਕੀ ਹਾਲਾਤ 'ਚ ਪਿੰਡ ਵੜਿੰਗ ਅਤੇ ਪਿੰਡ ਖੋਖਰ ਲਿੰਕ ਰੋਡ ਪੁਲ ਡਰੇਨ ਥੱਲੇ ਪਾਣੀ 'ਚ ਮਿਲੀਆਂ ਸਨ। ਇਸ ਸਬੰਧੀ ਪੁਲਸ ਨੂੰ ਸੂਚਨਾ ਮਿਲਣ 'ਤੇ ਜ਼ਿਲਾ ਪੁਲਸ ਮੁਖੀ ਸੁਸ਼ੀਲ ਕੁਮਾਰ, ਜਸਪਾਲ ਸਿੰਘ ਕਪਤਾਨ ਪੁਲਸ ਸਥਾਨਕ, ਗੁਰਤੇਜ ਸਿੰਘ ਉਪ-ਕਪਤਾਨ ਪੁਲਸ (ਸ. ਡ.), ਦਰਬਾਰਾ ਸਿੰਘ ਮੁੱਖ ਅਫ਼ਸਰ ਥਾਣਾ ਬਰੀਵਾਲਾ, ਇੰਸਪੈਕਟਰ ਗੁਰਿੰਦਰਜੀਤ ਸਿੰਘ ਇੰਚਾਰਜ ਸੀ. ਆਈ. ਏ. ਨੇ ਮੌਕੇ 'ਤੇ ਪਹੁੰਚ ਕੇ ਮ੍ਰਿਤਕ ਹਰਦੇਵ ਸਿੰਘ ਦੇ ਪਿਤਾ ਕ੍ਰਿਸ਼ਨ ਸਿੰਘ ਵਾਸੀ ਵੜਿੰਗ ਦੇ ਬਿਆਨਾਂ 'ਤੇ ਥਾਣਾ ਬਰੀਵਾਲਾ ਵਿਖੇ ਮਾਮਲਾ ਦਰਜ ਕੀਤਾ ਸੀ। ਮਾਮਲੇ ਦੀ ਬਾਰੀਕੀ ਨਾਲ ਜਾਂਚ ਲਈ ਬਲਜੀਤ ਸਿੰਘ ਸਿੱਧੂ ਕਪਤਾਨ ਪੁਲਸ (ਇਨਵ.) ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ 'ਚ ਉਕਤ ਅਫਸਰਾਂ ਸਮੇਤ ਇਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ।
ਇਸ ਸਬੰਧੀ ਪੁਲਸ ਨੇ ਅੱਜ ਕਤਲ ਲਈ ਜ਼ਿੰਮੇਵਾਰ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਜ਼ਿਲਾ ਪੁਲਸ ਮੁਖੀ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਜਿਸ ਦਿਨ ਤੋਂ ਇਹ ਕਤਲ ਹੋਏ ਸਨ, ਉਸੇ ਦਿਨ ਤੋਂ ਪੁਲਸ ਵੱਲੋਂ ਹਰ ਪਹਿਲੂ ਤੋਂ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ 5 ਜੂਨ ਨੂੰ ਸ਼ਾਮ 6.30 ਵਜੇ ਜਸਕਰਨ ਸਿੰਘ ਤੇ ਹਰਦੇਵ ਸਿੰਘ ਆਪਣੇ ਘਰੋਂ ਇਹ ਕਹਿ ਕੇ ਨਿਕਲੇ ਸਨ ਕਿ ਉਹ ਪਾਣੀ ਲੈਣ ਚੱਲੇ ਹਨ ਤੇ ਇਕ ਪਾਣੀ ਵਾਲਾ ਕੇਨ ਲੈ ਕੇ ਮੋਟਰਸਾਈਕਲ 'ਤੇ ਘਰੋਂ ਚਲੇ ਗਏ ਸਨ। ਅਸਲ 'ਚ ਉਹ ਪਾਣੀ ਲੈਣ ਜਾਣ ਦੀ ਬਜਾਏ ਪਿੰਡ ਵੜਿੰਗ ਤੋਂ ਬਰੀਵਾਲਾ ਲਿੰਕ ਰੋਡ 'ਤੇ ਸਥਿਤ ਰਾਜਿੰਦਰਾ ਫੀਡ ਨਾਂ ਦੀ ਇਕ ਖੁਰਾਕ ਫੈਕਟਰੀ 'ਚ ਚਲੇ ਗਏ ਸਨ, ਜਿਥੇ ਪਸ਼ੂਆਂ ਦੀ ਖੁਰਾਕ ਬਣਾਉਣ ਲਈ ਗੁੜ ਤੇ ਖੰਡ ਨੂੰ ਤਿਆਰ ਕਰਦੇ ਸਮੇਂ ਬਚਿਆ ਹੋਇਆ ਵਾਧੂ ਤਰਲ ਪਦਾਰਥ ਜਿਸ ਨੂੰ ਸੀਰਾ ਕਿਹਾ ਜਾਂਦਾ ਹੈ, ਵਰਤੋਂ 'ਚ ਲਿਆਂਦਾ ਜਾਂਦਾ ਸੀ। ਉਹ ਉਸ ਫੈਕਟਰੀ 'ਚੋਂ ਸੀਰਾ ਲੈਣ ਚਲੇ ਗਏ ਸਨ। ਪੁਲਸ ਅਨੁਸਾਰ ਇਸ ਫੈਕਟਰੀ 'ਚ ਹੀ ਦੋਵਾਂ ਦੀ ਮੌਤ ਹੋਈ। ਫੈਕਟਰੀ 'ਚ ਜਿਥੇ ਨਸੀਬ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਫਾਟਕ ਬਰੀਵਾਲਾ, ਸੁਖਚੈਨ ਸਿੰਘ ਉਰਫ ਚੈਨਾ ਪੁੱਤਰ ਹਰਬੰਸ ਸਿੰਘ ਵਾਸੀ ਸਰਾਂਏਨਾਗਾ ਅਤੇ ਬਲਵੰਤ ਸਿੰਘ ਉਰਫ ਲਾਖਾ ਪੁੱਤਰ ਕਰਨੈਲ ਸਿੰਘ ਵਾਸੀ ਵੜਿੰਗ ਕੰਮ ਕਰਦੇ ਸਨ। ਪੁਲਸ ਅਨੁਸਾਰ ਉਕਤ ਤਿੰਨਾਂ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ ਤੇ ਇਹ ਤਿੰਨੇ ਫਰਾਰ ਹੋਣ ਦੀ ਤਾਕ 'ਚ ਸਨ ਤੇ ਤਿੰਨਾਂ ਨੂੰ ਪੁਲਸ ਨੇ ਕਾਬੂ ਕਰ ਲਿਆ ਹੈ।
ਪੁਲਸ ਵੱਲੋਂ ਕਤਲ 'ਚ ਵਰਤੀ ਕਾਰ, ਮ੍ਰਿਤਕਾਂ ਦੇ ਕੱਪੜੇ, ਕੇਨ ਤੇ ਮੋਟਰਸਾਈਕਲ ਬਰਾਮਦ ਕਰ ਲਿਆ ਗਿਆ ਹੈ। ਪੁਲਸ ਅਨੁਸਾਰ ਮਾਣਯੋਗ ਅਦਾਲਤ ਵਿਚ ਉਕਤ ਤਿੰਨਾਂ ਦੋਸ਼ੀਆਂ ਦਾ ਪੁਲਸ ਰਿਮਾਂਡ ਹਾਸਲ ਕਰ ਕੇ ਕਤਲ ਦੇ ਕਾਰਨਾਂ ਬਾਰੇ ਪੁੱਛਗਿੱਛ ਕੀਤੀ ਜਾਵੇਗੀ।
ਕਹੀ ਨਾਲ ਨੂੰਹ ਦਾ ਕਤਲ
NEXT STORY